Rahul Gandhi to visit Punjab: ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅਗਲੇ ਮਹੀਨੇ ਜਨਵਰੀ ‘ਚ ਪੰਜਾਬ ‘ਚ ਪ੍ਰਵੇਸ਼ ਕਰੇਗੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਹੋਰ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਪੰਜਾਬ ਵਿੱਚ ਯਾਤਰਾ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹ ਸਕੇ ਤੇ ਆਮ ਆਦਮੀ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੌਰਾਨ ਰਾਜਾ ਵੜਿੰਗ ਸਮੇਤ ਰਵਨੀਤ ਬਿੱਟੂ ਅਤੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਮੌਜੂਦ ਰਹੇ।
ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਯਾਤਰਾ ਸਬੰਧੀ ਮੰਗ ਪੱਤਰ ਸੌਂਪਿਆ। ਭਾਰਤ ਜੋੜੋ ਯਾਤਰਾ ਨੂੰ ਪੰਜਾਬ ‘ਚ ਪ੍ਰਵੇਸ਼ ਕਰਨ ‘ਚ ਅਜੇ ਕਰੀਬ ਇੱਕ ਮਹੀਨਾ ਬਾਕੀ ਹੈ। 10 ਜਨਵਰੀ ਤੋਂ 19 ਜਨਵਰੀ ਤੱਕ ਹਰ ਬਲਾਕ ਅਤੇ ਹਰ ਵਿਧਾਨ ਸਭਾ ਹਲਕੇ ਤੋਂ 25 ਤੋਂ 50 ਵਰਕਰ ਰਾਹੁਲ ਗਾਂਧੀ ਨਾਲ ਚੱਲਣਗੇ।
ਵੜਿੰਗ ਨੇ ਬਣਾਈਆਂ ਕਮੇਟੀਆਂ
ਇਸ ਦੇ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਹੈ। ਉਨ੍ਹਾਂ ਨੇ ਯਾਤਰਾ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਕੋਆਰਡੀਨੇਟਰਾਂ ਨਾਲ ਮੀਟਿੰਗ ਕਰਕੇ ਹਰੇਕ ਬਲਾਕ ਤੋਂ 25 ਅਤੇ ਵਿਧਾਨ ਸਭਾ ਹਲਕੇ ਤੋਂ 50 ਵਰਕਰਾਂ ਦੀ ਸੂਚੀ ਤਿਆਰ ਕਰਨ ਲਈ ਕਿਹਾ ਹੈ। ਪਾਰਟੀ ਇਸ ਗੱਲ ਦੀ ਤਿਆਰੀ ਕਰ ਰਹੀ ਹੈ ਕਿ ਲਗਭਗ 5,000 ਵਰਕਰ ਹਰ ਸਮੇਂ ਰਾਹੁਲ ਗਾਂਧੀ ਦੇ ਨਾਲ ਰਹਿਣ।
ਸ਼ੰਭੂ ਬਾਰਡਰ ਤੋਂ ਬਟਾਲਾ ਤੱਕ ਯਾਤਰਾ ਦਾ ਰੂਟ
ਭਾਰਤ ਜੋੜੋ ਯਾਤਰਾ ਸ਼ੰਭੂ ਸਰਹੱਦ ਤੋਂ ਪੰਜਾਬ ਵਿੱਚ ਦਾਖ਼ਲ ਹੋਵੇਗੀ। ਫਿਰ ਇਹ ਰਾਜਪੁਰਾ, ਸਰਹਿੰਦ, ਖੰਨਾ, ਲੁਧਿਆਣਾ, ਜਲੰਧਰ, ਬਿਆਸ, ਬਟਾਲਾ ਤੋਂ ਹੁੰਦੀ ਹੋਈ ਪਠਾਨਕੋਟ ਜਾਵੇਗੀ। ਇਸ ਦੌਰਾਨ ਖਾਣੇ ਦੇ ਪ੍ਰਬੰਧ ਲਈ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਹਰਿਮੰਦਰ ਸਾਹਿਬ ‘ਚ ਮੱਥਾ ਟੇਕਣਗੇ ਰਾਹੁਲ ਗਾਂਧੀ
ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਹਨ। ਜਦਕਿ ਲਾਮਬੰਦੀ ਕਮੇਟੀ ਦੀ ਜ਼ਿੰਮੇਵਾਰੀ ਰਾਣਾ ਗੁਰਜੀਤ ਸਿੰਘ ਨੂੰ ਸੌਂਪੀ ਗਈ ਹੈ। ਰਾਹੁਲ ਦੇ ਦੌਰੇ ‘ਚ ਸ਼ੰਭੂ ਬਾਰਡਰ ਤੋਂ ਬਿਆਸ ਤੱਕ ਸਿਰਫ ਜੀ.ਟੀ ਰੋਡ ਦੀ ਵਰਤੋਂ ਕੀਤੀ ਜਾਵੇਗੀ। ਇਸ ਦੌਰਾਨ ਰਾਹੁਲ ਲੁਧਿਆਣਾ, ਜਲੰਧਰ ਅਤੇ ਬਿਆਸ ਵਿਖੇ ਰੁਕਣਗੇ ਅਤੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਵੀ ਜਾਣਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਬਟਾਲਾ ਲਿਜਾਇਆ ਜਾਵੇਗਾ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h