Corruption Case: ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਥਾਣਾ ਕੂਮ ਕਲਾਂ ਵਿਖੇ ਤਾਇਨਾਤ ਐਮਐਚਸੀ (ਮੁਨਸ਼ੀ) ਹਰਦੀਪ ਸਿੰਘ (ਏਐਸਆਈ) ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੁਆਬਾ ਭੈਣੀ ਦੀ ਰਹਿਣ ਵਾਲੀ ਏਕਤਾ ਤੋਂ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਏਕਤਾ ਨੇ 21-07-2023 ਨੂੰ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 13.4.2023 ਨੂੰ ਉਸਦੇ ਭਰਾ ਦੀਪਕ ਕੁਮਾਰ ਤੇ ਹੋਰਨਾਂ ਖ਼ਿਲਾਫ਼ ਥਾਣਾ ਕੂਮ ਕਲਾਂ ਵਿਖੇ ਆਈਪੀਸੀ ਦੀ ਧਾਰਾ 323, 341, 506, 148,149 ਤਹਿਤ ਐਫ.ਆਈ.ਆਰ. ਨੰਬਰ 38 ਦਰਜ ਕੀਤੀ ਗਈ ਸੀ। ਉਸ ਦਾ ਭਰਾ ਦੀਪਕ ਵੀ ਜ਼ਖਮੀ ਹੋਇਆ ਸੀ, ਜਿਸ ਕਾਰਨ ਉਸ (ਦੀਪਕ ) ਨੇ ਵੀ ਅਵਤਾਰ ਸਿੰਘ ਅਤੇ ਹੋਰਾਂ ਖ਼ਿਲਾਫ ਆਈਪੀਸੀ ਦੀਆਂ ਧਾਰਾਵਾਂ 326, 323, 341, 506, 148,149 ਤਹਿਤ ਕਰਾਸ ਐਫਆਈਆਰ ਦਰਜ ਕਰਵਾਈ ਸੀ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਕਰਾਸ ਐਫ.ਆਈ.ਆਰ. ਅਧੀਨ ਵਿਰੋਧੀ ਧਿਰ ਖ਼ਿਲਾਫ਼ ਕਾਰਵਾਈ ਲਈ ਐਸਐਚਓ ਪਰਮਜੀਤ ਸਿੰਘ (ਐਸ.ਆਈ.) ਨੇ 1 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਐਮਐਚਸੀ ਹਰਦੀਪ ਸਿੰਘ ਨੇ 50,000 ਰੁਪਏ ਵਿੱਚ ਸੌਦਾ ਤੈਅ ਕਰਵਾ ਦਿੱਤਾ ਸੀ। ਸ਼ਿਕਾਇਤਕਰਤਾ ਨੇ ਇਹ ਵੀ ਦਾਅਵਾ ਕੀਤਾ ਕਿ ਏਐਸਆਈ ਰਣਧੀਰ ਸਿੰਘ ਨੇ ਉਸ ਤੋਂ 35,000 ਰੁਪਏ ਰਿਸ਼ਵਤ ਲਈ ਅਤੇ ਐਮਐਚਸੀ ਹਰਦੀਪ ਸਿੰਘ ਨੇ 20,000 ਰੁਪਏ ਵੱਖਰੇ ਤੌਰ ’ਤੇ ਲਏ ਹਨ। ਉਸਨੇ ਵਿਜੀਲੈਂਸ ਨੂੰ ਐਮਐਚਸੀ ਹਰਦੀਪ ਸਿੰਘ ਨਾਲ ਰਿਸ਼ਵਤ ਲੈਣ-ਦੇਣ ਸਬੰਧੀ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਸੌਪੀ ਹੈ।
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਅਤੇ ਕਾਲ ਰਿਕਾਰਡਿੰਗ ਦੀ ਜਾਂਚ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਥਾਣਾ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਐਫਆਈਆਰ ਨੰਬਰ 18 ਮਿਤੀ 02.08.2023 ਨੂੰ ਦਰਜ ਕਰਕੇ ਮੁਲਜ਼ਮ ਹਰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਬੁਲਾਰੇ ਨੇ ਦੱਸਿਆ ਕਿ ਐਸਐਚਓ ਪਰਮਜੀਤ ਸਿੰਘ ਅਤੇ ਏਐਸਆਈ ਰਣਧੀਰ ਸਿੰਘ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h