Punjab Weather Update: ਪੰਜਾਬ ਵਿੱਚ ਸੰਘਣੀ ਧੁੰਦ ਤੋਂ ਜਿੱਥੇ ਰਾਹਤ ਹੈ ਅਤੇ ਉੱਥੇ ਹੀ ਅੱਜ ਤੇਜ ਹਵਾਵਾਂ ਚੱਲ ਰਹੀਆਂ ਹਨ। ਪੰਜਾਬ ‘ਚ ਮੀਂਹ ਤੋਂ ਬਾਅਦ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੀ ਹੈ ਤੇ ਅੱਜ ਧੁੰਦ ਵੀ ਸਾਫ਼ ਹੋ ਗਈ ਹੈ। ਬੀਤੇ ਦਿਨੀ ਦਿਨ ਵੇਲੇ ਧੁੱਪ ਹੋਣ ਕਾਰਨ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੀਆਂ ਬਰਫ਼ ਨਾਲ ਲੱਦੀਆਂ ਪਹਾੜੀਆਂ ਦਿਖਾਈ ਦਿੰਦੀਆਂ ਹਨ। ਮੀਂਹ ਤੋਂ ਬਾਅਦ ਮੌਸਮ ਪੂਰੀ ਤਰ੍ਹਾਂ ਸਾਫ ਹੋ ਗਿਆ ਹੈ।
ਇਸ ਮੌਸਮ ਦੀ ਪਹਿਲੀ ਬਰਫਬਾਰੀ ਕਾਰਨ ਪਹਾੜ ਪੂਰੀ ਤਰ੍ਹਾਂ ਚਿੱਟੀ ਚਾਦਰ ਨਾਲ ਢੱਕੇ ਹੋਏ ਹਨ। ਪਹਾੜਾਂ ‘ਚ ਭਾਰੀ ਬਰਫਬਾਰੀ ਜਾਰੀ ਹੈ, ਜਿਸ ਕਾਰਨ ਮੈਦਾਨੀ ਇਲਾਕਿਆਂ ‘ਚ ਠੰਡ ਅਤੇ ਕੰਬਣੀ ਵਧ ਗਈ ਹੈ।
ਪੰਜਾਬ ਵਿੱਚ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ ਹੈ। ਮੌਸਮ ਵਿਭਾਗ (Punjab Weather Update) ਨੇ ਪੰਜਾਬ-ਹਰਿਆਣਾ ਦੇ ਕੁਝ ਇਲਾਕਿਆਂ ‘ਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ, ਜਦਕਿ ਹਿਮਾਚਲ ਅਤੇ ਚੰਡੀਗੜ੍ਹ ‘ਚ ਅੱਜ ਰਾਤ ਤੋਂ ਮੌਸਮ ‘ਚ ਬਦਲਾਅ ਦੇਖਣ ਨੂੰ ਮਿਲੇਗਾ। ਜਿੱਥੇ ਉੱਚੇ ਪਹਾੜੀ ਖੇਤਰਾਂ ਵਿੱਚ ਇੱਕ ਵਾਰ ਫਿਰ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ, ਉੱਥੇ ਹੀ ਸਮਤਲ ਅਤੇ ਨੀਵੇਂ ਇਲਾਕਿਆਂ ਵਿੱਚ ਬਾਰਿਸ਼ ਹੋਵੇਗੀ।
ਦੱਸ ਦੇਈਏ ਕਿ ਬੀਤੇ ਦਿਨੀ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉੱਤਰਾਖੰਡ ਵਿੱਚ ਇਸ ਸਾਲ ਦੀ ਪਹਿਲੀ ਭਾਰੀ ਬਰਫਬਾਰੀ ਹੋਈ, ਜਦੋਂ ਕਿ ਵੱਖ-ਵੱਖ ਥਾਵਾਂ ਖਾਸ ਕਰਕੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪਿਆ। ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਲਈ (Punjab Weather Update) ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਬਠਿੰਡਾ ਅਤੇ ਮਾਨਸਾ ਸ਼ਾਮਿਲ ਹਨ। ਬਾਕੀ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ਘੱਟ ਹੈ। 4 ਫਰਵਰੀ ਨੂੰ ਪੰਜਾਬ ਭਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ਵਿੱਚ ਹਲਕੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਤਾਪਮਾਨ 7 ਤੋਂ 21 ਡਿਗਰੀ ਦੇ ਵਿਚਕਾਰ ਹੋ ਸਕਦਾ ਹੈ।