ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਵੀਰਵਾਰ ਨੂੰ ਕੇਰਲ ਦੇ ਵਾਇਨਾਡ ਪਹੁੰਚੇ। ਇਸ ਦੌਰਾਨ ਗਾਂਧੀ ਨੇ ਕਿਹਾ ਕਿ ਕਾਂਗਰਸ ਜ਼ਮੀਨ ਖਿਸਕਣ ਦੇ ਪੀੜਤਾਂ ਲਈ 100 ਤੋਂ ਵੱਧ ਘਰ ਬਣਾਏਗੀ। ਦੋਵਾਂ ਨੇਤਾਵਾਂ ਨੇ ਜ਼ਮੀਨ ਖਿਸਕਣ ਤੋਂ ਉਭਰ ਰਹੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਦਾ ਵਾਅਦਾ ਵੀ ਕੀਤਾ। ਇਸ ਹਾਦਸੇ ‘ਚ 300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 200 ਲੋਕ ਅਜੇ ਵੀ ਲਾਪਤਾ ਹਨ।
ਕੇਰਲ ਦੇ ਏਡੀਜੀਪੀ ਐਮ.ਆਰ. ਅਜੀਤ ਕੁਮਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੁੰਡਕਾਈ, ਵਾਇਨਾਡ ‘ਚ ਭਾਰੀ ਬਾਰਸ਼ ਦੇ ਬਾਵਜੂਦ ਵੱਡੇ ਪੱਧਰ ‘ਤੇ ਖੋਜ ਅਤੇ ਬਚਾਅ ਮੁਹਿੰਮ ਚੱਲ ਰਹੀ ਹੈ ਅਤੇ ਲਗਭਗ 300 ਲੋਕ ਅਜੇ ਵੀ ਲਾਪਤਾ ਹਨ। ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ 300 ਦੇ ਕਰੀਬ ਲੋਕ ਅਜੇ ਵੀ ਲਾਪਤਾ ਹਨ, ਪਰ ਅਸਲ ਗਿਣਤੀ ਦਾ ਪਤਾ ਮਾਲ ਵਿਭਾਗ ਦੇ ਵੇਰਵੇ ਇਕੱਠੇ ਕਰਨ ਤੋਂ ਬਾਅਦ ਹੀ ਲੱਗੇਗਾ।
ਕੁਮਾਰ ਨੇ ਅੱਗੇ ਕਿਹਾ, ‘ਸਾਨੂੰ ਹੁਣ ਤੱਕ ਮਿਲੀ ਜਾਣਕਾਰੀ ਦੇ ਅਨੁਸਾਰ ਲਗਭਗ 300 ਲੋਕ ਅਜੇ ਵੀ ਲਾਪਤਾ ਹਨ। ਮਾਲ ਵਿਭਾਗ ਵੇਰਵੇ ਇਕੱਠੇ ਕਰਨ ਵਿੱਚ ਰੁੱਝਿਆ ਹੋਇਆ ਹੈ। ਸੂਬੇ ਵਿੱਚ ਕਾਨੂੰਨ ਵਿਵਸਥਾ ਦੇ ਇੰਚਾਰਜ ਏਡੀਜੀਪੀ ਨੇ ਕਿਹਾ ਕਿ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਇਲਾਕਿਆਂ ਨੂੰ ਛੇ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਵੱਖ-ਵੱਖ ਟੀਮਾਂ ਨੇ ਡੌਗ ਸਕੁਐਡ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਰਲ ਪੁਲਿਸ ਮਾਹਿਰ ਏਜੰਸੀਆਂ ਦੀ ਮਦਦ ਨਾਲ ਕੋਝੀਕੋਡ ਸ਼ਹਿਰ ਤੱਕ ਚਲਿਆਰ ਨਦੀ ‘ਚ ਤਲਾਸ਼ੀ ਮੁਹਿੰਮ ਚਲਾਏਗੀ।