ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ‘ਤੇ ਲੁਧਿਆਣਾ ਜਾ ਕੇ ਸ਼ਰਧਾਂਜਲੀ ਭੇਟ ਕੀਤੀ। ਸੀਐੱਮ ਉਨ੍ਹਾਂ ਦੇ ਜੱਦੀ ਪਿੰਡ ਸਰਾਭਾ ਪਹੁੰਚੇ ਤੇ ਕਿਹਾ ਕਿ ਅਸੀਂ ਸਾਰੇ ਸ਼ਹੀਦਾਂ ਦੇ ਕਦਮਾਂ ‘ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ। CM ਮਾਨ ਨੇ ਕਿਹਾ ਕਿ ਜਿਹੜੀ ਉਮਰ ‘ਚ ਬੱਚੇ ਆਪਣੇ ਮਾਂ-ਪਿਓ ਤੋਂ ਮੋਟਰਸਾਈਕਲ ਮੰਗਦੇ ਹਨ, ਉਸ ਉਮਰ ‘ਚ ਕਰਤਾਰ ਸਿੰਘ ਸਰਾਭਾ ਨੇ ਅੰਗਰੇਜਾਂ ਨੂੰ ਮੁਲਕ ਮੰਗ ਲਿਆ ਸੀ। ਇਹ ਕੋਈ ਛੋਟੀ ਸੋਚ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿੰਡ ਸਰਾਭਾ ਦੇ ਲੋਕਾਂ ਵਲੋਂ ਮੈਨੂੰ ਬਹੁਤ ਸਾਰੀਆਂ ਮੰਗਾਂ ਲਿਖ ਕੇ ਦਿੱਤੀਆਂ ਹੋਈਆਂ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਪੂਰੀਆਂ ਹੋਣ ਹੀ ਵਾਲੀਆਂ ਹਨ।
ਇਸ ਮੌਕੇ CM ਭਗਵੰਤ ਮਾਨ ਨੇ ਪਿੰਡ ਸਰਾਭਾ ਲਈ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਸਭਾਰਾ ਦੇ ਵਿਕਾਸ ਕਾਰਜਾਂ ਲਈ 45 ਕਰੋੜ 84 ਲੱਖ ਰੁਪਏ ਦਿੱਤੇ ਜਾਣਗੇ। ਪਿੰਡ ਵਾਸੀਆਂ ਨੂੰ ਪੀਣ ਲਈ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਪਿੰਡ ‘ਚ ਏਅਰਫੋਰਸ ਟ੍ਰੇਨਿੰਗ ਅਕੈਡਮੀ ਬਣਾਈ ਜਾਵੇਗੀ
ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਪਿੰਡਾਂ ‘ਚ ਵਿਕਾਸ ਦੇ ਕੰਮਾਂ ਲਈ ਅਸੀਂ ਬਜਟ ਨਹੀਂ ਦੇਖਦੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਨੇ ਦੇਸ਼ ਲੈ ਕੇ ਦਿੱਤਾ ਹੈ, ਉਨ੍ਹਾਂ ਪਿੰਡਾਂ ਲਈ ਖਜ਼ਾਨੇ ਹਮੇਸ਼ਾ ਖੁੱਲ੍ਹੇ ਰਹਿਣਗੇ। ਸਾਡੇ ਸ਼ਹੀਦ ਸਾਡੀ ਵਿਰਾਸਤ ਹਨ ਤੇ ਉਨ੍ਹਾਂ ਦਾ ਸਨਮਾਨ ਕਰਨਾ ਸਾਡਾ ਫ਼ਰਜ਼ ਹੈ। ਅਸੀਂ ਸਾਡੇ ਸ਼ਹੀਦਾਂ ਦੇ ਸਨਮਾਨ ਵਿੱਚ ਕੋਈ ਕਸਰ ਨਹੀਂ ਛੱਡਾਂਗੇ।







