Ram Rahim Dera in Punjab: ਵੀਰਵਾਰ ਨੂੰ ਆਨਲਾਈਨ ਸਤਿਸੰਗ ‘ਚ ਗੁਰਮੀਤ ਰਾਮ ਰਹੀਮ ਨੇ ਪੰਜਾਬ ‘ਚ ਇਕ ਹੋਰ ਡੇਰਾ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ। ਬਠਿੰਡਾ ਦੇ ਸਲਾਬਤਪੁਰਾ ਤੋਂ ਬਾਅਦ ਪੰਜਾਬ ‘ਚ ਇਹ ਦੂਸਰਾ ਡੇਰਾ ਹੋਵੇਗਾ। ਇਹ ਡੇਰਾ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਸ਼ਹਿਰ ‘ਚ ਖੋਲ੍ਹਿਆ ਜਾਵੇਗਾ। ਦਰਅਸਲ ਆਨਲਾਈਨ ਸਤਿਸੰਗ ਦੌਰਾਨ ਰਾਮ ਰਹੀਮ ਸੁਨਾਮ ਦੀ ਸੰਗਤ ਨਾਲ ਰੂਬਰੂ ਹੋਇਆ ਤਾਂ ਡੇਰਾ ਪ੍ਰੇਮੀਆਂ ਨੇ ਉੱਥੇ ਸਥਿਤ ਨਾਮ ਚਰਚਾ ਘਰ ਨੂੰ ਡੇਰੇ ‘ਚ ਤਬਦੀਲ ਕਰਨ ਦੀ ਮੰਗ ਰੱਖੀ। ਇਹ ਸੁਣ ਕੇ ਰਾਮ ਰਹੀਮ ਨੇ ਤੁਰੰਤ ਉਨ੍ਹਾਂ ਦੀ ਗੱਲ ਮੰਨ ਲਈ ਤੇ ਐਡਮਿਨਿਸਟ੍ਰੇਸ਼ਨ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ।
ਹਾਲਾਂਕਿ ਰਾਮ ਰਹੀਮ ਨੇ ਪੁੱਛਿਆ ਕਿ ਉਨ੍ਹਾਂ ਕੋਲ ਡੇਰੇ ਲਈ ਲੋੜੀਂਦੀ ਜਗ੍ਹਾ ਹੈ ਤਾਂ ਉਨ੍ਹਾਂ ਭਰੋਸਾ ਦਿੱਤਾ ਕਿ ਉਹ ਨਾਮ ਚਰਚਾ ਘਰ ਦੇ ਆਲੇ-ਦੁਆਲੇ ਦੀ ਜ਼ਮੀਨ ਖਰੀਦ ਲੈਣਗੇ। ਤੁਹਾਨੂੰ ਦੱਸ ਦੇਈਏ ਕਿ ਡੇਰਾ ਸਿਰਸਾ ਤੋਂ ਬਾਅਦ ਬਠਿੰਡਾ ਦੇ ਸਲਾਬਤਪੁਰਾ ‘ਚ ਦੂਜਾ ਸਭ ਤੋਂ ਵੱਡਾ ਡੇਰਾ ਹੈ।
ਦੂਜੇ ਪਾਸੇ ਸਿੱਖਾਂ ‘ਚ ਪਹਿਲਾਂ ਹੀ ਰਾਮ ਰਹੀਮ ਪ੍ਰਤੀ ਰੋਸ ਹੈ। ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲੇ, ਬਰਗਾੜੀ ਕਾਂਡ, ਮੌੜ ਮੰਡੀ ਬਲਾਸਟ ‘ਚ ਕਈ ਡੇਰਾ ਪ੍ਰੇਮੀ ਨਾਮਜ਼ਦ ਹਨ। ਬਰਗਾੜੀ ਕਾਂਡ ਮਾਮਲੇ ‘ਚ ਰਾਮ ਰਹੀਮ ਤੋਂ SIT ਪੁੱਛਗਿੱਛ ਕਰ ਚੁੱਕੀ ਹੈ। ਚੇਤੇ ਰਹੇ ਕਿ ਸਾਲ 2007 ‘ਚ ਰਾਮ ਰਹੀਮ ਨੇ ਡੇਰਾ ਸਲਾਬਤਪੁਰਾ ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਂਗ ਹੀ ਭੇਸ ਧਾਰਨ ਕੀਤਾ ਸੀ, ਜਿਸ ‘ਤੇ ਵਿਵਾਦ ਹੋ ਗਿਆ ਸੀ। ਉਦੋਂ ਤੋਂ ਲੈ ਕੇ ਡੇਰਾ ਪ੍ਰੇਮੀਆਂ ਤੇ ਸਿੱਖਾਂ ਵਿਚਾਲੇ ਵਿਵਾਦ ਚੱਲ ਰਿਹਾ ਹੈ। ਉੱਥੇ ਹੀ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਆਨਲਾਈਨ ਸਤਿਸੰਗ ‘ਚ ਕਈ ਭਾਜਪਾ ਆਗੂਆਂ ਦੇ ਸ਼ਾਮਲ ਹੋਣ ਦੀ ਚਰਚਾ ਚੁਫੇਰੇ ਹੈ।
40 ਦਿਨ ਦੀ ਪੈਰੋਲ ‘ਤੇ ਬਾਹਰ ਹੈ ਰਾਮ ਰਹੀਮ
ਹਰਿਆਣਾ ਦੇ ਜ਼ਿਲ੍ਹਾ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ 40 ਦਿਨਾਂ ਦੀ ਪੈਰੋਲ ‘ਤੇ ਬਾਹਰ ਆਇਆ ਹੈ। ਇਸ ਤੋਂ ਬਾਅਦ ਉਹ ਸ਼ਨੀਵਾਰ ਸਵੇਰੇ ਬਾਗਪਤ ਦੇ ਬਰਨਾਵਾ ਸਥਿਤ ਡੇਰਾ ਸੱਚਾ ਸੌਦਾ ਆਸ਼ਰਮ ਪਹੁੰਚ ਗਿਆ। ਪੈਰੋਲ ਦੌਰਾਨ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਬਾਗਪਤ ਦੇ ਆਸ਼ਰਮ ‘ਚ ਰਹੇਗਾ।