ਪੰਜਾਬੀ ਅਦਾਕਾਰ-ਗਾਇਕ ਰਾਜਵੀਰ ਜਵੰਦਾ ਪੰਜ ਤੱਤਾਂ ‘ਚ ਵਿਲੀਨ ਹੋ ਗਏ ਹਨ। ਰਾਜਵੀਰ ਦਾ ਅੰਤਿਮ ਸੰਸਕਾਰ ਲੁਧਿਆਣਾ ਜ਼ਿਲ੍ਹੇ ਦੇ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਦੇ ਸਰਕਾਰੀ ਸਕੂਲ ਦੇ ਗਰਾਉਂਡ ਵਿੱਚ ਕੀਤਾ ਗਿਆ। ਇਸ ਮੌਕੇ ਮਾਂ, ਪਤਨੀ ਸਣੇ ਉਥੇ ਮੌਜੂਦ ਹਰ ਇਕ ਬੰਦੇ ਦੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸੀ। ਹਰ ਕਿਸੇ ਦੀ ਅੱਖ ਨਮ ਸੀ। ਰਾਜਵੀਰ ਜਵੰਦਾ ਦੇ ਜਾਣ ਨਾਲ ਪੰਜਾਬੀ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਦੱਸ ਦੇਈਏ ਕਿ ਪੰਜਾਬੀ ਅਦਾਕਾਰ-ਗਾਇਕ ਰਾਜਵੀਰ ਜਵੰਦਾ ਦਾ 27 ਸਤੰਬਰ ਨੂੰ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਣ ਤੋਂ 11 ਦਿਨ ਬਾਅਦ ਯਾਨੀ 8 ਅਕਤੂਬਰ ਬੁੱਧਵਾਰ ਨੂੰ ਦਿਹਾਂਤ ਹੋ ਗਿਆ ਸੀ।
ਜਵੰਦਾ ਦੀ ਮ੍ਰਿਤਕ ਦੇਹ ਨੂੰ ਬੁੱਧਵਾਰ ਨੂੰ ਮੋਹਾਲੀ ਦੇ ਸੈਕਟਰ 71 ਸਥਿਤ ਉਨ੍ਹਾਂ ਦੀ ਕੋਠੀ ਵਿਚ ‘ਅੰਤਿਮ ਦਰਸ਼ਨਾਂ’ ਲਈ ਰੱਖਿਆ ਗਿਆ ਸੀ ਤਾਂ ਜੋ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਸਾਥੀ ਕਲਾਕਾਰ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇ ਸਕਣ ਅਤੇ ਇਸ ਤੋਂ ਬਾਅਦ ਦੇਰ ਰਾਤ ਉਨ੍ਹਾਂ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਲਿਆਂਦੀ ਗਈ, ਜਿੱਥੇ ਅੰਤਿਮ ਰਸਮਾਂ ਪੂਰੀਆਂ ਕਰਨ ਮਗਰੋਂ ਉਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ।
35 ਸਾਲਾ ਕਲਾਕਾਰ ਰਾਜਵੀਰ ਜਵੰਦਾ ਨੂੰ ਬੀਤੀ ਕੱਲ੍ਹ ਸਵੇਰੇ 10.55 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਦੁਪਹਿਰ 12:30 ਵਜੇ ਦੇ ਕਰੀਬ ਜਾਰੀ ਕੀਤੇ ਗਏ ਇੱਕ ਅਧਿਕਾਰਤ ਬਿਆਨ ਵਿੱਚ, ਫੋਰਟਿਸ ਹਸਪਤਾਲ ਨੇ ਪੁਸ਼ਟੀ ਕੀਤੀ ਕਿ ਜਵੰਦਾ ਦੀ ਮੌਤ ਮਲਟੀ-ਆਰਗਨ ਫੇਲ੍ਹ ਹੋਣ ਕਾਰਨ ਹੋਈ।
ਲੁਧਿਆਣਾ ਦੇ ਜਗਰਾਉਂ ਦੇ ਪੋਨਾ ਪਿੰਡ ਦੇ ਰਹਿਣ ਵਾਲਾ ਜਵੰਦਾ ਆਪਣੇ ਗੀਤਾਂ “ਤੂੰ ਦਿਸ ਪੈਂਦਾ,” “ਖੁਸ਼ ਰਿਹਾ ਕਰ,” “ਸਰਨੇਮ,” “ਆਫਰੀਨ,” “ਲੈਂਡਲਾਰਡ,” “ਡਾਊਨ ਟੂ ਅਰਥ,” ਅਤੇ “ਕੰਗਣੀ” ਲਈ ਵੀ ਜਾਣੇ ਜਾਂਦੇ ਸਨ। ਜਵੰਦਾ ਨੇ 2018 ਵਿੱਚ ਗਿੱਪੀ ਗਰੇਵਾਲ ਨਾਲ ਪੰਜਾਬੀ ਫਿਲਮਾਂ “ਸੂਬੇਦਾਰ ਜੋਗਿੰਦਰ ਸਿੰਘ”, 2019 ਵਿੱਚ “ਜ਼ਿੰਦ ਜਾਨ” ਅਤੇ 2019 ਵਿੱਚ “ਮਿੰਦੋ ਤਸੀਲਦਾਰਨੀ” ਵਿੱਚ ਕੰਮ ਕੀਤਾ।