Free Electricity Units: ਪੰਜਾਬ ਸਰਕਾਰ (Punjab government) ਤੋਂ ਕਿਸੇ ਹੋਰ ਤਬਕੇ ਦੇ ਲੋਕਾਂ ਦੇ ਖੁਸ਼ ਹੋਣ ਦਾ ਤਾਂ ਪਤਾ ਨਹੀਂ ਪਰ ਇਸ ਸਰਕਾਰ ਤੋਂ ਔਰਤਾਂ ਕਾਫੀ ਖੁਸ਼ ਨਜ਼ਰ ਆ ਰਹੀਆਂ ਹਨ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਪਹਿਲਾਂ ਤਾਂ ਔਰਤਾਂ ਨੂੰ ਫਰੀ ਬੱਸ ਟ੍ਰੇਵਲ (Free Bus Travel) ਦੀ ਸਹੂਲਤ ਦੇ ਕੇ ਆਪਣੇ ਪੱਖ ‘ਚ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਚੋਣਾਂ ਦੌਰਾਨ ਦੋ ਮਹੀਨੇ ਫਰੀ 600 ਯੂਨਿਟ ਬਿਜਲੀ ਨੇ ਵੀ ਔਰਤਾਂ ਦੇ ਚਹਿਰੇ ਖੁਸ਼ੀ ਨਾਲ ਲਾਲ ਕਰ ਦਿੱਤੇ ਹਨ।
ਪੰਜਾਬ ਵਿਚ ਆਪ ਸਰਕਾਰ ਨੇ ਆਪਣਾ ਚੋਣ ਵਾਅਦਾ ਪੂਰਾ ਕਰਦੇ ਹੋਏ ਬਿਜਲੀ ਖਪਤਕਾਰਾਂ (electricity consumers) ਦੀਆਂ 300 ਯੂਨਿਟ ਪ੍ਰਤੀ ਮਹੀਨਾ ਤੱਕ ਬਿੱਲ ਮੁਆਫ ਕੀਤੇ। ਇਸੇ ਸਿਲਸਿਲੇ ‘ਚ ਸੂਬੇ ਦੇ ਲੋਕਾਂ ਦਾ 2 ਮਹੀਨਿਆਂ ਬਾਅਦ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ।
ਸੂਬੇ ਦੇ ਲੋਕ ਬਿਜਲੀ ਦਾ ਬਿੱਲ ਜ਼ੀਰੋ ਆਉਣ ‘ਤੇ ਲੋਕਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਹਨ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਗੜ੍ਹਸ਼ੰਕਰ ਦੀ ਦੱਸੀ ਜਾ ਰਹੀ ਹੈ। ਜਿਸ ‘ਚ ਕੁਝ ਔਰਤਾਂ ਆਪਣੇ ਹੱਥਾਂ ਵਿਚ ਬਿਜਲੀ ਬਿੱਲ ਫੜੀ ਜਸ਼ਨ ਮਨਾ ਰਹੀਆਂ ਹਨ। ਉਹ ਬੋਲੀਆਂ ਪਾ ਰਹੀਆਂ ਹਨ-ਨੱਚੋ-ਨੱਚੋ-ਨੱਚੋ, ਬਿੱਲ ਜ਼ੀਰੋ-ਜ਼ੀਰੋ ਆਇਆ ਹੈ।
ਇਸ ਮੌਕੇ ਉਹ ਪੰਜਾਬ ਸਰਕਾਰ ਤੇ ਸਥਾਨਕ ਆਗੂਆਂ ਦਾ ਧੰਨਵਾਦ ਵੀ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ 5 ਤੋਂ 7 ਹਜ਼ਾਰ ਤੱਕ ਬਿੱਲ ਆਉਂਦਾ ਸੀ ਜੋ ਉਨ੍ਹਾਂ ਲਈ ਭਰਨਾ ਔਖਾ ਹੋ ਜਾਂਦਾ ਸੀ। ਪਰ ਹੁਣ ਪਹਿਲੀ ਵਾਰੀ ਉਨ੍ਹਾਂ ਨੂੰ ਜ਼ੀਰੋ ਬਿੱਲ ਆਇਆ ਹੈ ਤੇ ਉਨ੍ਹਾਂ ਤੋਂ ਖੁਸ਼ੀ ਸਾਂਭੀ ਨਹੀਂ ਜਾ ਰਹੀ।
ਦੱਸ ਦਈਏ ਕਿ ਪੰਜਾਬ ‘ਚ ਇਸ ਵਾਰ 50 ਲੱਖ ਤੋਂ ਵੱਧ ਖਪਤਕਾਰਾਂ ਦੇ ਬਿੱਲ ਜ਼ੀਰੋ ‘ਤੇ ਆਏ ਹਨ। ਪੰਜਾਬ ਵਿੱਚ ਕਰੀਬ 72 ਲੱਖ ਘਰੇਲੂ ਖਪਤਕਾਰ ਹਨ ਤੇ ਕਰੀਬ 70 ਫੀਸਦੀ ਲੋਕਾਂ ਦਾ ਬਿੱਲ ਜ਼ੀਰੋ ‘ਤੇ ਆਇਆ ਹੈ।