- ਸਿੱਖਿਆ ਤੇ ਰੋਕਥਾਮ ਇਸ ਨਿਰਣਾਇਕ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਸਭ ਤੋਂ ਸ਼ਕਤੀਸ਼ਾਲੀ ਹਥਿਆਰ: ਹਰਜੋਤ ਸਿੰਘ ਬੈਂਸ
- ਅਗਲੇ ਅਕਾਦਮਿਕ ਸੈਸ਼ਨ ਤੋਂ ਸੀਨੀਅਰ ਸਕੈਂਡਰੀ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਸ਼ੇਸ਼ ਪਾਠਕ੍ਰਮ ਰਾਹੀਂ ਜਾਗਰੂਕ ਕੀਤਾ ਜਾਵੇਗਾ: ਹਰਜੋਤ ਸਿੰਘ ਬੈਂਸ
- ਮਨ ਦਾ ਅਨੁਸ਼ਾਸਨ ਮਜ਼ਬੂਤ ਕਰਨ ਲਈ ਮੋਹਾਲੀ ਦੇ ਸਕੂਲਾਂ ਵਿੱਚ ਪਾਇਲਟ ਅਧਾਰ ’ਤੇ ਰੋਜ਼ਾਨਾ ਦਾ ‘ਧਿਆਨ ਸੈਸ਼ਨ’ ਸ਼ੁਰੂ ਕੀਤਾ ਜਾਵੇਗਾ: ਹਰਜੋਤ ਸਿੰਘ ਬੈਂਸ
- ਸਕੂਲ ਅਤੇ ਅਧਿਆਪਕ ਪੰਜਾਬ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਪਹਿਲੀ ਕਤਾਰ ਦਾ ਸੁਰੱਖਿਆ ਕਵਚ ਹੋਣਗੇ: ਹਰਜੋਤ ਸਿੰਘ ਬੈਂਸ
ਚੰਡੀਗੜ੍ਹ/ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 9 ਜਨਵਰੀ 2026 : ਸੂਬੇ ਵਿੱਚ ਜਾਰੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ, ਪੰਜਾਬ ਸਰਕਾਰ ਨੇ ਨਸ਼ਾ ਸਮੱਸਿਆ ਦੀ ਜੜ੍ਹ ’ਤੇ ਵਾਰ ਕਰਦੇ ਹੋਏ ਸਿੱਖਿਆ ਅਤੇ ਰੋਕਥਾਮ ’ਤੇ ਕੇਂਦਰਿਤ ਇੱਕ ਵਿਸਤ੍ਰਿਤ ਸਕੂਲ-ਅਧਾਰਿਤ ਐਕਸ਼ਨ ਪ੍ਰੋਗਰਾਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ, ਜਿਸ ਦਾ ਮਕਸਦ ਨਾਜ਼ੁਕ ਨੌਜਵਾਨ ਮਨਾਂ ਨੂੰ ਸੁਰੱਖਿਅਤ ਕਰਨਾ ਹੈ। ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲਾਗੂ ਕੀਤੀ ਜਾ ਰਹੀ ਇਸ ਪਹਿਲ ਵਿੱਚ ਸਕੂਲਾਂ ਅਤੇ ਅਧਿਆਪਕਾਂ ਨੂੰ ਨਸ਼ਿਆਂ ਵਿਰੁੱਧ ਲੰਬੇ ਸਮੇਂ ਦੀ ਲੜਾਈ ਵਿੱਚ ਪਹਿਲੀ ਕਤਾਰ ਦੇ ਸੁਰੱਖਿਆ ਕਵਚ ਵਜੋਂ ਤਿਆਰ ਕੀਤਾ ਜਾਵੇਗਾ।
ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ, ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਦਿੱਲੀ ਦੀ ਸਿੱਖਿਆ ਕ੍ਰਾਂਤੀ ਦੇ ਮੋਢੀ ਸ੍ਰੀ ਮਨੀਸ਼ ਸਿਸੋਦੀਆ ਦੇ ਨਾਲ, ਮੋਹਾਲੀ ਦੇ ਫੇਜ਼ 3ਬੀ1 ਵਿਖੇ ਸਕੂਲ ਆਫ ਐਮੀਨੈਂਸ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਚੱਲ ਰਹੇ ਸਮਰਥਾ ਵਿਕਾਸ ਸਿਖਲਾਈ ਸੈਸ਼ਨ ਦੌਰਾਨ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨਾਲ ਸੰਵਾਦ ਕਰਨ ਪੁੱਜੇ ਸਨ। ਇਸ ਮੌਕੇ ਦੋਵੇਂ ਨੇਤਾਵਾਂ ਨੇ ਪ੍ਰੋਗਰਾਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਮੌਜੂਦ ਅਧਿਆਪਕਾਂ ਨਾਲ ਆਉਣ ਵਾਲੇ ਸਮੇਂ ਦੀ ਰਣਨੀਤੀ ਸਾਂਝੀ ਕੀਤੀ।
ਸਰਕਾਰ ਦੇ ਦ੍ਰਿਸ਼ਟੀਕੋਣ ਬਾਰੇ ਜਾਣਕਾਰੀ ਦਿੰਦਿਆਂ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਅਸਲ ਅਤੇ ਸਥਾਈ ਜਿੱਤ ਉਦੋਂ ਹੀ ਸੰਭਵ ਹੈ ਜਦੋਂ ਅੱਲ੍ਹੜ ਪਨੀਰੀ ਨੂੰ ਨਸ਼ਿਆਂ ਦੀ ਲਪੇਟ ਵਿੱਚ ਆਉਣ ਤੋਂ ਪਹਿਲਾਂ ਹੀ ਬਚਾਅ ਲਿਆ ਜਾਵੇ। ਉਨ੍ਹਾਂ ਕਿਹਾ, “ਇਸ ਨਿਰਣਾਇਕ ਯੁੱਧ ਵਿੱਚ ਸਿੱਖਿਆ ਅਤੇ ਰੋਕਥਾਮ ਸਾਡੇ ਸਭ ਤੋਂ ਵੱਡੇ ਹਥਿਆਰ ਹਨ। ਜਾਗਰੂਕਤਾ, ਨੈਤਿਕਤਾ ਅਤੇ ਅਨੁਸ਼ਾਸਨ ਰਾਹੀਂ ਨੌਜਵਾਨ ਕੋਮਲ ਮਨਾਂ ਦੀ ਅਜਿਹੀਆਂ ਅਲਾਮਤਾਂ ਤੋਂ ਸੁਰੱਖਿਆ ਕਰਨਾ ਹੀ ਪੰਜਾਬ ਤੋਂ ਨਸ਼ਿਆਂ ਨੂੰ ਖਤਮ ਕਰਨ ਦਾ ਟਿਕਾਊ ਰਾਹ ਹੈ।”
ਸਿੱਖਿਆ ਮੰਤਰੀ ਨੇ ਐਲਾਨ ਕੀਤਾ ਕਿ ਆਉਣ ਵਾਲੇ ਅਕਾਦਮਿਕ ਸੈਸ਼ਨ ਤੋਂ ਪੰਜਾਬ ਭਰ ਦੀਆਂ ਸੀਨੀਅਰ ਸਕੈਂਡਰੀ (ਗਿਆਰ੍ਹਵੀਂ ਤੇ ਬਾਰ੍ਹਵੀਂ) ਕਲਾਸਾਂ ਵਿੱਚ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਇੱਕ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਪਾਠਕ੍ਰਮ ਰਾਹੀਂ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ, “ਇਸ ਸੰਗਠਿਤ ਦਖਲ ਨਾਲ ਵਿਦਿਆਰਥੀਆਂ ਨੂੰ ਉਮਰ-ਮੁਤਾਬਕ, ਤੱਥਾਤਮਕ ਅਤੇ ਨੈਤਿਕ ਮੁੱਲ-ਆਧਾਰਿਤ ਸਿੱਖਿਆ ਮਿਲੇਗੀ, ਜਿਸ ਨਾਲ ਉਹ ਸੋਚ-ਸਮਝ ਕੇ ਜ਼ਿੰਮੇਵਾਰੀ ਵਾਲੇ ਫੈਸਲੇ ਲੈ ਸਕਣਗੇ।”
ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਮੋਹਾਲੀ ਜ਼ਿਲ੍ਹੇ ਤੋਂ ਪਾਇਲਟ ਪ੍ਰੋਜੈਕਟ ਦੇ ਤੌਰ ’ਤੇ ਰੋਜ਼ਾਨਾ ਧਿਆਨ (ਮੈਡੀਟੇਸ਼ਨ) ਸੈਸ਼ਨ ਸ਼ੁਰੂ ਕਰੇਗੀ। ਉਨ੍ਹਾਂ ਕਿਹਾ, “ਸਕੂਲ ਵਿੱਚ ਵਿਦਿਆਰਥੀ ਦੇ ਦਿਨ ਦੀ ਸ਼ੁਰੂਆਤ ਵਿੱਚ ਹੀ ਲਗਭਗ 30 ਮਿੰਟ ਦਾ ਧਿਆਨ ਸੈਸ਼ਨ ਕਰਵਾਇਆ ਜਾਵੇਗਾ, ਜਿਸ ਨਾਲ ਵਿਦਿਆਰਥੀਆਂ ਦਾ ਮਾਨਸਿਕ ਅਨੁਸ਼ਾਸਨ, ਭਾਵਨਾਤਮਕ ਸੰਤੁਲਨ ਅਤੇ ਨੈਤਿਕ ਪੱਧਰ ਮਜ਼ਬੂਤ ਹੋਣਗੇ। ਇਹ ਬੱਚਿਆਂ ਨੂੰ ਨਕਾਰਾਤਮਕ ਪ੍ਰਭਾਵਾਂ ਤੋਂ ਬਚਣ ਲਈ ਅੰਦਰੂਨੀ ਤਾਕਤ ਪ੍ਰਦਾਨ ਕਰੇਗਾ।”
ਅਧਿਆਪਕਾਂ ਅਤੇ ਸਕੂਲ ਪ੍ਰਬੰਧਨ ਦੀ ਭੂਮਿਕਾ ’ਤੇ ਜ਼ੋਰ ਦਿੰਦਿਆਂ, ਸਿੱਖਿਆ ਮੰਤਰੀ ਨੇ ਕਿਹਾ ਕਿ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੀ ਸਮਰਥਾ ਵਿਕਾਸ ਪ੍ਰਕਿਰਿਆ ਬਹੁਤ ਹੀ ਅਹਿਮ ਕਦਮ ਹੈ। ਉਨ੍ਹਾਂ ਕਿਹਾ, “ਇਹ ਸਿਖਲਾਈ ਇੱਕ ਮਹੱਤਵਪੂਰਣ ਸ਼ੁਰੂਆਤ ਹੈ। ਅਸੀਂ ਅਧਿਆਪਕਾਂ ਨੂੰ ਸ਼ੁਰੂਆਤੀ ਖਤਰੇ ਦੇ ਸੰਕੇਤ ਪਛਾਣਨ, ਸਾਵਧਾਨੀ ਨਾਲ ਦਖ਼ਲ ਦੇਣ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਤਿਆਰ ਕਰ ਰਹੇ ਹਾਂ। ਸਾਡਾ ਮਿਸ਼ਨ ਹਰ ਬੱਚੇ ਦੀ ਰੱਖਿਆ ਕਰਨਾ ਅਤੇ ਉਨ੍ਹਾਂ ਨੂੰ ਇਸ ਲੜਾਈ ਦੇ ਮੋਹਰੀ ਬਣਾਉਣਾ ਹੈ।”
ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਹਰ ਸਕੂਲ ਵਿੱਚ ਸ਼ਿਕਾਇਤ-ਕਮ-ਸੁਝਾਅ ਬਾਕਸ ਲਗਾਇਆ ਗਿਆ ਹੈ, ਜਿਸ ਰਾਹੀਂ ਵਿਦਿਆਰਥੀ ਬਿਨਾਂ ਆਪਣੀ ਪਹਿਚਾਣ ਜ਼ਾਹਿਰ ਕੀਤੇ ਆਪਣੇ ਨੇੜੇ ਤੇੜੇ ਨਸ਼ਾ ਵੇਚਣ ਵਾਲਿਆਂ ਜਾਂ ਉਨ੍ਹਾਂ ਨੂੰ ਬਚਣ ਦਾ ਰਾਹ ਦੇ ਰਹੀਆਂ ਭ੍ਰਿਸ਼ਟ ਪ੍ਰਥਾਵਾਂ ਬਾਰੇ ਜਾਣਕਾਰੀ ਸਾਂਝੀ ਕਰ ਸਕਣਗੇ। ਉਨ੍ਹਾਂ ਕਿਹਾ, “ਮਿਲਣ ਵਾਲੀ ਹਰ ਜਾਣਕਾਰੀ/ਸ਼ਿਕਾਇਤ ਦਾ ਸੂਬਾਈ ਪੱਧਰ ’ਤੇ ਵਿਸ਼ਲੇਸ਼ਣ ਕਰਕੇ ਤੇਜ਼ੀ ਅਤੇ ਸੁਤੰਤਰ ਤੌਰ ’ਤੇ ਕਾਰਵਾਈ ਕੀਤੀ ਜਾਵੇਗੀ, ਤਾਂ ਜੋ ਜੁਆਬਦੇਹੀ ਅਤੇ ਪ੍ਰਭਾਵਸ਼ਾਲੀ ਕਾਰਵਾਈ ਯਕੀਨੀ ਬਣਾਈ ਜਾ ਸਕੇ।”
ਇਸ ਦੌਰਾਨ, ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਪਣੇ ਐਕਸ (ਸੋਸ਼ਲ ਮੀਡੀਆ ਖਾਤਾ) ਹੈਂਡਲ ’ਤੇ ਮੋਹਾਲੀ ਦੇ ਸਕੂਲ ਦੌਰੇ ਦੀਆਂ ਕੁਝ ਝਲਕੀਆਂ ਸਾਂਝੀਆਂ ਕਰਦਿਆਂ ਲਿਖਿਆ, “‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਫੇਜ਼-2 ਤਹਿਤ ਪੰਜਾਬ ਸਰਕਾਰ ਰਾਜ ਭਰ ਦੇ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿਖਲਾਈ ਦੇ ਰਹੀ ਹੈ। ਇਹ ਟ੍ਰੇਨਿੰਗ ਸਕੂਲਾਂ ਅੰਦਰ ਮਜ਼ਬੂਤ ਨਸ਼ਾ ਵਿਰੋਧੀ ਵਾਤਾਵਰਣ ਪੈਦਾ ਕਰਨ ਅਤੇ ਹਰ ਬੱਚੇ ਦੀ ਸੋਚ ਨੂੰ ਇੰਨਾ ਮਜ਼ਬੂਤ ਕਰਨ ’ਤੇ ਕੇਂਦਰਿਤ ਹੈ ਕਿ ਉਹ ਕਿਸੇ ਵੀ ਦਬਾਅ, ਉਕਸਾਵੇ ਜਾਂ ਲਾਲਚ ਵਿੱਚ ਆਏ ਬਿਨਾਂ ਨਸ਼ਿਆਂ ਨੂੰ ਸਪਸ਼ਟ ‘ਨਾਂਹ’ ਕਹਿ ਸਕੇ।”
ਉਨ੍ਹਾਂ ਅੱਗੇ ਲਿਖਿਆ, “ਮਕਸਦ ਇਹ ਹੈ ਕਿ ਇਹ ਮਨ ਦੀ ਦ੍ਰਿੜਤਾ ਉਨ੍ਹਾਂ ਦੇ ਚਰਿਤਰ ਦਾ ਸਥਾਈ ਹਿੱਸਾ ਬਣੇ ਅਤੇ ਉਨ੍ਹਾਂ ਦੀ ਪੂਰੀ ਜ਼ਿੰਦਗੀ ਨਾਲ ਜੁੜੀ ਰਹੇ। ਇਹ ਸਿਖਲਾਈ ਪ੍ਰੋਗਰਾਮ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰਵਾਏ ਜਾ ਰਹੇ ਹਨ, ਜਿੱਥੇ ਮਨੋਵਿਗਿਆਨੀ ਅਤੇ ਸਿੱਖਿਆ ਮਾਹਿਰ ਪ੍ਰਿੰਸੀਪਲਾਂ ਨਾਲ ਸਿੱਧਾ ਸੰਵਾਦ ਕਰ ਰਹੇ ਹਨ।”
ਮਨੀਸ਼ ਸਿਸੋਦੀਆ ਨੇ ਹੋਰ ਕਿਹਾ, “ਅੱਜ ਮੈਨੂੰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਲ ਮੋਹਾਲੀ ਜ਼ਿਲ੍ਹੇ ਵਿੱਚ ਇਸ ਤਰ੍ਹਾਂ ਦੇ ਇੱਕ ਸਿਖਲਾਈ ਸੈਸ਼ਨ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਇਹ ਦੇਖ ਕੇ ਤਸੱਲੀ ਹੋਈ ਕਿ ਸਰਕਾਰ ਸਿਰਫ਼ ‘ਪਿੰਡ ਦੇ ਪਹਿਰੇਦਾਰ’ ਹੀ ਨਹੀਂ, ਸਗੋਂ ‘ਦਿਮਾਗ਼ ਦੇ ਪਹਿਰੇਦਾਰ’ ਵੀ ਤਿਆਰ ਕਰ ਰਹੀ ਹੈ, ਤਾਂ ਜੋ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕੇ।”
ਇਸ ਸੰਵਾਦ ਦੌਰਾਨ ਅਧਿਆਪਕਾਂ ਵੱਲੋਂ ਵਿਦਿਆਰਥੀਆਂ ’ਤੇ ਨਜ਼ਰ ਰੱਖਣ ਅਤੇ ਉਨ੍ਹਾਂ ਦਾ ਸਕਾਰਾਤਮਕ ਦਿਸ਼ਾ ਵੱਲ ਮਾਰਗਦਰਸ਼ਨ ਕਰਨ ਸਬੰਧੀ ਕਈ ਨਵੇਂ ਸੁਝਾਅ ਵੀ ਸਾਂਝੇ ਕੀਤੇ ਗਏ, ਜਿਨ੍ਹਾਂ ਦੀ ਹਰਜੋਤ ਸਿੰਘ ਬੈਂਸ ਅਤੇ ਮਨੀਸ਼ ਸਿਸੋਦੀਆ ਦੋਹਾਂ ਨੇ ਪ੍ਰਸ਼ੰਸਾ ਕੀਤੀ ਅਤੇ ਅਧਿਆਪਕਾਂ ਨੂੰ ਆਪਣੇ-ਆਪਣੇ ਸਕੂਲਾਂ ਵਿੱਚ ਨਸ਼ਾ ਵਿਰੋਧੀ ਮੁਹਿੰਮ ਦੀ ਅਗਵਾਈ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵੀ ਮੌਜੂਦ ਸਨ। ਇਸ ਤੋਂ ਪਹਿਲਾਂ, ਸਕੂਲ ਆਫ ਐਮੀਨੈਂਸ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ ਪੇਸ਼ ਕੀਤਾ ਗਿਆ, ਜਿਸ ਦੇ ਪ੍ਰੇਰਕ ਬੋਲਾਂ ਰਾਹੀਂ ਸਮਾਜ ਅਤੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਰੱਖਣ ਦਾ ਮਜ਼ਬੂਤ ਸੁਨੇਹਾ ਦਿੱਤਾ ਗਿਆ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਗਿਆ।






