ਸ਼ਿਵ ਸੈਨਾ ਨੇ ਈਡੀ ਵੱਲੋਂ ਸੰਜੇ ਰਾਊਤ ਦੀ ਗਿ੍ਫਤਾਰੀ ਨੂੰ ਲੈ ਕੇ ਅੱਜ ਭਾਜਪਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਵੇਲੇ ਵੀ ਵਿਰੋਧੀਆਂ ਨੂੰ ਇਸ ਤਰ੍ਹਾਂ ਨਿਸ਼ਾਨਾ ਨਹੀਂ ਬਣਾਇਆ ਜਿਸ ਤਰ੍ਹਾਂ ਅੱਜ ਭਾਜਪਾ ਬਣਾ ਰਹੀ ਹੈ।
ਪਾਰਟੀ ਦੇ ਰਸਾਲੇ ‘ਸਾਮਨਾ’ ਵਿਚਲੇ ਸੰਪਾਦਕੀ ਵਿੱਚ ਸ਼ਿਵ ਸੈਨਾ ਨੇ ਕਿਹਾ ਹੈ ਕਿ ਜੇ ਵਿਰੋਧੀਆਂ ਨਾਲ ਸਨਮਾਨਜਨਕ ਵਿਹਾਰ ਨਾ ਕੀਤਾ ਗਿਆ ਤਾਂ ਮੁਲਕ ਤੇ ਜਮਹੂਰੀਅਤ ਦੋਵੇਂ ਤਬਾਹ ਹੋ ਜਾਣਗੇ।
ਸ਼ਿਵ ਸੈਨਾ ਨੇ ਕਿਹਾ ਹੈ ਕਿ ਰਾਜ ਸਭਾ ਸੰਸਦ ਮੈਂਬਰ ਅਤੇ ਸਿਆਸਤੀ ਬਦਲੇਖੋਰੀ ਅਤੇ ਪਾਤਰਾ ਚਾਲ ਮਾਮਲੇ ਵਿੱਚ ਫਸਾਉਣ ਲਈ ਫਰਜ਼ੀ ਸਬੂਤਾਂ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸੰਪਾਦਕੀ ਵਿੱਚ ਲਿਖਿਆ ਹੈ ਕਿ ਜੇ ਉਹ ਭਾਜਪਾ ਨਾਲ ਜੁੜੇ ਹੁੰਦੇ ਤਾਂ ਉਹ ਵੀ ਅੱਜ ਉਨ੍ਹਾਂ ਦੀ ‘ਵਾਸ਼ਿੰਗ ਮਸ਼ੀਨ’ ਵਿੱਚ ਧੋਤੇ ਜਾਂਦੇ। ਰਾਊਤ ਨੂੰ ਗ੍ਰਿਫ਼ਤਾਰ ਕਰਨ ਦੀ ‘ਜਲਦਬਾਜ਼ੀ’ ’ਤੇ ਸਵਾਲ ਉਠਾਉਂਦਿਆਂ ਸੈਨਾ ਨੇ ਕਿਹਾ ਹੈ ਕਿ ਉਨ੍ਹਾਂ ਈਡੀ ਨੂੰ ਪੱਤਰ ਭੇਜ ਕੇ ਦੱਸਿਆ ਸੀ ਕਿ ਉਹ ਮੌਨਸੂਨ ਸੈਸ਼ਨ ਤੇ ਉਪ ਰਾਸ਼ਟਰਪਤੀ ਦੀ ਚੋਣ ਬਾਅਦ ਏਜੰਸੀ ਸਾਹਮਣੇ ਪੇਸ਼ ਹੋਣਗੇ, ਪਰ ਈਡੀ ਨੇ ਇਸ ਨੂੰ ਨਹੀਂ ਮੰਨਿਆ ਤੇ ਐਤਵਾਰ ਸਵੇਰੇ ਉਨ੍ਹਾਂ ਦੇ ਘਰ ’ਤੇ ਛਾਪਾ ਮਾਰਿਆ।
ਈਡੀ ਨੇ ਸ਼ਿਵ ਸੈਨਾ ਆਗੂ ਸੰਜੇ ਰਾਊਤ ਨਾਲ ਜੁੜੇ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਵਿੱਚ ਕੁਝ ਹੋਰ ਲੋਕਾਂ ਨੂੰ ਸੰਮਨ ਭੇਜੇ ਹਨ। ਜਾਂਚ ਏਜੰਸੀ ਨੇ ਅੱਜ ਇਸ ਮਾਮਲੇ ਵਿੱਚ ਮੁੰਬਈ ਵਿੱਚ ਦੋ ਵੱਖ ਵੱਖ ਥਾਵਾਂ ’ਤੇ ਛਾਪੇ ਮਾਰੇ। ਇਸੇ ਦੌਰਾਨ ਸੰਜੈ ਰਾਊਤ ਖਿਲਾਫ਼ ਸੁਜੀਤ ਪਟਕਰ ਦੀ ਪਤਨੀ ਸਵਪਨਾ ਪਟਕਰ ਨੂੰ ਕਥਿਤ ਧਮਕੀ ਦੇਣ ਦੇ ਦੋਸ਼ ਹੇਠ ਇਕ ਹੋਰ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਸ਼ਿਵ ਸੈਨਾ ਸੰਸਦ ਮੈਂਬਰ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ।
ਵਕੋਲਾ ਥਾਣੇ ਵਿੱਚ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਇਕ ਆਡੀਓ ਟੇਪ ਵਾਇਰਲ ਹੋਈ ਸੀ ਜਿਸ ਵਿੱਚ ਰਾਊਤ, ਸਵਪਨਾ ਪਟਕਰ ਨੂੰ ਕਥਿਤ ਧਮਕੀਆਂ ਦਿੰਦਾ ਸੁਣਾਈ ਪੈਂਦਾ ਹੈ। ਜ਼ਿਕਰਯੋਗ ਹੈ ਕਿ ਸਵਪਨਾ ਪਟਕਰ ਪਾਤਰਾ ਚਾਲ ਮਾਮਲੇ ਵਿੱਚ ਗਵਾਹ ਹੈ।
ਸ਼ਿਵ ਸੈਨਾ ਨੇ ਆਪਣੇ ਰਸਾਲੇ ‘ਚ ਕਿਹਾ ਕਿ ਸੱਤਾ ’ਤੇ ਕਾਬਜ਼ ਲੋਕਾਂ ਨੇ ਸੱਚ ਬੋਲਣ ਵਾਲਿਆਂ ਦੀ ਸੰਘੀ ਘੁੱਟਣ ਅਤੇ ਜ਼ਬਾਨ ਕੱਟਣ ਦਾ ਫੈਸਲਾ ਕੀਤਾ ਹੈ। ਅਜਿਹਾ ਇੰਦਰਾ ਜੀ ਵੱਲੋਂ ਲਗਾਈ ਐਮਰਜੈਂਸੀ ਵੇਲੇ ਵੀ ਨਹੀਂ ਹੋਇਆ। ’’ ਭਾਜਪਾ ’ਤੇ ਇਕ ਹੋਰ ਹਮਲਾ ਬੋਲਦਿਆਂ ਸੈਨਾ ਨੇ ਕਿਹਾ ਹੈ ਕਿ ਜਦੋਂ ਕੇਂਦਰੀ ਏਜੰਸੀਆਂ ਵੱਲੋਂ ਵਿਰੋਧੀ ਧਿਰ ਦੇ ਆਗੂਆਂ ਖਿਲਾਫ਼ ਨੋਟਿਸ ਜਾਰੀ ਕੀਤੇ ਗਏ; ਨੀਰਵ ਮੋਦੀ, ਮੇਹੁਲ ਚੋਕਸੀ ਅਤੇ ਵਿਜੈ ਮਾਲਿਆ ਵਰਗੇ ਕਥਿਤ ਆਰਥਿਕ ਅਪਰਾਧੀ ਮੁਲਕ ਛੱਡ ਕੇ ਭੱਜ ਗਏ।