ਵਿਦੇਸ਼ਾਂ ਵਿੱਚ ਪੰਜਾਬੀਆਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਦਾ ਸਿਲਸਿਲਾ ਜਾਰੀ ਹੈ। ਅਜਿਹੀ ਹੀ ਇੱਕ ਘਟਨਾ ਮਨੀਲਾ ਵਿੱਚ ਵਾਪਰੀ ਹੈ ਜਿੱਥੇ ਪੰਜਾਬੀ ਲੜਕੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਰਣਜੀਤ ਰਾਣਾ ਵਜੋ ਹੋਈ ਹੈ ਜੋ ਜਲੰਧਰ ਦੇ ਪਿੰਡ ਲੋਹੀਆਂ ਦਾ ਰਹਿਣ ਵਾਲਾ ਸੀ। ਨੌਜਵਾਨ ਦੀ ਉਮਰ 33 ਸਾਲ ਸੀ ਅਤੇ ਅਗਲੇ ਸਾਲ ਉਸ ਦਾ ਵਿਆਹ ਰੱਖਿਆ ਹੋਇਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆੜਤੀਆ ਐਸੋਸੀਏਸ਼ਨ ਲੋਹੀਆਂ ਦੇ ਪ੍ਰਧਾਨ ਜੋਗਾ ਸਿੰਘ ਡੋਲ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਰਣਜੀਤ ਰਾਣਾ ਪੁੱਤਰ ਰੇਸ਼ਮ ਸਿੰਘ ਡੋਲ ਸਾਲ ਮਨੀਲਾ ਦੇ ਸ਼ਹਿਰ ਸਨਪਬਲੋ ’ਚ ਰਹਿੰਦਾ ਸੀ। ਰੋਜੀ ਰੋਟੀ ਦੀ ਭਾਲ ਵਿੱਚ ਉਹ ਸਾਲ 2018 ‘ਚ ਵਿਦੇਸ਼ ਚਲਾ ਗਿਆ ਸੀ। ਰਣਜੀਤ ਸਿੰਘ ਮਨੀਲਾ ‘ਚ ਪਰਿਵਾਰ ਸਮੇਤ ਰਹਿ ਕੇ ਵੱਖ ਵੱਖ ਇਲਾਕਿਆਂ ’ਚ ਕੰਮ ਕਰ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਰਣਜੀਤ ਰਾਣਾ ਸਵੇਰੇ ਮਨੀਲਾ ਦੇ ਕਸਬੇ ਚਾਓ ਦੇ ਇਲਾਕੇ ਵਿੱਚ ਆਪਣੇ ਕੰਮ ’ਤੇ ਸੀ ਕਿ ਪਿੱਛਿਓ ਆ ਰਹੇ ਵਿਅਕਤੀਆਂ ਵੱਲੋਂ ਲਗਾਤਾਰ 5 ਤੋਂ 6 ਰਾਊਂਡ ਫਾਇਰ ਕੀਤੇ ਗਏ। ਗੋਲੀਆਂ ਲੱਗਣ ਨਾਲ ਰਣਜੀਤ ਸਿੰਘ ਰਾਣਾ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਉਨ੍ਹਾਂ ਭਾਵੁਕ ਹੁੰਦਿਆਂ ਦੱਸਿਆ ਕਿ ਪਰਿਵਾਰ ਵੱਲੋਂ ਰਣਜੀਤ ਰਾਣਾ ਦੇ ਫਰਵਰੀ ’ਚ ਹੋਣ ਵਾਲੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ, ਕਿ ਕਾਤਲਾਂ ਨੇ ਇਹ ਦੁਖਦਾਈ ਭਾਣਾ ਵਰਤਾ ਦਿੱਤਾ। ਮਨੀਲਾ ’ਚ ਹੋਏ ਇਸ ਕਤਲ ਦੀ ਖਬਰ ਸੁਣਦੇ ਸਾਰ ਉਨ੍ਹਾਂ ਦੇ ਜੱਦੀ ਕਸਬੇ ਲੋਹੀਆਂ ਖਾਸ ਉਨ੍ਹਾਂ ਦੇ ਘਰ ਵਿਖੇ ਮਾਤਮ ਛਾਹ ਗਿਆ ਹੈ।