State Public Procurement Portal: ਬੋਲੀਕਾਰਾਂ ਨਾਲ ਨਿਰਪੱਖ ਤੇ ਬਰਾਬਰੀ ਵਾਲਾ ਵਤੀਰਾ ਯਕੀਨੀ ਬਣਾਉਣ ਅਤੇ ਪ੍ਰੋਕਿਊਰਮੈਂਟ ਪ੍ਰਣਾਲੀ ਵਿੱਚ ਕੁਸ਼ਲਤਾ ਅਤੇ ਪਾਰਦਰਸ਼ਤਾ ਯਕੀਨੀ ਬਨਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਪੁੱਟਦਿਆਂ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਵੱਲੋਂ ਸਟੇਟ ਪਬਲਿਕ ਪ੍ਰੋਕਿਉਰਮੈਂਟ ਪੋਰਟਲ (ਐਸਪੀਪੀਪੀ) ਦੀ ਸ਼ੁਰੂਆਤ ਕੀਤੀ ਗਈ।
ਇਹ ਪੋਰਟਲ ਪੰਜਾਬ ਦੇ ਵਿੱਤ ਵਿਭਾਗ ਨੇ ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐਨਆਈਸੀ) ਦੇ ਸਹਿਯੋਗ ਨਾਲ ਤਿਆਰ ਕੀਤਾ ਹੈ। ਸਟੇਟ ਅਕਾਊਂਟ ਸਰਵਿਸਿਜ (ਐਸਏਐਸ) ਅਧਿਕਾਰੀਆਂ ਲਈ ਕਰਵਾਏ ਗਏ ਇੱਕ ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਪੋਰਟਲ ਦੀ ਸ਼ੁਰੂਆਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਟ੍ਰਾਂਸਪਰੇਸੀ ਇਨ ਪਬਲਿਕ ਪ੍ਰੋਕਿਉਰਮੈਂਟ ਐਕਟ, 2019 ਦੀ ਧਾਰਾ 43 ਤਹਿਤ ਸਟੇਟ ਪਬਲਿਕ ਪ੍ਰੋਕਿਉਰਮੈਂਟ ਪੋਰਟਲ ਸਥਾਪਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਪੋਰਟਲ ਦਾ ਮੁੱਖ ਮੰਤਵ ਪ੍ਰੋਕਿਉਰਮੈਂਟ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਲਿਆਉਣਾ ਹੈ। ਪੰਜਾਬ ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਇਹ ਪੋਰਟਲ ਬੁਨਿਆਦੀ ਟੈਂਡਰ ਵੇਰਵਿਆਂ (ਮੌਜੂਦਾ ਐਕਟਿਵ ਟੈਂਡਰ, ਓਪਨਿੰਗ/ਕਲੋਜ਼ਿੰਗ ਟੈਂਡਰ ਅਤੇ ਰੱਦ ਕੀਤੇ ਟੈਂਡਰ), ਬੋਲੀ ਸਬੰਧੀ ਦਸਤਾਵੇਜ਼, ਐਕਟਿਵ ਕੋਰੀਜੈਂਡਮ, ਐਕਟ ਅਤੇ ਨਿਯਮ, ਅਪੀਲ ਅਤੇ ਇਸ ਦੀਆਂ ਪ੍ਰਕਿਰਿਆਵਾਂ, ਸਾਲਾਨਾ ਪ੍ਰੋਕਿਉਰਮੈਂਟ ਯੋਜਨਾਵਾਂ, ਉਨ੍ਹਾਂ ਬੋਲੀਕਾਰਾਂ ਦੀ ਸੂਚੀ ਜਿਨ੍ਹਾਂ ਨੇ ਪੂਰਵ-ਯੋਗਤਾ ਜਾਂ ਬੋਲੀਕਾਰ ਰਜਿਸਟ੍ਰੇਸ਼ਨ ਦੌਰਾਨ ਬੋਲੀ ਪੇਸ਼ ਕੀਤੀ, ਪ੍ਰੀ-ਕੁਆਲੀਫਾਈਡ ਅਤੇ ਰਜਿਸਟਰਡ ਬੋਲੀਕਾਰਾਂ ਦੀ ਸੂਚੀ, ਕਾਰਨਾਂ ਸਮੇਤ ਸੈਕਸ਼ਨ 24 ਅਧੀਨ ਬਾਹਰ ਰੱਖੇ ਗਏ ਬੋਲੀਕਾਰਾਂ ਦੀ ਸੂਚੀ, ਐਕਟ ਦੀ ਧਾਰਾ 49 ਅਤੇ 50 ਅਧੀਨ ਲਾਜ਼ਮੀ ਅਪੀਲਾਂ ਬਾਰੇ ਫੈਸਲੇ, ਸਫਲ ਬੋਲੀਆਂ ਦੇ ਵੇਰਵੇ; ਉਹਨਾਂ ਦੀਆਂ ਕੀਮਤਾਂ ਅਤੇ ਬੋਲੀਕਾਰ, ਅਤੇ ਕਾਲੀ ਸੂਚੀ ਵਿੱਚ ਸ਼ਾਮਿਲ ਬੋਲੀਕਾਰਾਂ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ।
To ensure efficiency, economy, transparency, fair and equitable treatment of bidders, Finance Minister Advocate @HarpalCheemaMla launched the State Public Procurement Portal. Punjab Finance department has developed this portal in collaboration with National Informatics Centre. pic.twitter.com/j8OEAqGzGZ
— Government of Punjab (@PunjabGovtIndia) July 19, 2023
ਪੋਰਟਲ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਐਸਪੀਪੀਪੀ ਪ੍ਰੋਕਿਉਰਮੈਂਟ ਪ੍ਰਕ੍ਰਿਆ ਵਿੱਚ ਮੁਕਾਬਲੇ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਪ੍ਰੋਕਿਉਰਮੈਂਟ ਕਰਨ ਵਾਲੀ ਹਰੇਕ ਇਕਾਈ ਇਸ ਪੋਰਟਲ ‘ਤੇ ਪ੍ਰੋਕਿਉਰਮੈਂਟ ਸੰਬੰਧੀ ਜਾਣਕਾਰੀ ਪ੍ਰਕਾਸ਼ਿਤ ਕਰਨਾ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ-ਨਾਲ ਪ੍ਰੋਕਿਉਰਮੈਂਟ ਕਰਨ ਵਾਲੀਆਂ ਸਾਰੀਆਂ ਇਕਾਈਆਂ ਹਰ ਵਿੱਤੀ ਸਾਲ ਦੀ ਸ਼ੁਰੂਆਤ ਵਿੱਚ ਪੋਰਟਲ ‘ਤੇ ਆਪਣੀਆਂ ਪ੍ਰੋਕਿਉਰਮੈਂਟ ਯੋਜਨਾਵਾਂ ਵੀ ਪ੍ਰਕਾਸ਼ਤ ਕਰਨਗੀਆਂ।
ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਐਸਏਐਸ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਿੱਤੀ ਸੁਧਾਰਾਂ ਅਤੇ ਤਕਨੀਕੀ ਕਾਢਾਂ ਨੂੰ ਅਪਣਾ ਕੇ ਸੂਬੇ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਵਚਨਬੱਧ ਹੈ। ਉਨ੍ਹਾਂ ਅਧਿਕਾਰੀਆਂ ਨੂੰ ਸਿਖਲਾਈ ਪ੍ਰੋਗਰਾਮਾਂ ਰਾਹੀਂ ਆਪਣੇ ਪੇਸ਼ੇਵਰ ਹੁਨਰ ਨੂੰ ਅੱਪਡੇਟ ਕਰਦੇ ਰਹਿਣ ਅਤੇ ਆਪਣੀ ਪੇਸ਼ੇਵਰ ਯੋਗਤਾ ਨੂੰ ਵਧਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਐਸ.ਏ.ਐਸ. ਦੇ ਅਧਿਕਾਰੀਆਂ ਲਈ ਇੱਕ ਸਿਖਲਾਈ ਨੀਤੀ ਵਿਚਾਰ ਅਧੀਨ ਹੈ ਤਾਂ ਜੋ ਨਵੀਨਤਮ ਆਈ.ਟੀ. ਅਤੇ ਹੋਰ ਤਕਨੀਕਾਂ ਅਤੇ ਪ੍ਰੋਫੈਸ਼ਨਲ ਲੋੜਾਂ ਅਨੁਸਾਰ ਉਨ੍ਹਾਂ ਦੀ ਵਿੱਤੀ ਪ੍ਰਬੰਧਨ ਦੀ ਕੁਸ਼ਲਤਾ ਵਿੱਚ ਸੁਧਾਰ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਆਪਣੇ ਸੁਝਾਅ ਅਤੇ ਜ਼ਮੀਨੀ ਪੱਧਰ ‘ਤੇ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਸਾਂਝੀ ਕਰਨ ਦਾ ਵੀ ਸੱਦਾ ਦਿੱਤਾ।
ਇਸ ਮੌਕੇ ਕਰਵਾਇਆ ਗਿਆ ਓਰੀਐਂਟੇਸ਼ਨ ਪ੍ਰੋਗਰਾਮ ਐਸ.ਏ.ਐਸ ਅਧਿਕਾਰੀਆਂ ਨੂੰ ਆਈ.ਐਫ.ਐਮ.ਐਸ ਅਤੇ ਆਈ.ਐਚ.ਆਰ.ਐਮ.ਐਸ ਦੇ ਨਵੇਂ ਮਾਡਿਊਲਾਂ ਬਾਰੇ ਜਾਣੂ ਕਰਵਾਉਣ ‘ਤੇ ਕੇਂਦਰਿਤ ਸੀ, ਜੋ ਸਰਕਾਰੀ ਕੰਮਕਾਜ ਵਿੱਚ ਵਧੇਰੇ ਪਾਰਦਰਸ਼ਤਾ, ਜਵਾਬਦੇਹੀ ਅਤੇ ਗਤੀ ਲਿਆਉਣ ਲਈ ਤਿਆਰ ਕੀਤੇ ਗਏ ਹਨ। ਇਸ ਦੌਰਾਨ ਅਧਿਕਾਰੀਆਂ ਨੂੰ ਬਿਨਾਂ ਕਿਸੇ ਦਬਾਅ ਅੱਗੇ ਝੁਕ ਕੇ ਆਪਣੀ ਡਿਊਟੀ ਨਿਯਮਾਂ ਅਨੁਸਾਰ ਨਿਭਾਉਣ ਲਈ ਕਿਹਾ ਗਿਆ ਅਤੇ ਇਹ ਸੰਦੇਸ਼ ਵੀ ਦਿੱਤਾ ਗਿਆ ਕਿ ਕੰਮਕਾਜ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਵਿੱਤ ਅਜੋਏ ਕੁਮਾਰ ਸਿਨਹਾ, ਸਕੱਤਰ ਵਿੱਤ ਦੀਪਰਵਾ ਲਾਕਰਾ, ਸਕੱਤਰ ਖਰਚਾ ਕਮ ਡਾਇਰੈਕਟਰ ਖਜ਼ਾਨਾ ਜਨਾਬ ਮੁਹੰਮਦ ਤਇਅਬ, ਵਿਸ਼ੇਸ਼ ਸਕੱਤਰ ਵਿੱਤ ਯਸ਼ਨਜੀਤ ਸਿੰਘ ਅਤੇ ਸਹਾਇਕ ਡਾਇਰੈਕਟਰ ਖਜਾਨਾ ਸਿਮਰਜੀਤ ਕੌਰ ਵੀ ਹਾਜ਼ਰ ਰਹੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h