ਚੰਡੀਗੜ੍ਹ : ਅੱਜ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਜਗਦੀਪ ਸਿੰਘ ਚੀਮਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੀ ਹਾਜਰੀ ਵਿੱਚ ਅਕਾਲੀ ਦਲ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ। ਜਗਦੀਪ ਸਿੰਘ ਚੀਮਾ ਦੇ ਭਾਜਪਾ ‘ਚ ਜਾਣ ਨਾਲ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਦੱਸਣਯੋਗ ਹੈ ਕਿ ਜਗਦੀਪ ਚੀਮਾ ਤਿੰਨ ਵਾਰ ਪੰਜਾਬ ਕੈਬਨਿਟ ‘ਚ ਮੰਤਰੀ ਰਹਿ ਚੁੱਕੇ ਹਨ ਅਤੇ 50 ਸਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਹਨ।
ਦੱਸ ਦਈਏ ਕਿ ਜਗਦੀਪ ਸਿੰਘ ਚੀਮਾ ਚੌਥੀ ਪੀੜ੍ਹੀ ਦੇ ਅਕਾਲੀ ਆਗੂ ਹਨ। ਉਹ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ, ਫ਼ਤਹਿਗੜ੍ਹ ਸਾਹਿਬ ਰਹਿ ਚੁੱਕੇ ਹਨ। ਉਨ੍ਹਾਂ ਨੇ 2012 ਦੀ ਵਿਧਾਨ ਸਭਾ ਚੋਣ ਅਮਲੋਹ ਅਤੇ 2022 ਦੀ ਚੋਣ ਫ਼ਤਹਿਗੜ੍ਹ ਸਾਹਿਬ ਤੋਂ ਅਕਾਲੀ ਦਲ ਦੀ ਟਿਕਟ ’ਤੇ ਲੜੀ ਸੀ। ਜਗਦੀਪ ਸਿੰਘ ਚੀਮਾ ਰੰਧੀਰ ਸਿੰਘ ਚੀਮਾ ਜੀ ਦੇ ਸਪੁੱਤਰ ਹਨ, ਜੋ ਕਿ ਇੱਕ ਮਹਾਨ ਆਗੂ ਰਹੇ ਹਨ। ਤਿੰਨ ਵਾਰ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਲਗਭਗ 50 ਸਾਲਾਂ ਤੱਕ ਐੱਸ.ਜੀ.ਪੀ.ਸੀ. ਮੈਂਬਰ ਰਹੇ। ਆਪਣੀ ਆਖਰੀ ਐੱਸ.ਜੀ.ਪੀ.ਸੀ. ਚੋਣ ਵਿੱਚ ਉਨ੍ਹਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਭਾਰੀ ਫ਼ਰਕ ਨਾਲ ਹਰਾਇਆ ਸੀ।
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਜਗਦੀਪ ਸਿੰਘ ਚੀਮਾ ਜੀ ਦਾ ਭਾਰਤੀ ਜਨਤਾ ਪਾਰਟੀ ਪਰਿਵਾਰ ਵਿੱਚ ਆਉਣ ‘ਤੇ ਤਹਿ ਦਿਲੋਂ ਸਵਾਗਤ ਕੀਤਾ। ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਨ੍ਹਾਂ ਦਾ ਤਜਰਬਾ ਅਤੇ ਵਿਰਾਸਤ ਨਿਸ਼ਚਿਤ ਤੌਰ ’ਤੇ ਪੰਜਾਬ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰੇਗੀ। ਇਸ ਮੌਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਸਮੇਤ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਮੌਜੂਦ ਰਹੇ।