ਜਗਰਾਓਂ ਦੇ ਮੁਹੱਲਾ ਆਵਿਆਂ ਵਾਸੀ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਉਰਫ ਗੋਪੀ (32) ਦੀ ਸਲਫਾਸ ਦੀਆਂ ਗੋਲ਼ੀਆਂ ਨਿਗਲਣ ਕਾਰਨ ਮੌਤ ਹੋ ਗਈ। ਉਸ ਦੀ ਮੌਤ ਲਈ ਉਸ ਦੀ ਪ੍ਰੇਮਿਕਾ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਪਰਿਵਾਰ ਨੇ ਰੋਸ ਪ੍ਰਦਰਸ਼ਨ ਕੀਤਾ। ਥਾਣਾ ਸਿਟੀ ਦੀ ਪੁਲਿਸ ਨੇ ਪ੍ਰੇਮਿਕਾ ਤੇ ਉਸ ਦੀ ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕ ਗੋਪੀ ਦੇ ਪਿਤਾ ਸਰਵਣ ਸਿੰਘ ਨੇ ਦੱਸਿਆ ਕਿ ਗੋਪੀ ਵਿਆਹਿਆ ਹੋਇਆ ਸੀ। ਉਸ ਦੇ ਤਿੰਨ ਬੱਚੇ ਦੋ ਲੜਕੇ ਤੇ ਇਕ ਲੜਕੀ ਹੈ। ਉਸ ਦੇ ਘਰ 11 ਅਗਸਤ ਨੂੰ ਇਕ ਲੜਕੀ ਆਈ। ਉਸ ਦੇ ਹੱਥਾਂ ’ਚ ਸਲਫਾਸ ਦੀਆਂ ਗੋਲ਼ੀਆਂ ਸਨ। ਘਰ ’ਚ ਗੋਪੀ ਦੀ ਪਤਨੀ ਤੇ ਹੋਰ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।
ਉਨ੍ਹਾਂ ਆਉਂਦੇ ਹੀ ਗੋਪੀ ਨੂੰ ਕਿਹਾ ਕਿ ਉਹ ਉਸ ਦੇ ਨਾਲ ਚੱਲੇ ਨਹੀਂ ਤਾਂ ਉਹ ਗੋਲ਼ੀਆਂ ਖਾ ਕੇ ਇਥੇ ਹੀ ਮਰ ਜਾਵੇਗੀ। ਝਗੜਾ ਕਰਨ ਤੋਂ ਬਾਅਦ ਉਹ ਗੋਪੀ ਨੂੰ ਜਲੰਧਰ ਲੈ ਗਈ। ਇਸ ’ਤੇ ਉਨ੍ਹਾਂ ਨੇ ਥਾਣਾ ਸਿਟੀ ਜਗਰਾਓਂ ਜਾ ਕੇ ਸਾਰੀ ਗੱਲ ਦੱਸੀ। ਅਗਲੇ ਦਿਨ ਉਹੀ ਲੜਕੀ ਆਪਣੀ ਮਾਂ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਗੋਪੀ ਦੇ ਨਾਲ ਥਾਣਾ ਸਿਟੀ ਪੁੱਜ ਗਈ। ਉੱਥੇ ਵੀ ਉਨ੍ਹਾਂ ਨੇ ਗੋਪੀ ਨਾਲ ਝਗੜਾ ਕੀਤਾ ਤੇ ਉਸ ਨਾਲ ਹੱਥੋਪਾਈ ਕੀਤੀ ਤੇ ਬਾਅਦ ਵਿਚ ਉਥੋਂ ਚਲੇ ਗਏ। ਇਸ ਸਾਰੀ ਘਟਨਾ ਨਾਲ ਖ਼ੁਦ ਨੂੰ ਬੇਇੱਜ਼ਤ ਮਹਿਸੂਸ ਕਰਦੇ ਹੋਏ ਬੁੱਧਵਾਰ ਸਵੇਰੇ ਗੁਰਪ੍ਰੀਤ ਸਿੰਘ ਗੋਪੀ ਨੇ ਉਹੀ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ ਤੇ ਉਸ ਦੀ ਮੌਤ ਹੋ ਗਈ।
ਗੋਪੀ ਦੀ ਮੌਤ ਦੇ ਬਾਅਦ ਪਰਿਵਾਰਕ ਮੈਂਬਰ ਵਾਰਡ ਦੇ ਕੌਂਸਲਰ ਹਿਮਾਂਸ਼ੂ ਮਲਿਕ ਤੇ ਹੋਰ ਲੋਕਾਂ ਨਾਲ ਥਾਣਾ ਸਿਟੀ ਪੁੱਜੇ ਤੇ ਮੁਲਜ਼ਮਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਗੋਪੀ ਨੂੰ ਮਰਨ ਲਈ ਮਜਬੂਰ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਨਹੀਂ ਹੋਵੇਗਾ, ਉਦੋਂ ਤੱਕ ਅੰਤਮ ਸੰਸਕਾਰ ਨਹੀਂ ਕਰਨਗੇ। ਇਸ ਮੌਕੇ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਨੇ ਕਿਹਾ ਕਿ ਗੋਪੀ ਦੀ ਮੌਤ ਸਬੰਧੀ ਉਸ ਦੇ ਘਰ ਆਉਣ ਵਾਲੀ ਲੜਕੀ ਤੇ ਉਸ ਦੀ ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਛੇਤੀ ਹੀ ਉਨ੍ਹਾਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h