Punjab Arrangements in Mandis: ਪਿਛਲੇ ਦਿਨੀਂ ਮੌਸਮ ਨੇ ਅਚਾਨਕ ਲਈ ਕਰਵਟ ਨੇ ਜਿੱਥੇ ਮੌਸਮ ‘ਚ ਠੰਢਕ ਵਧਾਈ ਇਸ ਦੇ ਨਾਲ ਹੀ ਸੋਮਵਾਰ ਨੂੰ ਪਏ ਭਾਰੀ ਮੀਂਹ (heavy rain) ਨੇ ਪੰਜਾਬ ਸਰਕਾਰ (Punjab Government) ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਪੰਜਾਬ ਦੀਆਂ ਮੰਡੀਆਂ (Punjab Mandis) ‘ਚ ਖੁੱਲ੍ਹੇ ਅਸਮਾਨ ਹੇਠ ਪਈ ਫ਼ਸਲ ਦੇ ਡੁੱਬਣ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ। ਕਿਸਾਨਾਂ ਨੇ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਨਾ ਕੀਤੇ ਜਾਣ ‘ਤੇ ਰੋਸ ਪ੍ਰਗਟਾਇਆ।
ਸੂਬੇ ਦੀਆਂ ਖੰਨਾ, ਫਤਹਿਗੜ੍ਹ ਸਾਹਿਬ, ਗੋਬਿੰਦਗੜ੍ਹ, ਅਮਲੋਹ ਅਤੇ ਲੁਧਿਆਣਾ ਦੀਆਂ ਮੰਡੀਆਂ ਵਿੱਚ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਝੋਨਾ ਭਿੱਜ ਗਿਆ। ਸੰਗਰੂਰ ਮੰਡੀ ਦੀ ਹਾਲਤ ਸਭ ਤੋਂ ਮਾੜੀ ਰਹੀ। ਇੱਥੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੰਡੀ ‘ਚ ਗੋਡਿਆਂ ਤੱਕ ਪਾਣੀ ਭਰ ਗਿਆ। ਝੋਨਾ ਲੈ ਕੇ ਸੰਗਰੂਰ ਮੰਡੀ ਪੁੱਜੇ ਕਿਸਾਨਾਂ ਦਾ ਦੋਸ਼ ਹੈ ਕਿ ਦੋ ਦਿਨ ਪਹਿਲਾਂ ਉਹ ਫ਼ਸਲ ਵੇਚਣ ਆਏ ਸੀ ਪਰ ਬੋਲੀ ਨਹੀਂ ਹੋਈ। ਹੁਣ ਮੀਂਹ ਨੇ ਉਨ੍ਹਾਂ ਦੀਆਂ ਮੁਸੀਬਤਾਂ ਵਿੱਚ ਹੋਰ ਵਾਧਾ ਕਰ ਦਿੱਤਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਅਧਿਕਾਰੀ ਥੋਰੀ ਜਿਹੀ ਨਮੀ ਹੋਣ ‘ਤੇ ਝੋਨਾ ਖਰੀਦਣ ਤੋਂ ਇਨਕਾਰ ਕਰਦੇ ਹਨ। ਕਿਸਾਨਾਂ ਨੇ ਦੱਸਿਆ ਕਿ ਉਹ ਸੋਮਵਾਰ ਨੂੰ ਇੱਥੇ ਆਏ ਸੀ ਅਤੇ ਉਨ੍ਹਾਂ ਦੀ ਕਰੀਬ 12 ਤੋਂ 15 ਕੁਇੰਟਲ ਫਸਲ ਮੀਂਹ ਨਾਲ ਰੁੜ੍ਹ ਗਈ ਹੈ।
ਸੁਨਾਮ ਊਧਮ ਸਿੰਘ ਵਾਲਾ ਵਿੱਚ ਵੀ ਮੌਸਮ ਕਰਕੇ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਖੇਤਾਂ ਤੋਂ ਇਲਾਵਾ ਅਨਾਜ ਮੰਡੀਆਂ ਵਿੱਚ ਝੋਨਾ ਪਹੁੰਚਣ ਕਾਰਨ ਨਮੀ ਵੱਧ ਗਈ ਹੈ। ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਦਰਬਾਰਾ ਸਿੰਘ, ਜਸਵੀਰ ਸਿੰਘ ਨੇ ਕਿਹਾ ਕਿ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀਆਂ ਆਰਥਿਕ ਮੁਸ਼ਕਲਾਂ ਵਧਾ ਦਿੱਤੀਆਂ ਹਨ।
ਖੰਨਾ ਮੰਡੀ ‘ਚ ਵੀ ਭਿੱਜਿਆ ਝੋਨਾ
ਝੋਨੇ ਵਿੱਚ ਨਮੀ ਅਤੇ ਕਾਲੇ ਧੱਬੇ ਪੈਣ ਦਾ ਡਰ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਸਲੇਮ ਟਾਬਰੀ ਅਤੇ ਗਿੱਲ ਰੋਡ ਦੀ ਦਾਣਾ ਮੰਡੀ ਵਿੱਚ ਝੋਨਾ ਵੇਚਣ ਆਏ ਕਿਸਾਨਾਂ ਨੇ ਦੱਸਿਆ ਕਿ ਮੰਡੀਆਂ ਵਿੱਚ ਨਾ ਤਾਂ ਤਰਪਾਲ ਹੈ ਅਤੇ ਨਾ ਹੀ ਕਰੇਟ। ਸਤਨਾਮ ਸਿੰਘ ਅਤੇ ਜਸਵੀਰ ਨੇ ਦੱਸਿਆ ਕਿ ਅਜੇ ਤੱਕ ਮੰਡੀ ਵਿੱਚ ਬਹੁਤੀ ਫ਼ਸਲ ਨਹੀਂ ਆਈ। ਜੇਕਰ ਇਹੀ ਹਾਲ ਰਿਹਾ ਤਾਂ ਅੱਗੇ ਕੀ ਹੋਵੇਗਾ? ਬਰਦਾਨਾ ਵੀ ਪੂਰਾ ਨਹੀਂ ਹੈ। ਮੰਡੀਆਂ ਵਿੱਚ ਝੋਨੇ ਨੂੰ ਗਿੱਲਾ ਹੋਣ ਤੋਂ ਬਚਾਉਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ।
ਇਸ ਸਾਲ 30 ਲੱਖ ਹੈਕਟੇਅਰ ਰਕਬੇ ‘ਤੇ ਝੋਨਾ
ਖੇਤੀਬਾੜੀ ਵਿਭਾਗ ਮੁਤਾਬਕ ਇਸ ਵਾਰ ਪੰਜਾਬ ਵਿੱਚ ਕਰੀਬ 30 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਫ਼ਸਲ ਬੀਜੀ ਗਈ ਹੈ। ਮੀਂਹ ਕਾਰਨ ਖੇਤਾਂ ਦੀ ਮਿੱਟੀ ਗਿੱਲੀ ਹੋ ਗਈ ਹੈ। ਜੇਕਰ ਕੰਬਾਈਨ ਨਾ ਚੱਲੇ ਤਾਂ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਦੀ ਕਟਾਈ ਵਿੱਚ ਵੀ ਦੇਰੀ ਹੋ ਜਾਵੇਗੀ।