ਯੂਕਰੇਨ ਨੇ ਪੱਛਮੀ ਮੁਲਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਹਥਿਆਰ ਤੇਜ਼ੀ ਨਾਲ ਮੁਹੱਈਆ ਕਰਵਾਏ ਜਾਣ ਤਾਂ ਕਿ ਸੈਨਾ ਦਾ ਅੱਗੇ ਵਧਣਾ ਜਾਰੀ ਰਹੇ।
ਜ਼ਿਕਰਯੋਗ ਹੈ ਕਿ ਰੂਸੀ ਫ਼ੌਜ ਸ਼ਨਿਚਰਵਾਰ ਤੋਂ ਯੂਕਰੇਨੀ ਇਲਾਕਾ ਛੱਡ ਕੇ ਪਿੱਛੇ ਹੱਟ ਰਹੀ ਹੈ। ਆਪਣੇ ਕਈ ਪਿੰਡਾਂ ਤੇ ਕਸਬਿਆਂ ਉਤੇ ਯੂਕਰੇਨ ਮੁੜ ਕਾਬਜ਼ ਹੋ ਗਿਆ ਹੈ। ਉੱਤਰ-ਪੂਰਬੀ ਖਾਰਕੀਵ ਖੇਤਰ ’ਚ ਲੜਾਈ ਹਾਲੇ ਵੀ ਜਾਰੀ ਹੈ। ਫ਼ੌਜੀ ਅਧਿਕਾਰੀਆਂ ਮੁਤਾਬਕ ਯੂਕਰੇਨੀ ਸੈਨਿਕ ਹੌਸਲੇ ਵਿਚ ਹਨ ਤੇ ਅੱਗੇ ਵੱਧ ਰਹੇ ਹਨ। ਯੂਕਰੇਨ ਨੇ ਕਿਹਾ ਕਿ ਉਹ ਖਾਰਕੀਵ ਤੇ ਹੋਰਨਾਂ ਖਿੱਤਿਆਂ ਨੂੰ ਪੂਰੀ ਤਰ੍ਹਾਂ ਰੂਸ ਤੋਂ ਮੁਕਤ ਕਰਾਉਣਾ ਚਾਹੁੰਦਾ ਹੈ।
ਰੂਸ ਨੇ ਕਿਹਾ ਕਿ ਉਹ ਯੂਕਰੇਨੀ ਫਰੰਟਲਾਈਨ ‘ਤੇ ਵੱਡੇ ਹਮਲੇ ਕਰ ਰਿਹਾ ਹੈ ਅਤੇ ਕੀਵ ਦੇ ਸੈਨਿਕਾਂ ‘ਤੇ ਨਾਟਕੀ ਜਵਾਬੀ ਹਮਲੇ ਵਿਚ ਮੁੜ ਕਬਜ਼ੇ ਕੀਤੇ ਗਏ ਖੇਤਰਾਂ ਵਿਚ ਨਾਗਰਿਕਾਂ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ ਹੈ। ਇਸ ਦੌਰਾਨ, ਯੂਕਰੇਨ ਨੇ ਦੇਸ਼ ਦੇ ਉੱਤਰ-ਪੂਰਬ ਵਿੱਚ ਰੂਸੀ ਫੌਜਾਂ ਨੂੰ ਪਿੱਛੇ ਹਟਣ ਅਤੇ ਲੜਾਈ-ਝਗੜੇ ਵਾਲੇ ਕਸਬਿਆਂ ਉੱਤੇ ਝੰਡੇ ਲਹਿਰਾਉਣ ਤੋਂ ਬਾਅਦ ਆਪਣੇ ਸਾਰੇ ਖੇਤਰ ਨੂੰ ਆਜ਼ਾਦ ਕਰਨ ਦੀ ਸਹੁੰ ਖਾਧੀ, ਅਤੇ ਪੱਛਮੀ ਦੇਸ਼ਾਂ ਨੂੰ ਨਾਟਕੀ ਪੇਸ਼ਕਦਮੀ ਨੂੰ ਸਮਰਥਨ ਦੇਣ ਲਈ ਹਥਿਆਰਾਂ ਦੀ ਸਪੁਰਦਗੀ ਵਿੱਚ ਤੇਜ਼ੀ ਲਿਆਉਣ ਲਈ ਕਿਹਾ।
ਜ਼ਿਕਰਯੋਗ ਹੈ ਕਿ ਖਾਰਕੀਵ ਯੂਕਰੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਸੋਮਵਾਰ ਇਕ ਵੀਡੀਓ ਸੁਨੇਹੇ ਵਿਚ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਪੱਛਮੀ ਮੁਲਕਾਂ ਨੂੰ ਹਥਿਆਰ ਤੇਜ਼ੀ ਨਾਲ ਮੁਹੱਈਆ ਕਰਾਉਣੇ ਚਾਹੀਦੇ ਹਨ। ਦੱਸਣਯੋਗ ਹੈ ਕਿ 24 ਫਰਵਰੀ ਨੂੰ ਰੂਸ ਵੱਲੋਂ ਕੀਤੇ ਹਮਲੇ ਤੋਂ ਬਾਅਦ ਅਮਰੀਕਾ ਤੇ ਯੂਰਪੀ ਮੁਲਕ ਯੂਕਰੇਨ ਦੀ ਹਥਿਆਰਾਂ ਨਾਲ ਲਗਾਤਾਰ ਮਦਦ ਕਰ ਰਹੇ ਹਨ।
ਇਨ੍ਹਾਂ ਹਥਿਆਰਾਂ ਨਾਲ ਹੀ ਯੂਕਰੇਨ ਨੇ ਰੂਸ ਦਾ ਡੱਟ ਕੇ ਮੁਕਾਬਲਾ ਕੀਤਾ ਹੈ। ਹਾਲਾਂਕਿ ਇਸੇ ਦੌਰਾਨ ਜਰਮਨੀ ਵੱਲੋਂ ਕੁਝ ਵਿਸ਼ੇਸ਼ ਹਥਿਆਰਾਂ ਦੀ ਮੰਗ ਨਜ਼ਰਅੰਦਾਜ਼ ਕੀਤੇ ਜਾਣ ’ਤੇ ਯੂਕਰੇਨ ਨੇ ਉਨ੍ਹਾਂ ਦੀ ਨਿਖੇਧੀ ਵੀ ਕੀਤੀ ਹੈ। ਯੂਕਰੇਨ ਦੀ ਫ਼ੌਜ ਨੇ ਅੱਜ ਦੱਸਿਆ ਕਿ ਰੂਸੀ ਬਲ ਖਾਰਕੀਵ ਦੇ ਉਨ੍ਹਾਂ ਇਲਾਕਿਆਂ ’ਤੇ ਬੰਬਾਰੀ ਕਰ ਰਹੇ ਹਨ ਜਿਨ੍ਹਾਂ ਨੂੰ ਉਨ੍ਹਾਂ (ਯੂਕਰੇਨ ਨੇ) ਮੁੜ ਕਬਜ਼ੇ ਹੇਠ ਲਿਆ ਹੈ। ਇਸ ਤੋਂ ਇਲਾਵਾ ਦੋਨੇਸਕ ਖਿੱਤੇ ਵਿਚ ਵੀ ਰੂਸ ਦੇ ਹਮਲੇ ਜਾਰੀ ਹਨ।