ਇਸ ਵਾਰ ਮਈ ਮਹੀਨੇ ‘ਚ ਚੰਡੀਗੜ੍ਹ ਸ਼ਹਿਰ ਦੇ ਲੋਕਾਂ ਨੂੰ ਰੋਜ਼ਾਨਾ ਔਸਤਨ 40 ਡਿਗਰੀ ਤੋਂ ਵੱਧ ਦੀ ਗਰਮੀ ਦੀ ਤਪਸ਼ ਝੱਲਣੀ ਪਈ।ਮਈ ਮਹੀਨੇ ਦੀ ਗਰਮੀ ਨੇ ਨਾ ਸਿਰਫ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ, ਸਗੋਂ ਮਹੀਨੇ ਦੇ ਔਸਤ ਤਾਪਮਾਨ ਨੇ ਵੀ ਅਜਿਹਾ ਰਿਕਾਰਡ ਬਣਾਇਆ, ਜੋ ਚੰਡੀਗੜ੍ਹ ਮੌਸਮ ਵਿਭਾਗ ਦੀ ਰਿਕਾਰਡ ਸ਼ੀਟ ‘ਚ ਇਸ ਤੋਂ ਪਹਿਲਾਂ ਕਦੇ ਦਰਜ ਨਹੀਂ ਸੀ ਹੋਇਆ।ਇਸ ਵਾਰ ਮਈ ‘ਚ ਇੰਨੀ ਭਿਆਨਕ ਗਰਮੀ ਪਈ ਕਿ ਪੂਰੇ ਮਹੀਨੇ ਹੀ ਰੋਜ਼ਾਨਾ ਦਾ ਔਸਤ ਤਾਪਮਾਨ 40.2 ਡਿਗਰੀ ਦਰਜ ਕੀਤਾ ਗਿਆ।
2 ਮਈ ਤੋਂ ਬਾਅਦ ਅਚਾਨਕ ਗਰਮੀ ਇੰਨੀ ਵਧਣ ਲੱਗੀ ਕਿ 5 ਮਈ ਤੇ 7 ਮਈ ਨੂੰ ਤਾਪਮਾਨ 40 ਡਿਗਰੀ ਤੋਂ ਉਪਰ ਚਲਾ ਗਿਆ।
ਫਿਰ 8 ਦਿਨ ਤੱਕ ਪਾਰਾ 40 ਡਿਗਰੀ ਤੋਂ ਹੇਠਾਂ ਰਿਹਾ ਪਰ 16 ਮਈ ਤੋਂ ਬਾਅਦ ਸਿਰਫ ਇਕ ਦਿਨ ਨੂੰ ਛੱਡ ਕੇ ਕਦੇ ਵੀ ਪਾਰਾ 40 ਡਿਗਰੀ ਤੋਂ ਹੇਠਾਂ ਨਹੀਂ ਆਇਆ।ਮਈ ਦੇ ਇਸੇ ਦੂਜੇ ਪੰਦਰਵਾੜੇ ‘ਚ ਇਸ ਵਾਰ ਚੰਡੀਗੜ੍ਹ ‘ਚ ਸੂਰਜ ਦੀ ਤਪਸ਼ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਤੇ ਸ਼ਹਿਰ ਵਾਸੀਆਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਨਹੀਂ ਲੈਣ ਦਿੱਤੀ।ਰਾਹਤ ਦੀ ਗੱਲ ਇਹ ਹੈ ਕਿ ਇਸ ਵਾਰ ਸਹੀ ਰਫਤਾਰ ਨਾਲ ਅੱਗੇ ਵੱਧ ਰਿਹਾ ਮਾਨਸੂਨ 28 ਜੂਨ ਤਕ ਚੰਡੀਗੜ੍ਹ ਪਹੁੰਚ ਜਾਵੇਗਾ।
ਮਈ ਮਹੀਨੇ ‘ਚ ਅੱਤ ਦੀ ਗਰਮੀ ਨੂੰ ਝੱਲਣ ਤੋਂ ਬਾਅਦ ਸ਼ਹਿਰ ਵਾਸੀਆਂ ਲਈ ਰਾਹਤ ਦੀ ਖ਼ਬਰ ਇਹ ਹੈ ਕਿ 6 ਜੂਨ ਤੱਕ ਤਾਪਮਾਨ ‘ਚ ਵਾਧਾ ਨਹੀਂ ਹੋਵੇਗਾ।ਇਸ ਦੌਰਾਨ 4 ਤੋਂ 6 ਜੂਨ ਦਰਮਿਆਨ ਹਲਕਾ ਮੀਂਹ ਪੈਣ ਦੀ ਸੰਭਾਵਨਾ ਵੀ ਹੈ।ਸਭ ਤੋਂ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇਸ ਵਾਰ 30 ਜੂਨ ਨੂੰ ਕੇਰਲ ਪਹੁੰਚਿਆ ਮਾਨਸੂਨ ਸਹੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ ਤੇ ਜੇ ਇਸ ਦੌਰਾਨ ਮਾਨਸੂਨ ਦੇ ਅੱਗੇ ਵਧਣ ‘ਚ ਕੋਈ ਰੁਕਾਵਟ ਨਾ ਆਈ ਤਾਂ 28 ਜੂਨ ਤੱਕ ਮਾਨਸੂਨ ਚੰਡੀਗੜ੍ਹ ਪਹੁੰਚ ਜਾਵੇਗਾ ਤੇ ਮੀਂਹ ਪੈ ਜਾਵੇਗਾ।15 ਜੂਨ ਤੋਂ ਬਾਅਦ ਪਹਾੜਾਂ ‘ਚ ਪ੍ਰੀ-ਮਾਨਸੂਨ ਦਾ ਮੀਂਹ ਪੈਣ ਕਾਰਨ ਸ਼ਹਿਰ ਦਾ ਤਾਪਮਾਨ 40 ਡਿਗਰੀ ਤੱਕ ਡਿੱਗ ਸਕਦਾ ਹੈ।