Anti-Gangster Task Force of Punjab Police: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਗੈਂਗਸਟਰਾਂ/ਅਪਰਾਧੀਆਂ ਨੂੰ ਜਾਅਲੀ ਵੇਰਵਿਆਂ ਦੇ ਆਧਾਰ ‘ਤੇ ਪਾਸਪੋਰਟ ਬਣਾਕੇ ਅਤੇ ਮੁਹੱਈਆ ਕਰਵਾ ਕੇ ਦੇਸ਼ ਵਿੱਚੋਂ ਫਰਾਰ ਹੋਣ ਵਿੱਚ ਮਦਦ ਕਰਨ ਵਾਲੇ ਗਿਰੋਹ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਓਂਕਾਰ ਸਿੰਘ ਵਾਸੀ ਪਿੰਡ ਕਾਕੀ ਪਿੰਡ, ਜਲੰਧਰ, ਸੁਖਜਿੰਦਰ ਸਿੰਘ ਉਰਫ਼ ਸ਼ਾਰਪੀ ਘੁੰਮਣ ਵਾਸੀ ਪਿੰਡ ਕਰਹਾਲੀ, ਪਟਿਆਲਾ ਅਤੇ ਪ੍ਰਭਜੋਤ ਸਿੰਘ ਬਹੇੜੀ, ਬਰੇਲੀ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਹਨਾਂ ਕੋਲੋਂ 9 ਪਾਸਪੋਰਟ ਬਰਾਮਦ ਕਰਨ ਦੇ ਨਾਲ ਨਾਲ ਫਰਜ਼ੀ ਵੇਰਵਿਆਂ ਦੀ ਵਰਤੋਂ ਨਾਲ ਤਿਆਰ ਕੀਤੇ ਫਰਾਰ ਗੈਂਗਸਟਰਾਂ ਦੇ ਪਾਸਪੋਰਟਾਂ ਦੀਆਂ ਕਈ ਫੋਟੋ ਕਾਪੀਆਂ ਬਰਾਮਦ ਕੀਤੀਆਂ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗੈਂਗਸਟਰਾਂ/ਅਪਰਾਧੀਆਂ ਨੂੰ ਦੇਸ਼ ਤੋਂ ਭੱਜਣ ਵਿੱਚ ਮਦਦ ਕਰਨ ਲਈ ਜਾਅਲੀ ਵੇਰਵਿਆਂ ਦੀ ਵਰਤੋਂ ਕਰਕੇ ਪਾਸਪੋਰਟ ਤਿਆਰ ਕਰਨ ਵਿੱਚ ਅੰਤਰ-ਰਾਜੀ ਟਰੈਵਲ ਏਜੰਟਾਂ ਦੀ ਸ਼ਮੂਲੀਅਤ ਸਬੰਧੀ ਮਿਲੀ ਭਰੋਸੇਮੰਦ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਏ.ਡੀ.ਜੀ.ਪੀ. ਪ੍ਰਮੋਦ ਬਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਏ.ਆਈ.ਜੀ. ਸੰਦੀਪ ਗੋਇਲ ਅਗਵਾਈ ਵਿੱਚ ਏ.ਜੀ.ਟੀ.ਐਫ ਟੀਮਾਂ ਨੇ ਰਾਤ ਭਰ ਚੱਲੇ ਆਪ੍ਰੇਸ਼ਨ ਦੌਰਾਨ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ।
Interstate Immigration/travel agents involved in fake passports for gangsters/criminals busted by Anti Gangster Task Force (#AGTF)
Arrested three persons: Sharpy Ghumman, Onkar Singh & Prabhjot Singh pic.twitter.com/JLgIUimQ43
— DGP Punjab Police (@DGPPunjabPolice) April 28, 2023
ਉਹਨਾਂ ਦੱਸਿਆ ਕਿ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਸ ਗਿਰੋਹ ਦੇ ਦਿੱਲੀ, ਯੂਪੀ, ਕੋਲਕਾਤਾ, ਗੁਜਰਾਤ ਅਤੇ ਮਹਾਰਾਸ਼ਟਰ ਸਮੇਤ ਵੱਖ-ਵੱਖ ਸੂਬਿਆਂ ਵਿੱਚ ਸਬੰਧ ਸਨ ਅਤੇ ਇਹ ਗਿਰੋਹ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਕਈ ਗੈਂਗਸਟਰਾਂ/ਅਪਰਾਧੀਆਂ ਨੂੰ ਜਾਅਲੀ ਪਾਸਪੋਰਟਾਂ ‘ਤੇ ਦੇਸ਼ ਤੋਂ ਭੱਜਣ ਵਿੱਚ ਮਦਦ ਕਰਦਾ ਸੀ।
ਡੀਜੀਪੀ ਨੇ ਕਿਹਾ ਕਿ ਪੁਲਿਸ ਟੀਮਾਂ ਨੇ ਇਸ ਗਿਰੋਹ ਨਾਲ ਜੁੜੇ ਪੰਜ ਹੋਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਉਨ੍ਹਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਪੂਰੇ ਨੈਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ।
ਹੋਰ ਜਾਣਕਾਰੀ ਦਿੰਦਿਆਂ ਏਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਮੁਲਜ਼ਮ ਓਂਕਾਰ, ਜੋ ਕਿ ਜਲੰਧਰ ਵਿੱਚ ਇੱਕ ਗੈਰ-ਕਾਨੂੰਨੀ ਇਮੀਗ੍ਰੇਸ਼ਨ ਕੰਪਨੀ ਚਲਾ ਰਿਹਾ ਹੈ, ਫਰਜ਼ੀ ਵੇਰਵਿਆਂ ਦੀ ਵਰਤੋਂ ਕਰਕੇ ਗੈਂਗਸਟਰਾਂ/ਅਪਰਾਧੀਆਂ ਦੇ ਪਾਸਪੋਰਟ ਬਣਾਉਣ ਅਤੇ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਲੁੱਟਣ ਵਿੱਚ ਸ਼ਾਮਲ ਸੀ।
ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਓਂਕਾਰ ਨੇ ਖੁਲਾਸਾ ਕੀਤਾ ਕਿ ਉਸ ਨੇ ਗੈਂਗਸਟਰ ਵਰਿੰਦਰਪਾਲ ਸਿੰਘ ਉਰਫ ਵੀਨਾ ਬੁੱਟਰ (ਬੰਬੀਹਾ ਗੈਂਗ) ਅਤੇ ਜਸਵਿੰਦਰ ਸਿੰਘ ਉਰਫ ਖੱਟੂ (ਧਰਮਿੰਦਰ ਗੁਗਨੀ ਗੈਂਗ) ਲਈ ਫ਼ਰਜ਼ੀ ਪਾਸਪੋਰਟ ਬਣਾਏ ਸਨ ਤਾਂ ਜੋ ਦੇਸ਼ ਛੱਡ ਕੇ ਭੱਜਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।
ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਪ੍ਰਭਜੋਤ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਸ ਦੇ ਇੱਕ ਸਾਥੀ ਚਰਨਜੀਤ ਸਿੰਘ ਉਰਫ਼ ਬਰੇਲੀ (ਜਿਸ ਨੂੰ ਦਿੱਲੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ) ਨੇ ਮੈਕਸੀਕੋ ਤੋਂ ਹਾਲ ਹੀ ਵਿੱਚ ਡਿਪੋਰਟ ਕੀਤੇ ਗਏ ਗੈਂਗਸਟਰ ਦੀਪਕ ਬਾਕਸਰ ਲਈ ਫ਼ਰਜ਼ੀ ਪਾਸਪੋਰਟ ਬਣਾਇਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h