ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਕਰੀਬ 60 ਗੈਂਗਸਟਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਸਾਜਿਸ਼ ਘੜ ਕੇ ਨਿਸ਼ਾਨਾ ਬਣਾਇਆ।ਦਿੱਲੀ ਅਤੇ ਪੰਜਾਬ ਪੁਲਿਸ ਦੀ ਹੁਣ ਤੱਕ ਦੀ ਜਾਂਚ ‘ਚ ਖੁਲਾਸਾ ਹੋਇਆ ਹੈ ਕਿ ਮੂਸੇਵਾਲਾ ਦੀ ਹੱਤਿਆ ਗੈਂਗਸਟਰਾਂ ਦੀ ਆਪਸੀ ਦੁਸ਼ਮਣੀ ਦਾ ਨਤੀਜਾ ਸੀ।
ਹਾਲਾਂਕਿ ਮੂਸੇਵਾਲਾ ਖੁਦ ਕਿਸੇ ਵੀ ਅਪਰਾਧਕ ਸਰਗਰਮੀ ‘ਚ ਸ਼ਾਮਿਲ ਨਹੀਂ ਸੀ।ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਕਾਰਨਾਂ ਅਤੇ ਦੋਸ਼ੀਆਂ ਦਾ ਪਰਦਾਫਾਸ਼ ਕਰਨ ਲਈ ਦਿੱਲੀ ਪੁਲਿਸ ਦੇ ਵਿਸ਼ੇਸ਼ ਅਪਰੇਸ਼ਨ ਸੈੱਲ ਦੀ ਅਗਵਾਈ ਹੇਠ ਕਰੀਬ 400 ਅਤੇ ਪੰਜਾਬ ਪੁਲਿਸ ਦੇ 200 ਮੁਲਾਜ਼ਮਾਂ ਨੇ ਦਿਨ ਰਾਤ ਇੱਕ ਕਰ ਦਿੱਤਾ।ਮਾਨਸਾ ਅਤੇ ਬਠਿੰਡਾ ਜ਼ਿਲਿ੍ਹਆਂ ਦੇ ਸੈਂਕੜੇ ਪੁਲਿਸ ਕਰਮਚਾਰੀ ਵੀ ਉਨ੍ਹਾਂ ਦੀ ਸਹਾਇਤਾ ਕਰ ਰਹੇ ਹਨ।
ਮਸ਼ਕੂਕਾਂ ਦੀ ਪੈੜ ਨੱਪਣ ਲਈ ਲੱਖਾਂ ਫੋਨਾਂ ਦੇ ਡੇਟਾ ਨੂੰ ਖੰਗਾਲਿਆ ਗਿਆ ਅਤੇ ਇੰਟਰਨੈੱਟ ਜਾਂ ਸੀਸੀਟੀਵੀ ਰਾਹੀਂ ਸ਼ੂਟਰਾਂ ਦੀ ਪਛਾਣ ਕੀਤੀ ਗਈ।ਇੰਨੀ ਭੱਜ ਨੱਠ ਦੇ ਬਾਵਜੂਦ 6 ਸ਼ੂਟਰਾਂ ‘ਚੋਂ ਤਿੰਨ ਅਜੇ ਵੀ ਗ੍ਰਿਫਤ ਤੋਂ ਬਾਹਰ ਹਨ।ਸਿੱਧੂ ਮੂਸੇਵਾਲਾ ਦੀ ਹੱਤਿਆ ਲਈ ਵਰਤੇ ਗਏ ਹਥਿਆਰ ਵੀ ਅਜੇ ਤੱਕ ਨਹੀਂ ਮਿਲੇ ਹਨ।ਸ਼ੂਟਰਾਂ ਨੇ ਇਹ ਹਥਿਆਰ ਭਿਵਾਨੀ ਹਰਿਆਣਾ ਦੇ ਇੱਕ ਵਿਅਕਤੀ ਨੂੰ ਦਿੱਤੇ ਸਨ।