Shiromani Akali Dal: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਲੰਧਰ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਜਿੱਤਣ ਤੋਂ ਤੁਰੰਤ ਬਾਅਦ ਹਰ ਵਰਗ ਦੇ ਖਪਤਕਾਰਾਂ ਲਈ ਬਿਜਲੀ ਦਰਾਂ ਵਿਚ ਚੋਖਾ ਵਾਧਾ ਕਰਕੇ ਝੂਠ ਤੇ ਧੋਖੇ ਦੀ ਰਾਜਨੀਤੀ ਵਿਚ ਮੁਹਾਰਤ ਹਾਸਲ ਕਰ ਲਈ ਹੈ।
ਇਸ ਲੱਕ ਤੋੜਵੇਂ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਾਰਟੀ ਵਿਚ ਵਿਸ਼ਵਾਸ ਪ੍ਰਗਟਾਉਣ ਦੀ ਪੰਜਾਬੀਆਂ ਨੂੰ ਸਜ਼ਾ ਦਿੱਤੀ ਤੇ ਉਹਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 300 ਯੂਨਿਟ ਮੁਫਤ ਬਿਜਲੀ ਸਕੀਮ ਦੇ ਨਾਂ ’ਤੇ ਜਲੰਧਰ ਜ਼ਿਮਨੀ ਚੋਣ ਵਿਚ ਵੋਟਾਂ ਮੰਗੀਆਂ ਸਨ। ਉਨ੍ਹਾਂ ਕਿਹਾ ਕਿ ਬਿਜਲੀ ਦਰਾਂ ‘ਚ ਵਾਧੇ ਨਾਲ ਇਹ ਸਕੀਮ ਵੀ ਅਸਿੱਧੇ ਤੌਰ ’ਤੇ ਖ਼ਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਦਾਅਵਾ ਕਰ ਰਹੇ ਹਨ ਕਿ ਸਰਕਾਰ ਦਰਾਂ ਵਿਚ ਵਾਧੇ ਨਾਲ ਖਪਤਕਾਰਾਂ ਸਿਰ ਪਏ ਬੋਝ ਦਾ ਖਰਚਾ ਆਪ ਚੁੱਕੇਗੀ ਪਰ ਅਸਲੀਅਤ ਵਿਚ ਸਰਕਾਰ 300 ਯੂਨਿਟ ਉਨ੍ਹਾਂ ਬਦਲੇ ਪੀਐਸਪੀਸੀਐਲ ਨੂੰ ਕੋਈ ਅਦਾਇਗੀ ਕਰਨ ਦੇ ਨਾਂ ’ਤੇ ਅੱਖਾਂ ਪੂੰਝ ਰਹੀ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਪੀਐਸਪੀਸੀਐਲ ਦਾ 20400 ਕਰੋੜ ਰੁਪਿਆ ਦੇਣਾ ਹੈ ਤੇ ਇਸ ਕੋਲ ਹੋਰ ਵਾਧੂ ਬੋਝ ਚੁੱਕਣ ਦੀ ਸਮਰਥਾ ਨਹੀਂ ਹੈ।ਨਾਲ ਹੀ ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਸਭ ਤੋਂ ਘੱਟ ਦਰਾਂ ਵਾਲੇ ਵਰਗ ਸਮੇਤ ਸਾਰੇ ਵਰਗਾਂ ਲਈਬਿਜਲੀ ਦਰਾਂ ਵਿਚ ਵਾਧਾ ਕੀਤਾ ਹੈ। ਉਹਨਾਂ ਕਿਹਾ ਕਿ ਸਭ ਤੋਂ ਘੱਟ ਬਿਜਲੀ ਖਪਤ ਕਰਨ ਵਾਲੇ ਵਰਗ ਲਈ ਸਿਫਰ ਤੋਂ 100 ਯੂਨਿਟ ਤੱਕ 70 ਪੈਸੇ ਦਾ ਵਾਧਾ ਕੀਤਾ ਗਿਆ ਹੈ ਤੇ 100 ਤੋਂ 300 ਯੂਨਿਟ ਤੱਕ 80 ਪੈਸੇ ਦਾ ਵਾਧਾ ਕੀਤਾ ਗਿਆ।
Reward? Revenge? or Repayment? AAP govt repays Pbis within 48 hours for its Jalandhar by poll win with a back breaking power tariff hike.
300 units free power scheme effectively dismantled as @BhagwantMann led @PunjabGovtIndia is in no position to repay PSPCL for this facility.— Sukhbir Singh Badal (@officeofssbadal) May 15, 2023
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਵਾਧੇ ਨਾਲ ਆਮ ਆਦਮੀ ਬੁਰੀ ਤਰ੍ਹਾਂ ਪ੍ਰਭਾਵਤ ਹੋਵੇਗਾ। ਉਹਨਾਂ ਕਿਹਾ ਕਿ ਆਪ ਨੇ ਆਪਣਾ ਅਸਲੀ ਰੰਗ ਵਿਖਾ ਦਿੱਤਾ ਹੈ। ਇਸਨੇ ਸਾਬਤ ਕਰ ਦਿੱਤਾ ਹੈ ਕਿ ਇਸ ’ਤੇ ਵਿਸਾਹ ਨਹੀਂ ਕੀਤਾ ਜਾ ਸਕਦਾ। ਇਸਨੇ ਜਾਣ ਬੁੱਝ ਇਹ ਵਾਧਾ ਜਲੰਧਰ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਤੱਕ ਲਈ ਟਾਲ ਦਿੱਤਾ ਸੀ ਤੇ ਵਾਰ ਵਾਰ ਖਪਤਕਾਰਾਂ ਨੂੰ ਝੂਠ ਬੋਲਦੇ ਰਹੇ ਕਿ ਅਸੀਂ ਕਮਜ਼ੋਰ ਵਰਗਾਂ ਨੂੰ ਸਬਸਿਡੀ ਦਿਆਂਗੇ। ਉਨ੍ਹਾਂ ਪੁੱਛਿਆ ਕਿ ਜੇਕਰ ਸਬਸਿਡੀ ਦੇਣੀ ਹੈ ਤਾਂ ਫਿਰ ਦਰਾਂ ਵਿਚ ਵਾਧਾ ਕਿਉਂ ਕੀਤਾ ਗਿਆ?
ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਬਦਲਾਅ ਵਾਲੀ ਸਰਕਾਰ ਨੇ ਬਿਜਲੀ ਦਰਾਂ ਵਿਚ ਤਾਂ ਵਾਧਾ ਕੀਤਾ ਹੀ ਹੀ ਸਗੋਂ ਸਾਰੇ ਖਪਤਕਾਰਾਂ ਵਾਸਤੇ ਫਿਕਸ ਚਾਰਜਿਜ਼ ਵਿਚ ਵੀ 15 ਰੁਪਏ ਪ੍ਰਤੀ ਕਿਲੋਵਾਟ ਦਾ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਘਰੇਲੂ ਖਪਤਕਾਰਾਂ ਦੇ ਨਾਲ ਹੀ ਕਮਰਸ਼ੀਅਲ ਤੇ ਉਦਯੋਗਿਕ ਖਪਤਕਾਰਾਂ ਲਈ ਵੀ ਦਰਾਂ ਵਧਾਈਆਂ ਗਈਆਂ ਹਨ ਜਿਸ ਕਾਰਨ ਉਨ੍ਹਾਂ ਦਾ ਪੰਜਾਬ ਵਿਚ ਕੰਮ ਕਰਨਾ ਸੌਖਾ ਨਹੀਂ ਰਹਿਣਾ ਤੇ ਇਕ ਵਾਰ ਫਿਰ ਤੋਂ ਇੰਡਸਟਰੀ ਗੁਆਂਢੀ ਰਾਜਾਂ ਵਿਚ ਜਾਣਾ ਸ਼ੁਰੂ ਹੋ ਜਾਵੇਗੀ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਆਪ ਸਰਕਾਰ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਿਸਾਨਾਂ ਲਈ ਕੀਤੀ ਮੁਫਤ ਬਿਜਲੀ ਦੀ ਸਹੂਲਤ ਵੀ ਵਾਪਸ ਲੈਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸਨੇ ਖੇਤੀਬਾੜੀ ਸਪਲਾਈ ਵਾਸਤੇ ਪੰਪ ਸੈਟਾਂ ਲਈ ਵੀ ਦਰ 5.66 ਰੁਪਏ ਤੋਂ ਵਧਾ ਕੇ 6.55 ਰੁਪੲ ਪ੍ਰਤੀ ਯੂਨਿਟ ਕਰ ਦਿੱਤੀ ਹੈ ਜਿਸ ਨਾਲ ਪੀ ਐਸ ਪੀ ਸੀ ਐਲ ਨੂੰ ਅਦਾਇਗੀਯੋਗ ਸਬਸਿਡੀ ਹੋਰ ਵੱਧ ਜਾਵੇਗੀ ਜਦੋਂ ਕਿ ਆਪ ਸਰਕਾਰ ਤਾਂ ਪਹਿਲਾਂ ਹੀ ਬਿਜਲੀ ਨਿਗਮ ਦੀ ਡਿਫਾਲਟਰ ਹੈ।
“ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਦੁਰਗਿਆਣਾ ਮੰਦਿਰ ਲਈ ਵੀ ਬਿਜਲੀ ਦਰਾਂ 30 ਪੈਸੇ ਪ੍ਰਤੀ ਯੂਨਿਟ ਵਧਾਈਆਂ ਗਈਆਂ ਹਨ ਤੇ ਉਨ੍ਹਾਂ ਮੰਗ ਕੀਤੀ ਕਿ ਇਹ ਤੁਰੰਤ ਵਾਪਸ ਲਈਆਂ ਜਾਣ।”- ਸੁਖਬੀਰ ਸਿੰਘ ਬਾਦਲ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ
ਉਨ੍ਹਾਂ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਆਪਣੇ 750 ਕਰੋੜ ਰੁਪਏ ਦੇ ਇਸ਼ਤਿਹਾਰੀ ਬਜਟ ਵਿਚ ਕਟੌਤੀ ਕਰ ਕੇ ਤੇ ਭ੍ਰਿਸ਼ਟਾਚਾਰ ’ਤੇ ਨਕੇਲ ਪਾ ਕੇ ਪੀ ਐਸ ਪੀ ਸੀ ਐਲ ਦੀ ਬਕਾਇਆ ਸਬਸਿਡੀ ਜਾਰੀ ਕਰਨ।
ਸੁਖਬੀਰ ਬਾਦਲ ਨੇ ਕਿਹਾ ਕਿ ਪੀਐਸਪੀਸੀਐਲ ਨੂੰ ਪੈਸੇ ਦੀ ਬਹੁਤ ਜ਼ਰੂਰਤ ਹੈ;ਤੇ ਇਸ ਕੋਲ ਟਰਾਂਸਫਾਰਮਾਂ ਤੇ ਗ੍ਰਿਡਾਂ ਦੀ ਰੂਟੀਨ ਮੁਰੰਮਤ ਵਾਸਤੇ ਵੀ ਪੈਸੇ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸਦਾ ਝੋਲੇ ਦੇ ਸੀਜ਼ਨ ਵਿਚ ਕਿਸਾਨਾਂ ਤੇ ਖੇਤੀ ਆਰਥਿਕਤਾ ’ਤੇ ਬਹੁਤ ਮਾੜਾ ਅਸਰ ਪਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਨੇ ਪੀਐਸਪੀਸੀਐਲ ਨੂੰ ਕੰਗਾਲ ਬਣਾ ਦਿੱਤਾ ਹੈ ਜਦੋਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵੇਲੇ ਇਹ ਨੰਬਰ ਇਕ ਕੰਪਨੀ ਬਣ ਗਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h