ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਵੀ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਕੈਲਾਸ਼ ਗਹਿਲੋਤ ਨੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਅਸਤੀਫ਼ੇ ਵਿੱਚ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਵਾਸੀਆਂ ਨਾਲ ਕੀਤੇ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੀ ਹੈ। ਪੱਤਰ ਵਿੱਚ ਉਨ੍ਹਾਂ ਨੇ ਯਮੁਨਾ ਦੀ ਸਫ਼ਾਈ ਅਤੇ ਕੇਜਰੀਵਾਲ ਦੇ ਸਰਕਾਰੀ ਬੰਗਲੇ ਦੀ ਉਸਾਰੀ ਦਾ ਮੁੱਦਾ ਵੀ ਉਠਾਇਆ ਹੈ।
‘ਹੋਰ ਕੋਈ ਚਾਰਾ ਨਹੀਂ ਬਚਿਆ…’
ਕੈਲਾਸ਼ ਗਹਿਲੋਤ ਨੇ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਕਿਹਾ,
“ਸ਼ੀਸ਼ਮਹਿਲ ਵਰਗੇ ਬਹੁਤ ਸਾਰੇ ਸ਼ਰਮਨਾਕ ਅਤੇ ਅਜੀਬ ਵਿਵਾਦ ਹਨ, ਜੋ ਹੁਣ ਹਰ ਕਿਸੇ ਨੂੰ ਸ਼ੱਕ ਵਿੱਚ ਪਾ ਰਹੇ ਹਨ ਕਿ ਕੀ ਅਸੀਂ ਅਜੇ ਵੀ ਇੱਕ ਆਮ ਆਦਮੀ ਹੋਣ ਵਿੱਚ ਵਿਸ਼ਵਾਸ ਰੱਖਦੇ ਹਾਂ? ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਜੇਕਰ ਦਿੱਲੀ ਸਰਕਾਰ ਆਪਣਾ ਜ਼ਿਆਦਾਤਰ ਸਮਾਂ ਕੇਂਦਰ ਸਰਕਾਰ ਨਾਲ ਲੜਨ ਵਿਚ ਹੀ ਬਿਤਾਉਂਦੀ ਹੈ ਤਾਂ ਦਿੱਲੀ ਦੀ ਕੋਈ ਤਰੱਕੀ ਨਹੀਂ ਹੋ ਸਕਦੀ। ਮੇਰੇ ਕੋਲ ‘ਆਪ’ ਤੋਂ ਵੱਖ ਹੋਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ ਅਤੇ ਇਸ ਲਈ ਮੈਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ।”
“ਮੈਂ ਤੁਹਾਡੇ ਨਾਲ ਇਹ ਵੀ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਅੱਜ ਪਾਰਟੀ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਜਿਹੜੇ ਸਿਧਾਂਤ ਸਾਨੂੰ ਇਕੱਠੇ ਲੈ ਕੇ ਆਏ ਹਨ ਉਹ ਖਤਰੇ ਵਿੱਚ ਹਨ। ਸਾਡੀਆਂ ਸਿਆਸੀ ਲਾਲਸਾਵਾਂ ਨੇ ਲੋਕਾਂ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਨੂੰ ਪਛਾੜ ਦਿੱਤਾ ਹੈ। ਅਤੇ ਕਈ ਵਾਅਦੇ ਪੂਰੇ ਨਹੀਂ ਹੋਏ। ਉਦਾਹਰਣ ਵਜੋਂ, ਯਮੁਨਾ ਜਿਸ ਨੂੰ ਅਸੀਂ ਸਾਫ਼ ਕਰਨ ਦਾ ਵਾਅਦਾ ਕੀਤਾ ਸੀ, ਪਰ ਅਜਿਹਾ ਕਦੇ ਨਹੀਂ ਕਰ ਸਕੇ। ਹੁਣ ਯਮੁਨਾ ਨਦੀ ਪਹਿਲਾਂ ਨਾਲੋਂ ਜ਼ਿਆਦਾ ਪ੍ਰਦੂਸ਼ਿਤ ਹੋ ਗਈ ਹੈ।”