ਭਾਰਤ ਦੀ ਧਾਕੜ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਕੂਹਣੀ ਦੀ ਸੱਟ ਕਾਰਨ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ.ਓਪਨ 2022 ਵਿਚੋਂ ਬਾਹਰ ਹੋ ਗਈ ਹੈ। ਸਾਨੀਆ ਨੇ ਸੋਸ਼ਲ ਮੀਡੀਆ ਦਾ ਰੁਖ ਕਰਦੇ ਹੋਏ ਕਿਹਾ, ‘‘ਮੇਰੇ ਕੋਲ ਇਕ ਬੁਰੀ ਖਬਰ ਹੈ। ਦੋ ਹਫਤੇ ਪਹਿਲਾਂ ਕੈਨੇਡਾ ਵਿਚ ਖੇਡਦੇ ਹੋਏ ਮੇਰੀ ਕੂਹਣੀ ਵਿਚ ਸੱਟ ਲੱਗ ਗਈ ਸੀ। ਮੈਨੂੰ ਅਹਿਸਾਸ ਨਹੀਂ ਹੋਇਆ ਕਿ ਸੱਟ ਕਿੰਨੀ ਗੰਭੀਰ ਹੈ ਪਰ ਮੰਦਭਾਗੀ ਗੱਲ ਸਾਹਮਣੇ ਆਈ ਹੈ। ਜਾਂਚ ਰਿਪੋਰਟ ਅਨੁਸਾਰ ਮੇਰਾ ਇਕ ਸ਼ਿਰਾ (ਮਾਸਪੇਸ਼ੀ ਤੇ ਹੱਡੀ ਨੂੰ ਜੋੜਨ ਵਾਲਾ ਮਾਸ) ਫੱਟ ਗਿਆ ਹੈ।’’
ਇਹ ਵੀ ਪੜ੍ਹੋ-ਬਾਬੇ ਕੋਲ ਪਹੁੰਚੇ ਗਾਇਕ ਇੰਦਰਜੀਤ ਨਿੱਕੂ, ਰੋਂਦਿਆਂ ਸੁਣਾਏ ਆਪਣੇ ਦੁੱਖ ਦਰਦ (ਵੀਡੀਓ)
ਸਾਨੀਆ ਨੇ ਹਾਲ ਹੀ ਵਿਚ ਐਲਾਨ ਕੀਤਾ ਸੀ ਕਿ ਯੂ. ਐੱਸ.ਓਪਨ 2022 ਉਸਦੇ ਕਰੀਅਰ ਦਾ ਆਖਰੀ ਟੂਰਨਾਮੈਂਟ ਹੋਵੇਗਾ ਤੇ ਉਹ ਇਸ ਤੋਂ ਬਾਅਦ ਟੈਨਿਸ ਨੂੰ ਅਲਵਿਦਾ ਕਹਿ ਦੇਵੇਗੀ ਪਰ ਇਸ ਸੱਟ ਤੋਂ ਬਾਅਦ ਉਸਦੇ ਸੰਨਿਆਸ ਦੀ ਯੋਜਨਾ ਵਿਚ ਬਦਲਾਅ ਆਇਆ ਹੈ। ਉਸਨੇ ਕਿਹਾ ਕਿ ਮੈਂ ਕੁਝ ਹਫਤਿਆਂ ਲਈ ਕੋਰਟ ਵਿਚੋਂ ਬਾਹਰ ਰਹਾਂਗੀ ਤੇ ਮੈਂ ਯੂ. ਐੱਸ. ਓਪਨ ਤੋਂ ਵੀ ਨਾਂ ਵਾਪਸ ਲੈ ਲਿਆ ਹੈ। ਇਹ ਆਦਰਸ਼ ਨਹੀਂ ਹੈ ਤੇ ਬਹੁਤ ਗਲਤ ਸਮੇਂ ’ਤੇ ਹੋਇਆ ਹੈ। ਇਸ ਨਾਲ ਮੇਰੀਆਂ ਸੰਨਿਆਸ ਦੀਆਂ ਯੋਜਨਾਵਾਂ ਵਿਚ ਵੀ ਬਦਲਾਅ ਆਇਆ ਹੈ ਪਰ ਮੈਂ ਅੱਗੇ ਤੁਹਾਨੂੰ ਸਾਰਿਆਂ ਨੂੰ ਸੂਚਿਤ ਕਰਦੀ ਰਹਾਂਗੀ।’’