ਅੰਮ੍ਰਿਤਸਰ ਵਿਖੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਬੀਤੇ ਦਿਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਤੋਂ ਬਾਅਦ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਇਸ ਘਟਨਾ ਨੂੰ ਲੈ ਕੇ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਗਿੱਲ ਦਾ ਵੱਡਾ ਬਿਆਨ ਦੇਖਣ ਨੂੰ ਮਿਲਿਆ ਹੈ।
ਸੰਤੋਖ ਸਿੰਘ ਨੇ ਪ੍ਰੋ-ਪੰਜਾਬ ਟੀਵੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਹੋਇਆ ਉਹ ਬਹੁਤ ਮਾੜਾ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਬੱਸ ਇਹ ਹੀ ਹੈ ਕਿ ਸਾਡੀਆਂ ਮੰਗਾਂ ਨੂੰ ਮੰਨਿਆ ਜਾਵੇ ਸੂਰੀ ਜੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਚੌਂਕ ‘ਚ ਉਨ੍ਹਾਂ ਦਾ ਬੁੱਤ ਲੱਗੇ। ਤੇ ਜੋ ਪਰਿਵਾਰ ਦੀਆਂ ਮੰਗਾਂ ਹਨ ਉਹ ਪਹਿਲ ਦੇ ਆਧਾਰ ‘ਤੇ ਮੰਨੀਆਂ ਜਾਣ। ਉਨ੍ਹਾਂ ਕਿਹਾ ਕਿ ਇਹ ਘਟਨਾ ਹਿੰਦੂਆਂ ਦੇ ਲੱਕ ਤੋੜਣ ਵਾਲੀ ਹੈ। ਇਹ ਘਾਟਾ ਤਾਂ ਹੁਣ ਪੂਰਾ ਨਹੀਂ ਹੋਣਾ ਪਰ ਅਜਿਹੀ ਹਰਕਤ ਕਰਨ ਵਾਲੇ ਇਹ ਨਾ ਸੋਚਣ ਕਿ ਸੂਰੀ ਦੇ ਮਰਨ ਨਾਲ ਤੁਸੀਂ ਹਿੰਦੂਆਂ ਨੂੰ ਚੁੱਪ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਿੰਦੂ ਹਾਲੇ ਵੀ ਜ਼ਿੰਦਾ ਹੈ ਇਕ ਸੂਰੀ ਦੀ ਜਗ੍ਹਾ 50 ਸੂਰੀ ਹਿੰਦੂਤਵ ਦੀ ਲੜਾਈ ਲੜਣ ਨੂੰ ਤਿਆਰ ਹੈ।
ਸੰਤੋਖ ਸਿੰਘ ਨੇ ਅੱਗੇ ਕਿਹਾ ਸੂਰੀ ਸਾਬ੍ਹ ਮਰੇ ਨਹੀਂ ਸ਼ਹੀਦ ਹੋਏ ਹਨ। ਪ੍ਰਸ਼ਾਸਨ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸੀ ਪਰ ਫ਼ਿਰ ਵੀ ਬੁਲੇਟ ਪਰੂਫ਼ ਗੱਡੀ ਨਹੀਂ ਦਿੱਤੀ ਗਈ। ਇਸ ਦੇ ਨਾਲ 20-20 ਗੰਨਮੈਨ ਹੋਣ ਦੇ ਬਾਵਜੂਦ ਇਕ ਨੇ ਗੋਲੀ ਨਹੀਂ ਚਲਾਈ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਵੀ ਸ਼ਿਵ ਸੈਨਾ ਨਾਲ ਜੁੜੇ ਹੋਏ ਹੋ ਤਾਂ ਉਨ੍ਹਾਂ ਕਿਹਾ ਕਿ ਮੈਂ 2017 ਤੋਂ ਸ਼ਿਵ ਸੈਨਾ ਨਾਲ ਜੁੜਿਆ ਹਾਂ ਅਤੇ ਮੈਨੂੰ ਵੀ ਧਮਕੀਆਂ ਮਿਲ ਰਹੀਆਂ ਹਨ। ਇਨਾਂ ਹੀ ਨਹੀਂ ਮੇਰੇ ’ਤੇ ਵੀ ਦੋ ਵਾਰ ਫ਼ਾਈਰਿੰਗ ਹੋਈ ਹੈ ਪਰ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ’ਚ ਸੁੱਤਾ ਹੈ।