ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਲੋਕਾਂ ਨੇ ਬਿਲਕੁਲ ਵੀ ਉਤਸ਼ਾਹ ਨਹੀਂ ਦਿਖਾਇਆ, ਜਿਸ ਕਰਕੇ ਸੱਤਾਧਿਰ ਆਮ ਆਦਮੀ ਪਾਰਟੀ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਸਵੇਰ ਤੋਂ ਹੀ ਪੋਲਿੰਗ ਸਟੇਸ਼ਨਾਂ ‘ਤੇ ਬਹੁਤ ਲੋਕ ਦਿਖਾਈ ਨਹੀਂ ਦੇ ਰਹੇ ਸੀ। ਲੋਕਾਂ ਵੱਲੋਂ ਵੋਟਾਂ ਪ੍ਰਤੀ ਘੱਟ ਰੁਚੀ ਦਿਖਾਉਣ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੋਣ ਕਮਿਸ਼ਨ ਤੋਂ ਪੋਲਿੰਗ ਦਾ ਸਮਾਂ ਇਕ ਘੰਟਾ ਵਧਾਉਣ ਦੀ ਵੀ ਮੰਗ ਕੀਤੀ ਗਈ ਸੀ। ਜੇਕਰ ਗੱਲ ਪੋਲਿੰਗ ਦੀ ਕੀਤੀ ਜਾਵੇ ਤਾਂ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਕੁਲ 50 ਫ਼ੀਸਦੀ ਤੋਂ ਵੀ ਘੱਟ ਵੋਟਿੰਗ ਹੋਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਚੋਣ ਕਮਿਸ਼ਨ ਨੂੰ ਸੰਗਰੂਰ ‘ਚ ਪੋਲਿੰਗ ਦਾ ਸਮਾਂ ਇਕ ਘੰਟਾ ਵਧਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਹੁਣ ਝੋਨੇ ਦੀ ਖੇਤੀ ਦਾ ਸਮਾਂ ਹੈ ਅਤੇ ਇਸ ਕਾਰਨ ਲੋਕ ਹੋਰ ਕੰਮਾਂ ਵਿੱਚ ਰੁੱਝੇ ਹੋਏ ਹਨ। ਅਜਿਹੇ ‘ਚ ਵੋਟਿੰਗ ਦਾ ਸਮਾਂ ਸ਼ਾਮ 6 ਵਜੇ ਤੋਂ ਵਧਾ ਕੇ 7 ਵਜੇ ਕੀਤਾ ਜਾਣਾ ਚਾਹੀਦਾ ਹੈ। ਲੋਕ ਸਭਾ ਹਲਕਾ ਸੰਗਰੂਰ ‘ਚ ਪੈਂਦੇ 9 ਵਿਧਾਨ ਸਭਾ ਹਲਕਿਆਂ ‘ਚ ਸਭ ਤੋਂ ਘੱਟ ਵੋਟਿੰਗ ਵਿਧਾਨ ਸਭਾ ਹਲਕਾ ਲਹਿਰਾ ਵਿੱਚ 32 ਫੀਸਦੀ ਦਰਜ ਕੀਤੀ ਗਈ, ਜਦੋਂ ਕਿ ਮਾਲੇਰਕੋਟਲਾ ‘ਚ 41.26 ਫੀਸਦੀ, ਦਿੜ੍ਹਬਾ 40.58 ਫੀਸਦੀ, ਸੁਨਾਮ 34, ਭਦੋੜ 38 ਫੀਸਦੀ, ਬਰਨਾਲਾ 36.23, ਮਹਿਲ ਕਲਾਂ 37 ਅਤੇ ਸੰਗਰੂਰ ‘ਚ 36 ਫੀਸਦੀ ਲੋਕਾਂ ਨੇ ਵੋਟ ਦੇ ਅਧਿਕਾਰ ਦੀ ਵਰਤੋ ਕੀਤੀ ਹੈ।