ਸੰਗਰੂਰ: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ਿਲ੍ਹੇ ਦੇ ਸਮੂਹ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ, ਪ੍ਰਬੰਧਕਾਂ ਅਤੇ ਆਵਾਜਾਈ ਵਾਹਨਾਂ ਦੇ ਇੰਚਾਰਜਾਂ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਵਾਹਨਾਂ ‘ਚ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਾਗੂ ‘ਪੰਜਾਬ ਸੁਰੱਖਿਅਤ ਸਕੂਲ ਵਾਹਨ ਨੀਤੀ’ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ ਸਿੱਧੇ ਤੌਰ ’ਤੇ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਮਾਮਲਾ ਹੈ ਅਤੇ ਇਸ ਨੀਤੀ ਤਹਿਤ ਨਿਰਧਾਰਿਤ ਨਿਯਮਾਂ ਨੂੰ ਲਾਗੂ ਕਰਨ ਵਿੱਚ ਕੋਈ ਅਣਗਹਿਲੀ ਸਾਹਮਣੇ ਆਉਣ ’ਤੇ ਸਬੰਧਤ ਸਕੂਲ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੁਆਰਾ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੀਆਂ ਸਕੂਲੀ ਬੱਸਾਂ ਤੇ ਸਕੂਲ ਵਾਹਨਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾਉਣ ਅਤੇ ਉਸਦੀ ਸਹੀ ਤਰੀਕੇ ਨਾਲ ਫੁਟੇਜ ਦਾ ਪ੍ਰਬੰਧ ਹੋਣ ਸਬੰਧੀ ਸਪੱਸ਼ਟ ਦਿਸ਼ਾ ਨਿਰਦੇਸ਼ ਹੋਣ ਦੇ ਬਾਵਜੂਦ ਕੁਝ ਅਦਾਰਿਆਂ ਵੱਲੋਂ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ।
ਉਨ੍ਹਾਂ ਕਿਹਾ ਕਿ ਸਕੂਲਾਂ ਦੁਆਰਾ ਭੇਜੀ ਜਾਣ ਵਾਲੀ ਰਿਪੋਰਟ ਅਤੇ ਵਿਭਾਗੀ ਜਾਂਚ ਦੌਰਾਨ ਸਕੂਲੀ ਬੱਸਾਂ ਦੀ ਅਸਲ ਸਥਿਤੀ ਵਿੱਚ ਅੰਤਰ ਹੋਣ ਦੇ ਕੁਝ ਇੱਕ ਮਾਮਲੇ ਵੀ ਉਨ੍ਹਾਂ ਦੇ ਧਿਆਨ ਵਿੱਚ ਆਏ ਹਨ ਅਤੇ ਜੇਕਰ ਭਵਿੱਖ ਵਿੱਚ ਵੀ ਸਕੂਲ ਪ੍ਰਬੰਧਕ ਅਜਿਹੀ ਸੋਚ ਨੂੰ ਨਹੀਂ ਤਿਆਗਦੇ ਤਾਂ ਯਕੀਨੀ ਤੌਰ ’ਤੇ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਕੂਲੀ ਬੱਸਾਂ ਵਿੱਚ ਨਿਰਧਾਰਿਤ ਸੀਟਾਂ ਨਾਲੋਂ ਵਧੇਰੇ ਵਿਦਿਆਰਥੀਆਂ ਨੂੰ ਬਿਠਾਇਆ ਜਾਣਾ, ਸਕੂਲੀ ਬੱਸ ਡਰਾਇਵਰ ਦੇ ਛੁੱਟੀ ’ਤੇ ਹੋਣ ਕਾਰਨ ਅਣਜਾਣ ਵਿਅਕਤੀ ਨੂੰ ਬੱਸਾਂ ਦੀ ਜਿੰਮੇਵਾਰੀ ਦੇਣਾ, ਸਕੂਲ ਬੱਸਾਂ ਵਿੱਚ ਮਹਿਲਾ ਸਹਾਇਕ ਦਾ ਨਾ ਹੋਣਾ, ਡਰਾਈਵਰ ਤੇ ਕੰਡਕਟਰ ਦੁਆਰਾ ਵਰਦੀ ਨਾ ਪਹਿਨਣਾ, ਸਕੂਲੀ ਬੱਸਾਂ ਦੀ ਗਤੀ ਤੇਜ਼ ਰੱਖਣਾ, ਸਕੂਲ ਪ੍ਰਬੰਧਕਾਂ ਕੋਲ ਡਰਾਈਵਰ ਬਾਰੇ ਵਿਸਤ੍ਰਿਤ ਜਾਣਕਾਰੀ ਜਾਂ ਵਾਹਨ ਫਿਟਨੈਸ ਸਰਟੀਫਿਕੇਟ ਦੀ ਅਣਹੋਂਦ ਜਿਹੇ ਮਾਮਲੇ ਚਿੰਤਾਜਨਕ ਹਨ ਅਤੇ ਜਾਂਚ ਦੌਰਾਨ ਅਜਿਹੇ ਮਾਮਲੇ ਸਾਹਮਣੇ ਆਉਣ ’ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਹਰੇਕ ਸਕੂਲ ਵਿੱਚ ਇਸ ਸਬੰਧੀ ਸਕੂਲ ਪੱਧਰੀ ਟਰਾਂਸਪੋਰਟ ਕਮੇਟੀ ਦਾ ਗਠਨ ਕਰਨ ਦੀ ਹਦਾਇਤ ਵੀ ਕੀਤੀ।
ਮੀਟਿੰਗ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਸ਼੍ਰੀਮਤੀ ਨਵਨੀਤ ਕੌਰ ਤੋਂ ਇਲਾਵਾ ਸਿੱਖਿਆ ਵਿਭਾਗ, ਟਰਾਂਸਪੋਰਟ ਵਿਭਾਗ, ਟ੍ਰੈਫਿਕ ਪੁਲਿਸ ਦੇ ਨੁਮਾਇੰਦਿਆਂ ਸਮੇਤ ਸਮੂਹ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ, ਪ੍ਰਬੰਧਕ ਤੇ ਇੰਚਾਰਜ ਵੀ ਹਾਜ਼ਰ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h