ਕੋਰੋਨਾ ਮਹਾਮਾਰੀ ਦੌਰਾਨ ਬਹੁਤ ਸਾਰੀਆਂ ਮੈਡੀਕਲ ਸਸੰਥਾਵਾ ਵੱਲੋਂ ਕੋਰੋਨਾ ਦੇ ਵੱਧ ਪੈਸੇ ਵਸੂਲੇ ਜਾ ਰਹੇ ਹਨ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਖਤੀ ਕੀਤੀ ਗਈ ਹੈ | RTPCR ਟੈਸਟਾਂ ਲਈ ਵੱਧ ਪੈਸੇ ਵਸੂਲ ਕਰਨ ’ਤੇ ਸਖ਼ਤ ਕਾਰਵਾਈ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਨਕ ਪੁਲਿਸ ਅਥਾਰਟੀ ਨੂੰ ਇਸ ਲੈਬ ਖਿਲਾਫ਼ ਪੱਤਰਕਾਰ ਵੱਲੋਂ ਕੀਤੇ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਐਫ.ਆਈ.ਆਰ.ਦਰਜ ਕਰਨ ਲਈ ਕਿਹਾ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਨਿਊਜ ਵੈਬਸਾਈਟ ਟਰੂ ਸਕੂਪ ਦੇ ਪੱਤਰਕਾਰ ਅਵਨੀਤ ਕੌਰ ਅਤੇ ਪਰੀਨਾ ਖੰਨਾ ਪਾਸੋਂ ਸ਼ਿਕਾਇਤ ਪ੍ਰਾਪਤ ਹੋਈ ਕਿ ਕਮਲ ਹਸਪਤਾਲ ਦੁਆਬਾ ਚੌਕ ਦੀ ਗੁਪਤਾ ਲੈਬ ਵਲੋਂ ਆਰਟੀਪੀਸੀਆਰ ਟੈਸਟ ਦੇ 1500 ਰੁਪਏ ਵਸੂਲ ਕੀਤੇ ਗਏ ਹਨ ਜਦਕਿ ਸਰਕਾਰ ਵਲੋਂ ਇਸ ਟੈਸਟ ਲਈ 450 ਰੁਪਏ ਰੇਟ ਨਿਰਧਾਰਿਤ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਥਾਨਕ ਪੁਲਿਸ ਅਥਾਰਟੀ ਨੂੰ ਇੰਡੀਅਨ ਪੀਨਲ ਕੋਡ, ਐਪੀਡੈਮਿਕ ਡਿਸੀਜ਼ ਐਕਟ ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦੀਆਂ ਸਬੰਧਤ ਧਾਰਾਵਾਂ ਹੇਠ ਐਫ.ਆਈ.ਆਰ.ਦਰਜ ਕਰਨ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਅਵਿਨੀਤ ਕੌਰ ਅਤੇ ਪਰੀਨਾ ਖੰਨਾ ਵਲੋਂ ਸਾਂਝੇ ਤੌਰ ’ਤੇ ਤਿੰਨ ਤੋਂ ਜ਼ਿਆਦਾ ਲੈਬਾਂ ਅਤੇ ਹਸਪਤਾਲਾਂ ਜਿਨ੍ਹਾਂ ਵਿੱਚ ਡਾ.ਲਾਲ ਪੈਥ ਲੈਬ (ਦੁਆਬਾ ਚੌਕ), ਡਾ. ਆਸ਼ਾ ਪੈਥ ਲੈਬ (ਦੁਆਬਾ ਚੌਕ), ਮੈਟਰੋਪੋਲਿਸ ਲੈਬ ਅਤੇ ਜੌਹਲ ਹਸਪਤਾਲ (ਰਾਮਾ ਮੰਡੀ) ਸ਼ਾਮਿਲ ਹਨ, ਦਾ ਸਟਿੰਗ ਆਪ੍ਰੇਸ਼ਨ ਕੀਤਾ ਗਿਆ ਹੈ
ਜਿਸ ਸਬੰਧੀ ਆਡੀਓ ਅਤੇ ਵੀਡੀਓ ਸਬੂਤ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਪਾਸ ਪੇਸ਼ ਕੀਤੇ ਗਏ ਹਨ। ਇਹ ਦੋਵੇਂ ਨਕਲੀ ਮਰੀਜ਼ ਬਣ ਕੇ ਲੈਬ ਵਿੱਚ ਗਏ ਅਤੇ ਸਾਰੀ ਸਥਿਤੀ ਨੂੰ ਰਿਕਾਰਡ ਕੀਤਾ, ਜਿਸ ਵਿੱਚ ਉਨ੍ਹਾਂ ਨੂੰ ਨਿਰਧਾਰਿਤ ਰੇਟ ਤੋਂ ਵੱਧ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ ਗਿਆ। ਇਸ ’ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਰਾਹੀਂ ਇਸ ਲੈਬ ਅਤੇ ਹਸਪਤਾਲ ਨੂੰ ਕਾਰਨ ਦਸੋ ਨੋਟਿਸ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵਲੋਂ ਸਬੰਧਿਤ ਅਧਿਕਾਰੀਆਂ ਨੂੰ ਸਾਰੇ ਮਾਮਲੇ ਦੀ ਜਾਂਚ ਕਰਨ ਅਤੇ ਜੇਕਰ ਦੋਸ਼ ਸਹੀ ਸਾਬਿਤ ਹੁੰਦੇ ਹਨ ਤਾਂ ਐਫ.ਆਈ.ਆਰ.ਦਰਜ ਕਰਨ ਲਈ ਕਿਹਾ ਗਿਆ।
ਡਿਪਟੀ ਕਮਿਸ਼ਨਰ ਨੇ ਮਹਾਂਮਾਰੀ ਦੀ ਇਸ ਔਖੀ ਘੜੀ ਵਿੱਚ ਬਿਹਤਰੀਨ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣ ਦੀ ਅਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਜ਼ਿਲ੍ਹਾ ਵਾਸੀਆਂ ਨੂੰ ਅਜਿਹੇ ਮਾਮਲੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਵਟਸਐਪ ਨੰਬਰ 98889-81881 ਅਤੇ 95017-99068 ਰਾਹੀਂ ਸਬੂਤਾਂ ਸਮੇਤ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਮੁਲਜ਼ਮਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਵਲੋਂ ਅਜਿਹੀਆਂ ਖਾਮੀਆਂ ਅਤੇ ਵੱਧ ਪੈਸੇ ਵਸੂਲਣ ਨੂੰ ਉਜਾਗਰ ਕਰਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਯਤਨਾਂ ਨਾਲ ਨਾ ਸਿਰਫ਼ ਬੇਨਿਯਮੀਆਂ ਦਾ ਖੁਲਾਸਾ ਹੁੰਦਾ ਹੈ ਬਲਕਿ ਇਸ ਨਾਲ ਸਿਸਟਮ ਵਿੱਚ ਹੋਰ ਪਾਰਦਰਸ਼ਤਾ ਆਉਂਦੀ ਹੈ।