Punjabi Folk Singer Surinder Kaur: ਮਿੱਠੀ ਆਵਾਜ਼ ਦੀ ਮਲਿਕਾ, ਸੁਰ ਤਾਲ ਲੈਅ ਦੀ ਪੱਕੀ ਅਤੇ ਦੇਸੀ ਸੰਗੀਤ ਦੀ ਮਹਿਕ ਆਪਣੀ ਗਾਇਕੀ ਰਾਹੀਂ ਕੁੱਲ ਦੁਨੀਆਂ ਵਿਚ ਫੈਲਾਉਣ ਵਾਲੀ ਪੰਜਾਬੀ ਲੋਕ ਗਾਇਕਾ ਸੁਰਿੰਦਰ ਕੌਰ ਨੂੰ ਸਾਡੇ ਕੋਲੋਂ ਵਿੱਛੜਿਆ ਕਈ ਵਰ੍ਹੇ ਹੋ ਗਏ ਹਨ। ਪੰਜਾਬ ਦੀ ਕੋਇਲ ਦੇ ਨਾਂ ਨਾਲ ਜਾਣੀ ਜਾਣ ਵਾਲੀ ਇਸ ਮਹਾਨ ਲੋਕ ਗਾਇਕਾ ਨੇ ਆਪਣੀ ਗਾਇਕੀ ਦੇ ਸਫ਼ਰ ਦੌਰਾਨ ਅਣਗਿਣਤ ਹਿੱਟ ਗੀਤ ਗਾਏ।
ਸੁਰਿੰਦਰ ਕੌਰ ਦਾ ਜਨਮ 25 ਨਵੰਬਰ 1929 ਨੂੰ ਸਾਂਝੇ ਪੰਜਾਬ ਵਿਚ ਲਾਹੌਰ ਵਿਖੇ ਦੀਵਾਨ ਬਿਸ਼ਨ ਸਿੰਘ ਦੇ ਗ੍ਰਹਿ ਮਾਤਾ ਮਾਇਆ ਦੇਵੀ ਦੀ ਕੁੱਖੋਂ ਹੋਇਆ। ਸੁਰਿੰਦਰ ਕੌਰ ਨੂੰ ਗਾਇਕੀ ਦਾ ਸ਼ੌਂਕ ਬਚਪਨ ਵਿਚ ਘਰ ਵਿਚੋਂ ਹੀ ਲੱਗਿਆ ਜਾਂ ਕਹਿ ਲਈਏ ਕਿ ਗਾਇਕੀ ਵਿਰਾਸਤ ਚੋਂ ਮਿਲੀ, ਕਿਉਂਕਿ ਉਸ ਦੀਆਂ ਵੱਡੀਆਂ ਭੈਣਾਂ ਪ੍ਰਕਾਸ਼ ਕੌਰ ਅਤੇ ਨਰਿੰਦਰ ਕੌਰ ਵੀ ਗਾਉਂਦੀਆਂ ਸੀ। ਬੇਸ਼ੱਕ ਸੁਰਿੰਦਰ ਕੌਰ ਦੀਆਂ ਭੈਣਾਂ ਨੇ ਵੀ ਗਾਇਕੀ ਵਿੱਚ ਪ੍ਰਸਿੱਧੀ ਹਾਸਲ ਕੀਤੀ, ਪਰ ਜੋ ਮਾਣ-ਸਤਿਕਾਰ, ਸ਼ੁਹਰਤ ਸੁਰਿੰਦਰ ਕੌਰ ਨੂੰ ਪ੍ਰਾਪਤ ਹੋਇਆ ਉਹ ਬੇਮਿਸਾਲ ਹੈ ਅਤੇ ਉਸ ਦਾ ਕੋਈ ਸਾਨੀ ਨਹੀਂ।
ਸੁਰਿੰਦਰ ਕੌਰ ਪੰਜਾਬ ਦੀ ਹੀ ਨਹੀਂ, ਸਗੋਂ ਸੰਸਾਰ ਪੱਧਰ ‘ਤੇ ਪ੍ਰਸਿੱਧੀ ਹਾਸਲ ਕਰਨ ਵਾਲੀ ਪੰਜਾਬੀ ਗਾਇਕਾ ਸੀ। ਸੁਰਿੰਦਰ ਕੌਰ ਜਿੰਨੀ ਨਰਮ ਸੁਭਾਅ, ਸਾਦੇਪਣ ਦੀ ਮੂਰਤ, ਹਸਮੁੱਖ ਸੀ, ਉਸ ਤੋਂ ਵੀ ਜ਼ਿਆਦਾ ਉਹ ਆਪਣੀ ਖੂਬਸੂਰਤੀ ਅਤੇ ਸੁਰੀਲੀ ਆਵਾਜ਼ ਸਦਕਾ ਪੰਜਾਬੀਆਂ ਦੇ ਦਿਲਾਂ ‘ਤੇ ਸੱਤ ਦਹਾਕੇ ਛਾਈ ਰਹੀ। ਸੁਰਿੰਦਰ ਕੌਰ ਗਾਇਕੀ ਦਾ ਵਗਦਾ ਦਰਿਆ ਸੀ। ਉਨ੍ਹਾਂ ਦੀ ਵਿਲੱਖਣ ਹੇਕ ਅਤੇ ਹੂਕ ਨੇ ਜਿੱਥੇ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕੀਤੀ, ਉੱਥੇ ਪੰਜਾਬਣ ਮੁਟਿਆਰ ਦੇ ਹਾਵ ਭਾਵ ਵੀ ਗਾਇਨ ਕਲਾ ਜ਼ਰੀਏ ਸਰੋਤਿਆਂ ਦੇ ਸਨਮੁੱਖ ਕੀਤੇ।
ਸੁਰਿੰਦਰ ਕੌਰ ਨੂੰ ਸਿੱਖਣ ਦੀ ਇੰਨੀ ਖਿੱਚ ਸੀ ਕਿ ਉਸ ਨੂੰ ਜਿੱਥੋਂ ਕਿਧਰੋਂ ਵੀ ਸਿੱਖਣ ਦਾ ਮੌਕਾ ਮਿਲਿਆ, ਉੱਥੋਂ ਸਿੱਖਿਆ ਅਤੇ ਕਿਸੇ ਮੌਕੇ ਨੂੰ ਹੱਥੋਂ ਨਹੀਂ ਜਾਣ ਦਿੱਤਾ। ਉਨ੍ਹਾਂ ਨੇ ਅਨਾਇਤ ਹੁਸੈਨ ਅਤੇ ਪੰਡਤ ਮਾਨੀ ਪ੍ਰਸ਼ਾਦ ਤੋਂ ਸ਼ਾਸਤਰੀ ਸੰਗੀਤ ਦੀ ਸਿੱਖਿਆ ਲਈ, ਪਟਿਆਲਾ ਘਰਾਣੇ ਦੇ ਉਸਤਾਦਾਂ ਤੋਂ ਸ਼ਾਸਤਰੀ ਸੰਗੀਤ, ਠੁਮਰੀ ਅਤੇ ਗ਼ਜ਼ਲ ਦੀ ਸਿੱਖਿਆ ਲਈ। ਇਸ ਤਰ੍ਹਾਂ ਹੀ ਕੁੰਦਨ ਲਾਲ ਸ਼ਰਮਾ ਤੋਂ ਕਾਫ਼ੀਆਂ ਗਾਉਣ ਦਾ ਹੁਨਰ ਸਿੱਖਿਆ। ਸੁਰਿੰਦਰ ਕੌਰ ਨੂੰ 12 ਸਾਲ ਦੀ ਉਮਰ ਵਿਚ ਪਹਿਲੀ ਵਾਰ ਲਾਹੌਰ ਰੇਡੀਓ ਸਟੇਸ਼ਨ ਤੋਂ ਬੱਚਿਆਂ ਦੇ ਪ੍ਰੋਗਰਾਮ ਵਿਚ ਗਾਉਣ ਦਾ ਮੌਕਾ ਮਿਲਿਆ। ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ।
ਉਸ ਦੀ ਅਵਾਜ਼ ਤੋਂ ਪ੍ਰਭਾਵਿਤ ਹੋ ਕੇ ਰੇਡੀਓ ਸਟੇਸ਼ਨ ਦੇ ਪ੍ਰਬੰਧਕਾਂ ਨੇ ਉਸ ਨੂੰ ਅਕਸਰ ਹੀ ਰੇਡੀਓ ਸਟੇਸ਼ਨ ‘ਤੇ ਬੁਲਾਉਣਾ ਅਤੇ ਗਵਾਉਣਾ ਸ਼ੁਰੂ ਕਰ ਦਿੱਤਾ। ਜਿਸ ਨਾਲ ਉਸ ਦੀ ਮਸ਼ਹੂਰੀ ਏਨੀਂ ਵਧ ਗਈ ਕਿ ਉਸ ਨੂੰ ਫਿਲਮ ਇੰਡਸਟਰੀ ਵਾਲਿਆਂ ਅਤੇ ਪ੍ਰਸਿੱਧ ਰਿਕਾਡਿੰਗ ਕੰਪਨੀ ਐਚ. ਐਮ. ਵੀ. (ਹਿਜ਼ ਮਾਸਟਰਜ਼ ਵਾਇਸ) ਵਾਲਿਆਂ ਨੇ ਰਿਕਾਡਿੰਗ ਲਈ ਸੱਦਾ ਭੇਜਿਆ।
ਸੁਰਿੰਦਰ ਕੌਰ ਦਾ ਨਵੰਬਰ 1943 ਵਿਚ ਪਹਿਲਾ ਗੀਤ ਰਿਕਾਰਡ ਹੋਇਆ। ਜਿਸ ਦੇ ਬੋਲ ਸਨ “ਮਾਂਵਾਂ ਤੇ ਧੀਆਂ ਰਲ਼ ਬੈਠੀਆਂ ਨੀ ਮਾਏਂ।” ਇਸ ਗੀਤ ਨੂੰ ਐਨੀ ਪ੍ਰਸਿੱਧੀ ਮਿਲੀ ਕਿ ਇਹ ਹਰ ਇੱਕ ਦੀ ਜ਼ੁਬਾਨ ਤੇ ਚੜ੍ਹ ਗਿਆ।ਇਹੀ ਗੀਤ ਸੁਰਿੰਦਰ ਕੌਰ ਨੇ ਆਪਣੀ ਭੈਣ ਪ੍ਰਕਾਸ਼ ਕੌਰ ਨਾਲ ਅੰਮ੍ਰਿਤਸਰ ਅਕਾਲੀ ਕਾਨਫਰੰਸ ਵਿਚ ਵੀ ਗਾਇਆ। ਇੱਥੇ ਵੀ ਮਿਲੇ ਬੇਹੱਦ ਪਿਆਰ ਅਤੇ ਸਤਿਕਾਰ ਸਦਕਾ ਸੁਰਿੰਦਰ ਕੌਰ ਨੇ ਆਪਣਾ ਜੀਵਨ ਪੰਜਾਬੀ ਗਾਇਕੀ ਅਤੇ ਸੱਭਿਆਚਾਰ ਨੂੰ ਅਰਪਿਤ ਕਰਨ ਦਾ ਪੱਕਾ ਮਨ ਬਣਾਇਆ।
1947 ਦੀ ਵੰਡ ਸਮੇਂ ਸੁਰਿੰਦਰ ਕੌਰ ਦਾ ਪਰਿਵਾਰ ਲਾਹੌਰ ਛੱਡ ਕੇ ਭਾਰਤ ਦੇ ਗਾਜ਼ੀਆਬਾਦ ਵਿਖੇ ਆ ਵਸਿਆ। ਸੰਨ 1948 ਵਿਚ ਸੁਰਿੰਦਰ ਕੌਰ ਦਾ ਵਿਆਹ ਦਿੱਲੀ ਦੇ ਪ੍ਰੋਫ਼ੈਸਰ ਜੁਗਿੰਦਰ ਸਿੰਘ ਨਾਲ ਹੋਇਆ। ਪ੍ਰੋਫ਼ੈਸਰ ਜੁਗਿੰਦਰ ਸਿੰਘ ਦਾ ਸੁਰਿੰਦਰ ਕੌਰ ਦੇ ਮਕਬੂਲ ਗਾਇਕਾ ਬਣਨ ਵਿਚ ਵੱਡਾ ਯੋਗਦਾਨ ਰਿਹਾ ਹੈ। ਉਹ ਸੁਰਿੰਦਰ ਕੌਰ ਨੂੰ ਗਾਇਕੀ ਲਈ ਵਧੀਆ ਮਟੀਰੀਅਲ, ਕਵਿਤਾਵਾਂ, ਵਿਸ਼ਾ ਵਸਤੂ ਮੁਹੱਈਆ ਕਰਵਾਉਣ ਦੇ ਨਾਲ ਨਾਲ ਵਧੀਆ ਸੰਗੀਤ ਧੁਨਾਂ ਵਿਚ ਗਾਉਣ ਲਈ ਅਤੇ ਰਿਆਜ਼ ਕਰਨ ਲਈ ਉਤਸ਼ਾਹਿਤ ਕਰਦੇ।
ਸੁਰਿੰਦਰ ਕੌਰ ਨੇ ਕੁਝ ਸਮਾਂ ਮੁੰਬਈ (ਬੰਬਈ) ਰਹਿ ਕੇ ਹਿੰਦੀ ਦੀਆਂ 22-23 ਦੇ ਕਰੀਬ ਫਿਲਮਾਂ ਵਿਚ ਗਾਇਆ ਜਿੰਨਾ ਵਿਚ ਸ਼ਹੀਦ ਫਿਲਮ ਦਾ ਨਾਂ ਜ਼ਿਕਰਯੋਗ ਹੈ। ਸੁਰਿੰਦਰ ਕੌਰ ਨੇ ਭਾਵੇਂ ਹਿੰਦੀ ਫਿਲਮਾਂ ਵਿਚ ਗਾਇਆ, ਪਰ ਉਨ੍ਹਾਂ ਦਾ ਜ਼ਿਆਦਾ ਰੁਝਾਨ ਪੰਜਾਬੀ ਗਾਇਕੀ ਵੱਲ ਸੀ।
1951 ਵਿਚ ਉਹ ਮੁੰਬਈ ਤੋਂ ਵਾਪਸ ਦਿੱਲੀ ਆ ਗਏ। ਜਿੱਥੇ ਉਨ੍ਹਾਂ ਨੇ ਇੰਡੀਅਨ ਪੀਪਲਜ਼ ਐਸੋਸੀਏਸ਼ਨ ਲਈ ਕੰਮ ਕਰਦਿਆਂ ਪੰਜਾਬ ਦੀਆਂ ਸਟੇਜਾਂ ‘ਤੇ ਬਾਕਮਾਲ ਪੇਸ਼ਕਾਰੀ ਕੀਤੀ ਅਤੇ ਲੋਕਾਂ ਨੂੰ ਸ਼ਾਂਤੀ, ਸਨੇਹ ਅਤੇ ਪਿਆਰ ਦਾ ਸੁਨੇਹਾ ਦਿੱਤਾ। ਸੁਰਿੰਦਰ ਕੌਰ ਦਾ ਸਧਾਰਨ ਲੋਕ ਸਾਜ਼ਾਂ ਦੀ ਵਰਤੋਂ ਕਰਦਿਆਂ ਹੱਥ ਵਿਚ ਘੁੰਗਰੂ ਫ਼ੜ ਕੇ ਤਾਲ ਦੇਣ ਦਾ ਵਿਲੱਖਣ ਅੰਦਾਜ਼, ਉੱਚੀ ਹੇਕ ਸਰੋਤਿਆਂ ਨੂੰ ਘੰਟਿਆਂ ਬੱਧੀ ਕੀਲ ਰੱਖਣ ਅਤੇ ਮੰਤਰ ਮੁਗਧ ਕਰਨ ਦੇ ਸਮਰੱਥ ਸੀ। ਸੁਰਿੰਦਰ ਕੌਰ ਨੇ ਜਿੱਥੇ ਆਪਣੀਆਂ ਭੈਣਾਂ ਪ੍ਰਕਾਸ਼ ਕੌਰ, ਨਰਿੰਦਰ ਕੌਰ ਨਾਲ ਗਾਇਆ, ਉੱਥੇ ਪ੍ਰਸਿੱਧ ਪੰਜਾਬੀ ਗਾਇਕਾਂ ਹਰਚਰਨ ਗਰੇਵਾਲ, ਦੀਦਾਰ ਸੰਧੂ ਨਾਲ ਗਾਇਆ ਅਤੇ ਸਭ ਤੋਂ ਵੱਧ ਆਸਾ ਸਿੰਘ ਮਸਤਾਨਾ ਨਾਲ ਸਟੇਜਾਂ ਸਾਂਝੀਆਂ ਕੀਤੀਆਂ।
ਸੁਰਿੰਦਰ ਕੌਰ ਦੀ ਸੁਰੀਲੀ ਗਾਇਕੀ ਦੇ ਮੁਰੀਦ ਸਰੋਤਿਆਂ ਨੇ ਉਸ ਨੂੰ ਪੰਜਾਬ ਦੀ ‘ਕੋਇਲ’ ਦੀ ਉਪਾਧੀ ਨਾਲ ਨਿਵਾਜਿਆ ਜੋ ਕੇਵਲ ਤੇ ਕੇਵਲ ਉਸ ਦੇ ਹਿੱਸੇ ਹੀ ਆਇਆ ਹੈ। ਸੁਰਿੰਦਰ ਕੌਰ ਨੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਤੋਂ ਇਲਾਵਾ ਵਿਦੇਸ਼ਾਂ ਜਿਵੇਂ ਕੈਨੇਡਾ, ਅਮਰੀਕਾ, ਇੰਗਲੈਂਡ, ਅਫਰੀਕਾ ਗੱਲ ਕੀ ਦੁਨੀਆਂ ਭਰ ਦੇ ਦੇਸ਼ਾਂ ਵਿਚ ਆਪਣੀ ਸੁਰੀਲੀ ਗਾਇਕੀ ਦਾ ਲੋਹਾ ਮਨਵਾਇਆ। ਸੰਨ 1984 ਵਿਚ ਸੰਗੀਤ ਨਾਟਕ ਅਕਾਦਮੀ ਵੱਲੋਂ ਸੁਰਿੰਦਰ ਕੌਰ ਨੂੰ ‘ਮਿਲੇਨੀਅਮ ਪੰਜਾਬੀ ਗਾਇਕਾ ਪੁਰਸਕਾਰ ਅਤੇ 2002 ਵਿਚ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਡਾਕਟਰੇਟ ਦੀ ਡਿਗਰੀ ਨਾਲ ਨਿਵਾਜਿਆ ਗਿਆ।
ਇਸ ਤੋਂ ਇਲਾਵਾ ਸੰਨ 2006 ਵਿਚ ਪੰਜਾਬੀ ਸੱਭਿਆਚਾਰ ਨੂੰ ਦਿੱਤੀ ਵੱਡੀ ਦੇਣ, ਗਾਇਕੀ ਦੇ ਖੇਤਰ ਵਿਚ ਵਿਲੱਖਣ ਪ੍ਰਾਪਤੀਆਂ, ਲੋਕਾਂ ਵੱਲੋਂ ਮਿਲੇ ਵੱਡੇ ਪਿਆਰ ਅਤੇ ਹੁੰਗਾਰੇ ਨੂੰ ਦੇਖਦਿਆਂ ਤਤਕਾਲੀ ਰਾਸ਼ਟਰਪਤੀ ਡਾਕਟਰ ਏ. ਪੀ. ਜੇ. ਅਬਦੁਲ ਕਲਾਮ ਵੱਲੋਂ ਉਨ੍ਹਾਂ ਨੂੰ ਵੱਡੇ ਸਨਮਾਨ ਭਾਵ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਐਵਾਰਡ ਨਾਲ ਪੰਜਾਬੀ ਸੱਭਿਆਚਾਰ, ਪੰਜਾਬੀ ਗਾਇਕੀ ਦਾ ਮਾਣ ਵੀ ਵਧਿਆ।
ਸੁਰਿੰਦਰ ਕੌਰ ਦੀ ਦਿਲੀ ਇੱਛਾ ਸੀ ਕਿ ਉਹ ਚੰਡੀਗੜ੍ਹ ਦੇ ਨਜ਼ਦੀਕ ਜ਼ੀਰਕਪੁਰ ਵਿਖੇ ਮਕਾਨ ਬਣਾਇਆ ਜਾਵੇ। ਇਸ ਕਾਰਨ ਉਹ ਦਿੱਲੀ ਛੱਡ ਕੇ ਪੰਚਕੂਲਾ ਵਿਖੇ ਰਹਿਣ ਲੱਗ ਗਏ। ਉਨ੍ਹਾਂ ਦੇ ਮਨ ਵਿਚ ਇੱਛਾ ਸੀ, ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ 2005 ਵਿਚ ਉਨ੍ਹਾਂ ਨੂੰ ਦਿਲ ਦਾ ਐਸਾ ਦੌਰਾ ਪਿਆ ਕਿ ਉਨ੍ਹਾਂ ਨੂੰ ਜਿਸਮਾਨੀ ਤੌਰ ‘ਤੇ ਬਹੁਤ ਨੁਕਸਾਨ ਹੋਇਆ।
ਉਨ੍ਹਾਂ ਦੀ ਸਿਹਤ ਬਹੁਤ ਖ਼ਰਾਬ ਹੋ ਗਈ। ਇਸ ਲਈ ਉਨ੍ਹਾਂ ਨੂੰ ਇਲਾਜ ਲਈ ਅਮਰੀਕਾ ਦੇ ਸ਼ਹਿਰ ਨਿਊਜਰਸੀ ਦੇ ਵੱਡੇ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ। ਜਿੱਥੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੇ 14 ਜੂਨ 2006 ਨੂੰ ਆਖਰੀ ਸਾਹ ਲੈਂਦਿਆਂ ਪੰਜਾਬੀ ਗਾਇਕੀ ਜਗਤ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h