ਅਮਰੀਕਾ ਦੀ ਨਾਰਥ ਕੈਰੋਲੀਨਾ ਯੂਨੀਵਰਸਿਟੀ ਵਿੱਚ ਇੱਕ ਸਿੱਖ ਵਿਦਿਆਰਥੀ ਨਾਲ ਪੁਲਿਸ ਵੱਲੋਂ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਇਹ ਨਸਲੀ ਵਿਤਕਰੇ ਜਾਂ ਨਫ਼ਰਤ ਦਾ ਮਾਮਲਾ ਨਹੀਂ ਹੈ। ਇਹ ਮਾਮਲਾ ਕਿਰਪਾਨ (ਸਿਰੀ ਸਾਹਿਬ) ਸਬੰਧੀ ਹੈ।
ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਆਪਣੀ ਡਿਊਟੀ ਅਨੁਸਾਰ ਸਿਰੀ ਸਾਹਿਬ ਪਾ ਕੇ ਨਾਰਥ ਕੈਰੋਲੀਨਾ ਯੂਨੀਵਰਸਿਟੀ ਪਹੁੰਚਿਆ ਸੀ ਪਰ ਉਥੇ ਉਸ ਨੂੰ ਸਿਰੀ ਸਾਹਿਬ ਉਤਾਰਨ ਲਈ ਕਿਹਾ ਗਿਆ। ਇਸ ’ਤੇ ਸਿੱਖ ਨੌਜਵਾਨ ਨੇ ਉਥੇ ਮੌਜੂਦ ਵਰਦੀਧਾਰੀ ਪੁਲੀਸ ਅਧਿਕਾਰੀ ਨੂੰ ਕਿਹਾ ਕਿ ਇਹ ਉਸ ਦੇ ਧਰਮ ਦੀ ਨਿਸ਼ਾਨੀ ਹੈ। ਉਹ ਇਸਨੂੰ ਉਤਾਰ ਨਹੀਂ ਸਕਦਾ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਖੁਦ ਸਿੱਖ ਵਿਦਿਆਰਥੀ ਵੱਲੋਂ ਪਾਈ ਕਿਰਪਾਨ ਨੂੰ ਉਤਾਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਇਸ ‘ਤੇ ਸਿੱਖ ਨੌਜਵਾਨ ਬੜੇ ਪਿਆਰ ਨਾਲ ਕਹਿੰਦਾ ਹੈ ਕਿ ਇਸ ਨੂੰ ਹੱਥ ਨਾ ਲਗਾਓ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਕਹਿੰਦਾ ਹੈ ਕਿ ਕਿਰਪਾਨ ਨਾ ਉਤਾਰੀ ਤਾਂ ਹੱਥਕੜੀ ਲਾਉਣੀ ਪਵੇਗੀ।
ਇਸ ਤੋਂ ਬਾਅਦ ਸਿੱਖ ਨੌਜਵਾਨ ਸੋਫ਼ੇ ਤੋਂ ਉੱਠ ਕੇ ਆਪਣੇ ਹੱਥ ਪਿੱਛੇ ਕਰ ਦਿੰਦਾ ਹੈ ਤੇ ਪੁਲਿਸ ਅਫਸਰ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਹਥਕੜੀਆਂ ਪਾ ਕੇ ਆਪਣੇ ਨਾਲ ਲੈ ਜਾਂਦਾ ਹੈ। ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਸਿੱਖ ਜਗਤ ‘ਚ ਭਾਰੀ ਰੋਸ ਹੈ। ਅਮਰੀਕੀ ਪੁਲਿਸ ਅਧਿਕਾਰੀ ਦੇ ਇਸ ਤਰ੍ਹਾਂ ਦੇ ਵਤੀਰੇ ਦੀ ਸਿੱਖ ਸੰਗਤਾਂ ਵੱਲੋਂ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ।
ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਟਵੀਟ ਕਰਕੇ ਇਸ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਵਿਦੇਸ਼ ਮੰਤਰਾਲੇ ਨੂੰ ਭੇਜ ਦਿੱਤਾ ਗਿਆ ਹੈ। ਉਸ ਨੂੰ ਅਮਰੀਕਾ ਦੀ ਉੱਤਰੀ ਕੈਰੋਲੀਨਾ ਯੂਨੀਵਰਸਿਟੀ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਵਿਦਿਆਰਥੀ ਨੂੰ ਤੁਰੰਤ ਪ੍ਰਭਾਵ ਨਾਲ ਪੁਲਿਸ ਤੋਂ ਰਿਹਾਅ ਕਰਵਾਉਣਾ ਚਾਹੀਦਾ ਹੈ।
We demand an apology from Campus Police & Univ Admn at @unccharlotte that detained a Sikh youth for his Kirpan, a quintessential part of Sikh Kakars. We are in constant touch with @IndianEmbassyUS and @MEAIndia to ensure the Amritdhari student is released with due respect. https://t.co/KWp6U7fAUp pic.twitter.com/KxPqqjoTwF
— Manjinder Singh Sirsa (@mssirsa) September 24, 2022
ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਉਥੇ ਵਿਦਿਆਰਥੀ ਵਿਰੁੱਧ ਜੋ ਵੀ ਕੇਸ ਬਣਾਇਆ ਹੈ, ਉਸ ਨੂੰ ਵੀ ਰੱਦ ਕਰਵਾਇਆ ਜਾਵੇ। ਉੱਤਰੀ ਕੈਰੋਲੀਨਾ ਯੂਨੀਵਰਸਿਟੀ ਦੇ ਪ੍ਰਬੰਧਨ ਦੇ ਨਾਲ-ਨਾਲ ਪੁਲਿਸ ‘ਤੇ ਆਪਣੇ ਕੰਮਾਂ ਲਈ ਮੁਆਫੀ ਮੰਗਣ ਲਈ ਦਬਾਅ ਬਣਾਉਣ ਲਈ ਵੀ ਕਿਹਾ ਗਿਆ ਹੈ।
ਸਿਰਸਾ ਨੇ ਕਿਹਾ ਕਿ ਪੁਲਿਸ ਨੇ ਕੱਕੜਧਾਰੀ ਸਿੱਖ ਨੌਜਵਾਨ ਨੂੰ ਹੱਥਕੜੀ ਲਗਾ ਕੇ ਗੁਨਾਹ ਕੀਤਾ ਹੈ। ਉਨ੍ਹਾਂ ਸਿੱਖ ਨੌਜਵਾਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਬੇਸ਼ੱਕ ਨੌਜਵਾਨ ਨੂੰ ਹੱਥਕੜੀ ਲੱਗ ਗਈ ਪਰ ਉਸ ਦੇ ਕਦਮ ਨਹੀਂ ਡੋਲੇ। ਉਹ ਆਪਣੇ ਧਰਮ ਦੇ ਸਨਮਾਨ ਵਿੱਚ ਧੀਰਜ ਨਾਲ ਖੜ੍ਹਾ ਰਿਹਾ।