ਪੰਜਾਬ ਦੇ ਕਿਸਾਨਾਂ ਦੇ ਦਿੱਲੀ ਕੂਚ ਦਾ ਅੱਜ ਤੀਜਾ ਦਿਨ ਹੈ।ਆਪਣੀਆਂ ਮੰਗਾਂ ਪੂਰੀਆਂ ਕਰਾਉਣ ਲਈ ਕਿਸਾਨ ਹਰਿਆਣਾ ਦੇ ਸ਼ੰਭੂ ਬਾਰਡਰ ‘ਤੇ ਡਟੇ ਹੋਏ ਹਨ।ਇਸੇ ਵਿਚਾਲੇ ਕਿਸਾਨ ਅੰਦੋਲਨ ਦੇ ਸਮਰਥਨ ‘ਚ ਅੱਜ ਪੰਜਾਬ ਦੇ 6 ਜ਼ਿਲਿ੍ਹਆਂ ‘ਚ 12 ਵਜੇ ਤੋਂ 4 ਵਜੇ ਤੱਕ ਰੇਲ ਰੋਕਣ ਦਾ ਐਲਾਨ ਕੀਤਾ ਹੈ।ਦੂਜੇ ਪਾਸੇ ਕਿਸਾਨਾਂ ਨੇ ਸਵੇਰੇ 11 ਤੋਂ ਦੁਪਹਿਰ 2 ਵਜੇ ਤਕ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਫ੍ਰੀ ਕਰ ਦਿੱਤੇ ਹਨ।ਅਜਿਹੇ ‘ਚ ਪੰਜਾਬ ਦਾ ਸਭ ਤੋਂ ਵੱਡਾ ਤੇ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ‘ਤੇ ਕਿਸਾਨ ਪਹੁੰਚ ਗਏ ਜਿੱਥੇ ਉਨ੍ਹਾਂ ਨੇ ਧਰਨਾ ਦਿੱਤਾ ਹੈ ਤੇ ਟੋਲ ਪਲਾਜ਼ਾ ਨੂੰ ਫ੍ਰੀ ਕਰਵਾ ਦਿੱਤਾ ਹੈ।
ਟੋਲ ਪਲਾਜ਼ਾ ਦੇ ਫ੍ਰੀ ਹੋਣ ‘ਤੇ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ।ਇਸ ਮੌਕੇ ‘ਤੇ ਕਿਸਾਨ ਤੇ ਟੋਲ ਕਰਮਚਾਰੀਆਂ ਦੇ ਵਿਚਾਲੇ ਬਹਿਸ ਵੀ ਹੋਈ ਹੈ।ਸਾਰੇ ਵਾਹਨਾਂ ਨੂੰ ਟੋਲ ਪਲਾਜ਼ਾ ਤੋਂ ਫ੍ਰੀ ‘ਚ ਗੁਜਰਨ ਦਿੱਤਾ ਜਾ ਰਿਹਾ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਸ਼ੰਭੂ ਬਾਰਡਰ ‘ਤੇ ਬੈਠੇ ਕਿਸਾਨਾਂ ਦੇ ਸਮਰਥਨ ‘ਚ ਅਜ ਟੋਲ ਪਲਾਜ਼ਾ ਫ੍ਰੀ ਕਰ ਦਿੱਤਾ ਗਏ ਹਨ ਇਸ ਦੇ ਨਾਲ ਹੀ ਦੁਪਹਿਰ 12 ਤੋਂ 3 ਵਜੇ ਤਕ ਟ੍ਰੇਨਾਂ ਦਾ ਵੀ ਚੱਕਾ ਜਾਮ ਕੀਤਾ ਜਾਵੇਗਾ।16 ਫਰਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ।ਲਾਡੋਵਾਲ ਟੋਲ ਪਲਾਜ਼ਾ ‘ਤੇ ਕਿਸਾਨ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ।
ਕਿਸਾਨਾਂ ਨੇ ਕਿਹਾ ਕਿ ਸੰਵਿਧਾਨ ਅਨੁਸਾਰ ਹਰ ਵਿਅਕਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ ਪਰ ਇੱਥੇ ਜੰਗਲ ਰਾਜ ਹੈ ਅਤੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਜਦੋਂ ਅਸੀਂ ਸੜਕਾਂ ‘ਤੇ ਰੋਸ ਪ੍ਰਦਰਸ਼ਨ ਕਰਦੇ ਹਾਂ ਤਾਂ ਸਾਡੇ ‘ਤੇ ਕੇਸ ਦਰਜ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਇਹ ਧੱਕੇਸ਼ਾਹੀ ਨਹੀਂ ਚੱਲੇਗੀ।
ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਦੱਸ ਦੇਈਏ ਕਿ ਪੰਜਾਬ ਵਿੱਚ 13 ਫਰਵਰੀ ਤੋਂ ਸ਼ੁਰੂ ਹੋਏ ਕਿਸਾਨ ਅੰਦੋਲਨ ਨੇ ਵੱਡਾ ਰੂਪ ਧਾਰਨ ਕਰ ਲਿਆ ਹੈ। ਕਿਸਾਨਾਂ ‘ਤੇ ਚਲਾਈਆਂ ਗਈਆਂ ਅੱਥਰੂ ਗੈਸ ਦੇ ਗੋਲਿਆਂ ਅਤੇ ਪਲਾਸਟਿਕ ਦੀਆਂ ਗੋਲੀਆਂ ਕਾਰਨ ਕਈ ਕਿਸਾਨ ਜ਼ਖਮੀ ਹੋ ਗਏ, ਜਿਸ ਕਾਰਨ ਪੰਜਾਬ ਦੀਆਂ ਹੋਰ ਕਿਸਾਨ ਜਥੇਬੰਦੀਆਂ ਵੀ ਗੁੱਸੇ ‘ਚ ਹਨ।