ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਸੀਐੱਮ ਸੁਖਬੀਰ ਸਿੰਘ ਬਾਦਲ ਬੀਤੇ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਤਨਖ਼ਾਹ ਵਜੋਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗੇਟ ‘ਤੇ ਸੇਵਾਦਾਰ ਦਾ ਚੋਲ਼ਾ ਪਾ ਤੇ ਹੱਥ ‘ਚ ਬਰਛਾ ਫੜ੍ਹ ਕੇ ਸੇਵਾ ਕਰ ਰਹੇ ਸਨ ਕਿ ਅਚਾਨਕ ਇੱਕ ਸ਼ਖਸ਼ ਵੱਲੋਂ ਉਨ੍ਹਾਂ ‘ਤੇ ਗੋਲੀ ਮਾਰ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ।ਪਰ ਉੱਥੇ ਮੌਜੂਦ ਪੰਜਾਬ ਪੁਲਿਸ ਮੁਲਾਜ਼ਮਾਂ ਦੀ ਹੁਸ਼ਿਆਰੀ ਨਾਲ ਮੁਲਜ਼ਮ ਨੂੰ ਮੌਕੇ ‘ਤੇ ਦਬੋਚ ਲਿਆ ਗਿਆ।ਇਸ ਹਮਲੇ ‘ਚ ਗਨੀਮਤ ਰਹੀ ਕਿ ਸੁਖਬੀਰ ਬਾਦਲ ਜਾਂ ਉੱਥੇ ਮੌਜੂਦ ਸੇਵਾਦਾਰ ਤੇ ਸੰਗਤਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਿਆ।
ਪੰਜਾਬ ਪੁਲਿਸ ਮੁਤਾਬਕ ਪੁਲਿਸ ਦੀ ਮੁਸ਼ਤੈਦੀ ਦੇ ਚਲਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਹਮਲੇ ਦੀ ਸਾਜ਼ਿਸ਼ ਨਾਕਾਮ ਹੋ ਗਈ । ਸੁਰੱਖਿਆ ‘ਚ ਤਾਇਨਾਤ ਪੰਜਾਬ ਪੁਲਿਸ ਦੇ ਮੁਲਾਜ਼ਮ ਏਐੱਸਆਈ ਜਸਵੀਰ ਸਿੰਘ ਨੇ ਹਮਲਾਵਰ ਨਰਾਇਣ ਸਿੰਘ ਚੌੜਾ ਨੂੰ ਮੌਕੇ ‘ਤੇ ਦਬੋਚ ਲਿਆ ਤੇ ਨਾਲ ਹੀ ਜਦੋਂ ਫਾਇਰ ਕਰਨ ਲੱਗਾ ਤਾਂ ਉਸਦੀ ਬਾਂਹ ਵੀ ਉੱਪਰ ਚੁੱਕ ਦਿੱਤੀ ਜਿਸ ਕਰਕੇ ਫਾਇਰ ਹਵਾ ‘ਚ ਹੋ ਗਿਆ।
ਪੰਜਾਬ ਪੁਲਿਸ ਨੇ ਅੱਜ ਇੱਕ ਵੱਡੀ ਵਾਰਦਾਤ ਹੋਣ ਤੋਂ ਰੋਕਿਆ। ਪੰਜਾਬ ਪੁਲਿਸ ਦੀ ਮੁਸਤੈਦੀ ਦਾ ਨਤੀਜਾ ਹੈ ਜੋ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਨਾਕਾਮ ਹੋਈ ਹੈ। ਪੁਲਿਸ ਨੇ ਆਪਣੀ ਮੁਸਤੈਦੀ ਨਾਲ ਮੌਕੇ ‘ਤੇ ਹੀ ਹਮਲਾਵਰ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ। ਮੈਂ ਪੁਲਿਸ ਦੀ ਮੁਸਤੈਦੀ ਦੀ ਸ਼ਲਾਘਾ ਕਰਦਾ ਹਾਂ,…
— Bhagwant Mann (@BhagwantMann) December 4, 2024
ਸੁਖਬੀਰ ਬਾਦਲ ‘ਤੇ ਹਮਲੇ ਮਗਰੋਂ ਸੀਐੱਮ ਮਾਨ ਨੇ ਵੀ ਬਿਆਨ ਜਾਰੀ ਕੀਤਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਪੂਰੀ ਮੁਸ਼ਤੈਦੀ ਦੇ ਨਾਲ ਆਪਣੀ ਡਿਊਟੀ ਨਿਭਾਅ ਰਹੀ ਸੀ।ਜਿਸ ਕਰਕੇ ਵੱਡੀ ਵਾਰਦਾਤ ਹੋਣ ਤੋਂ ਬਚਾਅ ਹੋ ਗਿਆ।ਪੰਜਾਬ ਪੁਲਿਸ ਦੀ ਮੁਸ਼ਤੈਦੀ ਦਾ ਨਤੀਜਾ ਹੈ ਜੋ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜਿਸ਼ ਨਾਕਾਮ ਹੋਈ ਹੈ।ਪੁਲਿਸ ਨੇ ਆਪਣੀ ਮੁਸਤੈਦੀ ਨਾਲ ਮੌਕੇ ‘ਤੇ ਹੀ ਹਮਲਾਵਰ ਨੂੰ ਗ੍ਰਿਫਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ।ਮੈਂ ਪੁਲਿਸ ਦੀ ਮੁਸਤੈਦੀ ਦੀ ਸ਼ਲਾਘਾ ਕਰਦਾ ਹਾਂ, ਸੁਖਬੀਰ ਬਾਦਲ ਜੀ ‘ਤੇ ਹੋਏ ਹਮਲੇ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ।ਮੈਂ ਪੁਲਿਸ ਨੂੰ ਸਖ਼ਤ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਇਸ ਘਟਨਾ ਦੀ ਤੁਰੰਤ ਜਾਂਚ ਕਰਕੇ ਰਿਪੋਰਟ ਸੌਂਪਣ।