ਪੰਜਾਬ ਦੀ ‘ਆਪ’ ਸਰਕਾਰ ਪਹਿਲੇ ਦਿਨ ਤੋਂ ਹੀ ਭ੍ਰਿਸ਼ਟਾਚਾਰ ‘ਤੇ ਜ਼ੀਰੋ ਟੋਲਰੈਂਸ ਨਾਲ ਕੰਮ ਕਰਨ ਦੀ ਗੱਲ ਕਹਿ ਰਹੀ ਹੈ। ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਸਾਫ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਪੰਜਾਬ ‘ਚ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸਤ ਨਾ ਕੀਤਾ ਜਾਵੇ। ਇਸੇ ਰਾਹ ‘ਤੇ ਚੱਲਦੇ ਹੋਏ ਅੱਜ ਹਲਕਾ ਰਾਮਪੁਰਾ ਫੂਲ ਤੋਂ ‘ਆਪ’ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦੇਰ ਸ਼ਾਮ ਪੁਲਸ ਚੌਕੀ ਦਿਆਲਪੁਰਾ ਭਾਈਕਾ ਦੇ ਏ. ਐੱਸ. ਆਈ. ਜਗਤਾਰ ਸਿੰਘ ਨੂੰ 5 ਹਜ਼ਾਰ ਰੁਪਏ ਕਥਿਤ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਵਿਧਾਇਕ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਏ. ਐੱਸ. ਆਈ. ਵੱਲੋਂ ਰਿਸ਼ਵਤ ਲੈਣ ਬਾਰੇ ਜਦੋਂ ਸੂਚਨਾ ਮਿਲੀ ਤਾਂ ਉਨ੍ਹਾਂ ਖੁਦ ਪੁਲਸ ਚੌਕੀ ਦਿਆਲਪੁਰਾ ਭਾਈਕਾ ਵਿਖੇ ਜਾ ਕੇ ਉਸ ਕੋਲੋਂ 5 ਹਜ਼ਾਰ ਰੁਪਏ ਬਰਾਮਦ ਕਰ ਲਏ। ਪ੍ਰਾਪਤ ਜਾਣਕਾਰੀ ਅਨੁਸਾਰ ਏ. ਐੱਸ. ਆਈ. ਨੇ ਇਹ ਪੈਸੇ ਲਾਹਣ ਬਰਾਮਦਗੀ ਦੇ ਇਕ ਮਾਮਲੇ ਵਿਚ ਰਿਸ਼ਵਤ ਵਜੋਂ ਲਏ ਸਨ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸ ਏ. ਐੱਸ. ਆਈ. ਵੱਲੋਂ ਲੋਕਾਂ ਤੋਂ ਰਿਸ਼ਵਤ ਲੈਣ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਸਨ। ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਇਸ ਮਸਲੇ ਸਬੰਧੀ ਉੱਚ ਪੁਲਸ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਹੈ। ਡੀ. ਐੱਸ. ਪੀ. ਫੂਲ ਆਸ਼ਬੰਤ ਸਿੰਘ ਧਾਲੀਵਾਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਇਸ ਮਾਮਲੇ ਦੇ ਸਬੰਧ ਵਿਚ ਉਕਤ ਏ. ਐੱਸ. ਆਈ. ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।