ਪੰਜਾਬੀ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਪ੍ਰੋਡਕਸ਼ਨ ਵਾਰੰਟ ਤੋਂ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੁੱਛ ਪੜਤਾਲ ਦੌਰਾਨ ਦੋ ਸ਼ੂਟਰਾਂ ਨੂੰ ਜਾਣਨ ਦੀ ਗੱਲ ਮੰਨੀ ਹੈ।
ਬੀਤੇ ਦਿਨ ਪੰਜਾਬ ਪੁਲਿਸ ਦੀ ਸਿਟ ਨੇ ਚਾਰ ਸ਼ੂਟਰਾਂ ਜਗਰੂਪ ਉਰਫ ਰੂਪਾ ਵਾਸੀ ਅੰਮ੍ਰਿਤਸਰ, ਮੋਨੂੰ ਕੁੱਸਾ ਵਾਸੀ ਮੋਗਾ ਅਤੇ ਪ੍ਰਿਆਵਰਤ ਜੋਸ਼ੀ ਤੇ ਅੰਕਿਤ ਦੋਵੇਂ ਵਾਸੀ ਸੋਨੀਪਤ ਦੀ ਪਛਾਣ ਹੋਣ ਦਾ ਦਾਅਵਾ ਕੀਤਾ ਸੀ।ਇਨ੍ਹਾਂ ‘ਚੋਂ ਰੂਪਾ ਤੇ ਕੁੱਸਾ ਨੂੰ ਲਾਰੈਂਸ ਬਿਸ਼ਨੋਈ ਜਾਣਦਾ ਹੈ ਅਤੇ ਇਹ ਦੋਵੇਂ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ‘ਚ ਸਨ।
ਸੂਤਰਾਂ ਮੁਤਾਬਕ ਲਾਰੈਂਸ ਬਿਸ਼ਨੋਈ ਨੇ ਐਸਓਆਈ ਦੇ ਸਾਬਕਾ ਪ੍ਰਧਾਨ ਅਤੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਮਰਹੂਮ ਵਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਨੂੰ ਆਪਣਾ ਵੱਡਾ ਭਰਾ ਦੱਸਦਿਆਂ ਕਿਹਾ ਕਿ ਵਿੱਕੀ ਦੇ ਕਤਲ ਨਾਲ ਉਸ ਨੂੰ ਜਬਰਦਸਤ ਝਟਕਾ ਲੱਗਿਆ ਸੀ।ਲਾਰੈਂਸ ਅਨੁਸਾਰ ਵਿੱਕੀ ਦਾ ਕਤਲ ਸਿੱਧੂ ਮੂਸੇਵਾਲਾ ਦੇ ਮੈਨੇਜਰ ਜਸ਼ਨਪ੍ਰੀਤ ਸਿੰਘ ਨੇ ਮੁਖਬਰੀ ਕਰਕੇ ਕਰਵਾਇਆ ਸੀ।
ਇਸ ਸਬੰਧੀ ਉਸ ਨੇ ਮੂਸੇਵਾਲਾ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਆਪਣੇ ਮੈਨੇਜਰ ਦਾ ਸਾਥ ਨਾ ਦੇਵੇ ਪਰ ਨਹੀਂ ਮੰਨਿਆ।ਲਾਰੈਂਸ ਤੋਂ ਪੁੱਛ ਪੜਤਾਲ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਜਿਆਦਾਤਰ ਗੈਂਗਸਟਰ ਸਿਗਨਲ ਐਪ ਰਾਹੀਂ ਇੱਕ ਦੂਜੇ ਨਾਲ ਤਾਲਮੇਲ ਕਰਦੇ ਹਨ।
ਇਸ ਤਕਨੀਕ ਦੀ ਵਰਤੋਂ ਨਾਲ ਫੜੇ ਜਾਣ ਦਾ ਬਹੁਤਾ ਡਰ ਨਹੀਂ ਹੁੰਦਾ ਹੈ।ਦੂਜੇ ਪਾਸੇ ਮੂਸੇਵਾਲਾ ਦੀ ਹੱਤਿਆ ਕੇਸ ਦੇ ਸ਼ੱਕੀ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਦੀ ਨਿਸ਼ਾਨਦੇਹੀ ‘ਤੇ ਹੁਣ ਤੱਕ 13 ਹਥਿਆਰ ਬਰਾਮਦ ਕੀਤੇ ਗਏ ਹਨ।ਉਸ ਨੇ ਇਹ ਅਸਲਾ ਮੱਧ ਪ੍ਰਦੇਸ਼ ਤੋਂ ਮੰਗਵਾਇਆ ਸੀ।ਪੁਣੇ ਦੇ ਐਸਪੀ (ਦਿਹਾਤੀ) ਅਭਿਨਵ ਦੇਸ਼ਮੁਖ ਨੇ ਇਹ ਗੱਲ ਪੰਜਾਬ ਪੁਲਿਸ ਨਾਲ ਸਾਂਝੀ ਕੀਤੀ ਹੈ।