Gurmeet Ram Rahim: ਕਤਲ ਦੇ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਗਏ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ 14 ਅਕਤੂਬਰ ਨੂੰ 40 ਦਿਨਾਂ ਦੀ ਪੈਰੋਲ ’ਤੇ ਰਿਹਾਅ ਕੀਤਾ ਗਿਆ ਸੀ। ਇਸ ਸਾਲ ਇਹ ਤੀਜੀ ਵਾਰ ਹੈ ਜਦੋਂ ਉਹ ਜੇਲ੍ਹ ਤੋਂ ਬਾਹਰ ਆਇਆ ਹੈ। ਪਿਛਲੀਆਂ ਦੋ ਵਾਰਾਂ ਵਾਂਗ ਇਸ ਵਾਰ ਵੀ ਉਨ੍ਹਾਂ ਇਲਾਕਿਆਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ, ਜਿੱਥੇ ਅੱਜ ਵੀ ਰਾਮ ਰਹੀਮ ਦਾ ਪ੍ਰਭਾਵ ਬਰਕਰਾਰ ਹੈ।
ਸਤਸੰਗ ਕਰਕੇ ਮੁੜ ਵਿਵਾਦਾਂ ‘ਚ ਰਾਮ ਰਹੀਮ
ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਵਿਵਾਦਾਂ ਵਿੱਚ ਹਨ। ਰਾਮ ਰਹੀਮ ਦੇ ਸਤਿਸੰਗ ਵਿੱਚ ਇਕੱਠੇ ਹੋਏ ਸ਼ਰਧਾਲੂ। ਇਸ ਸਤਿਸੰਗ ਵਿੱਚ ਰਾਮ ਰਹੀਮ ਦਾ ਅਸ਼ੀਰਵਾਦ ਲੈਣ ਲਈ ਕਈ ਨੇਤਾ ਵੀ ਪਹੁੰਚੇ। ਰਾਮ ਰਹੀਮ ਨੇ ਉੱਤਰ ਪ੍ਰਦੇਸ਼ ਦੇ ਬਾਗਪਤ ਤੋਂ ਆਨਲਾਈਨ ਸਤਿਸੰਗ (Ram Rahim Online Satsang) ਕੀਤਾ। ਇਸ ਸਤਿਸੰਗ ਵਿੱਚ ਆਗੂਆਂ ਦੀ ਇੱਕ ਲਾਈਨ ਬਣ ਗਈ ਅਤੇ ਇਸ ਤੋਂ ਬਾਅਦ ਹਰਿਆਣਾ ਵਿੱਚ ਸਿਆਸੀ ਹੰਗਾਮਾ ਹੋ ਗਿਆ।
ਸਤਿਸੰਗ ਦੌਰਾਨ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੀਆਂ ਪੰਚਾਇਤੀ ਚੋਣਾਂ ਵਿੱਚ ਖੜ੍ਹੇ ਉਮੀਦਵਾਰਾਂ ਨੇ ਵੀ ਅਸ਼ੀਰਵਾਦ ਲਿਆ। ਇਸ ਦੇ ਨਾਲ ਹੀ ਭਾਜਪਾ ਦੇ ਕੁਝ ਨੇਤਾਵਾਂ ਨੇ ਵੀ ਸਤਿਸੰਗ ਵਿੱਚ ਸ਼ਿਰਕਤ ਕੀਤੀ। ਇਨ੍ਹਾਂ ਵਿੱਚ ਨਗਰ ਨਿਗਮ ਦੀ ਮੇਅਰ ਰੇਣੂ ਬਾਲਾ ਗੁਪਤਾ, ਜ਼ਿਲ੍ਹਾ ਪ੍ਰਧਾਨ ਯੋਗਿੰਦਰ ਰਾਣਾ, ਡਿਪਟੀ ਮੇਅਰ ਨਵੀਨ ਕੁਮਾਰ ਅਤੇ ਸੀਨੀਅਰ ਡਿਪਟੀ ਮੇਅਰ ਰਾਜੇਸ਼ ਦੇ ਨਾਂ ਸ਼ਾਮਲ ਹਨ।
ਡਿਪਟੀ ਮੇਅਰ ਦੀ ਸਫਾਈ – ਚੋਣ ਨਾਲ ਸਬੰਧਤ ਨਹੀਂ
ਸੀਨੀਅਰ ਡਿਪਟੀ ਮੇਅਰ ਨੇ ਕਿਹਾ, ‘ਬਾਬਾ ਜੀ ਦਾ ਸਤਿਸੰਗ ਸੀ, ਉਨ੍ਹਾਂ ਨੂੰ ਸਾਧ ਸੰਗਤ ਨੇ ਸਤਿਸੰਗ ਲਈ ਬੁਲਾਇਆ ਸੀ ਅਤੇ ਯੂਪੀ ਤੋਂ ਆਨਲਾਈਨ ਸਤਿਸੰਗ ਕੀਤਾ ਗਿਆ ਸੀ। ਸੱਦੇ ’ਤੇ ਪਹੁੰਚ ਕੇ ਸੰਗਤਾਂ ਨਾਲ ਮੇਲ-ਮਿਲਾਪ ਹੋ ਗਿਆ। ਮੇਰੇ ਵਾਰਡ ਦੇ ਬਹੁਤ ਸਾਰੇ ਲੋਕ ਬਾਬੇ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਪ੍ਰੋਗਰਾਮ ਸੀ। ਅਸੀਂ ਸਮਾਜਿਕ ਸਬੰਧਾਂ ਤੋਂ ਪ੍ਰੋਗਰਾਮ ਤੱਕ ਪਹੁੰਚੇ। ਭਾਰਤੀ ਜਨਤਾ ਪਾਰਟੀ ਅਤੇ ਚੋਣਾਂ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈ।
ਰਾਮ ਰਹੀਮ ਨੂੰ ਵਾਰ-ਵਾਰ ਮਿਲ ਰਹੀ ਪੈਰੋਲ ‘ਤੇ ਪ੍ਰਤੀਕਿਰਿਆ
ਪੈਰੋਲ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਨੇਤਾ ਉਦਿਤ ਰਾਜ ਨੇ ਕਿਹਾ ਕਿ ਰਾਮ ਰਹੀਮ ਨੂੰ ਇਹ ਰਾਹਤ ਆਦਮਪੁਰ ਉਪ ਚੋਣ ‘ਚ ਭਾਜਪਾ ਦੀ ਮਦਦ ਕਰਨ ਦੇ ਉਦੇਸ਼ ਨਾਲ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਇਨੈਲੋ ਵਿਧਾਇਕ ਅਭੈ ਚੌਟਾਲਾ ਨੇ ਇਹ ਵੀ ਪੁੱਛਿਆ ਕਿ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਕਿਉਂ ਦਿੱਤੀ ਜਾਂਦੀ ਹੈ ਜਦਕਿ ਬਾਕੀ ਦੋਸ਼ੀਆਂ ਨੂੰ ਬਰਾਬਰ ਦੀ ਰਾਹਤ ਦੇਣ ਤੋਂ ਇਨਕਾਰ ਕੀਤਾ ਜਾਂਦਾ ਹੈ।
ਜੇਲ੍ਹ ਮੰਤਰੀ ਨੇ ਦਿੱਤਾ ਸਪਸ਼ਟੀਕਰਨ
ਹਰਿਆਣਾ ਦੇ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਅਧਿਕਾਰੀ ਜੇਲ੍ਹ ਮੈਨੂਅਲ ਮੁਤਾਬਕ ਚਲਦੇ ਹਨ। ਉਨ੍ਹਾਂ ਕਿਹਾ ਕਿ, “ਜੇਲ੍ਹ ਵਿਭਾਗ ਦਾ ਫਰਜ਼ ਕੈਦੀਆਂ ਦੀ ਦੇਖਭਾਲ ਕਰਨਾ ਹੈ। ਕਿਸੇ ਕੈਦੀ ਦੀ ਪੈਰੋਲ ਜਾਂ ਫਰਲੋ ਕਾਨੂੰਨ ਮੁਤਾਬਕ ਸਮਰੱਥ ਅਥਾਰਟੀ (ਡਿਪਟੀ ਅਤੇ ਡਿਵੀਜ਼ਨਲ ਕਮਿਸ਼ਨਰ) ਵਲੋਂ ਤੈਅ ਕੀਤੀ ਜਾਂਦੀ ਹੈ। ਉਸਦੀ ਪੈਰੋਲ ਇੱਕ ਮੁੱਦਾ ਬਣ ਜਾਂਦੀ ਹੈ ਕਿਉਂਕਿ ਇਹ ਇੱਕ ਹਾਈ ਪ੍ਰੋਫਾਈਲ ਮਾਮਲਾ ਹੈ। ਬਹੁਤ ਸਾਰੇ ਅਜਿਹੇ ਕੈਦੀ ਹਨ ਜੋ ਘਿਨਾਉਣੇ ਅਪਰਾਧਾਂ ਦੇ ਦੋਸ਼ੀ ਹਨ ਜਿਨ੍ਹਾਂ ਨੂੰ ਮੀਡੀਆ ਦੇ ਧਿਆਨ ਤੋਂ ਬਿਨਾਂ ਪੈਰੋਲ ਮਿਲ ਜਾਂਦੀ ਹੈ।”