ਸ਼ੂਟਰ ਅਤੇ ਵਕੀਲ ਸੁਖਮਨਪ੍ਰੀਤ ਸਿੰਘ ਉਰਫ ਸਿੱਪੀ ਸਿੱਧੂ ਦੇ ਕਤਲ ਦੇ ਦੋਸ਼ੀ ਕਲਿਆਣੀ ਸਿੰਘ ਨੂੰ ਚਾਰ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਐਤਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੀਬੀਆਈ ਨੇ ਕਲਿਆਣੀ ਦੇ ਰਿਮਾਂਡ ਵਿੱਚ ਸੱਤ ਦਿਨ ਦਾ ਵਾਧਾ ਕਰਨ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਕਲਿਆਣੀ ਦਾ ਦੋ ਦਿਨ ਦਾ ਰਿਮਾਂਡ ਦਿੱਤਾ ਹੈ।
ਇਸ ਦੇ ਨਾਲ ਹੀ ਸਿੱਪੀ ਸਿੱਧੂ ਦੇ ਕਤਲ ਵਿੱਚ ਸ਼ਾਮਲ ਦੂਜੇ ਮੁਲਜ਼ਮ ਦੀ ਵੀ ਪਛਾਣ ਹੋ ਗਈ ਹੈ। ਸੀਬੀਆਈ ਹੁਣ ਉਸ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਰਾਜਾਂ ਵਿੱਚ ਛਾਪੇਮਾਰੀ ਕਰ ਰਹੀ ਹੈ। ਜਾਂਚ ਏਜੰਸੀ ਮੁਤਾਬਕ ਸਿੱਪੀ ਦੇ ਕਤਲ ਸਮੇਂ ਦੋ ਗੱਡੀਆਂ ਦੀ ਵਰਤੋਂ ਕੀਤੀ ਗਈ ਸੀ।
ਇੱਕ ਵਿੱਚ ਕਲਿਆਣੀ ਅਤੇ ਦੂਜੀ ਗੱਡੀ ਵਿੱਚ ਮੁਲਜ਼ਮ ਪਾਰਕ ਵਿੱਚ ਪੁੱਜੇ ਸਨ। ਸੂਤਰਾਂ ਮੁਤਾਬਕ ਦੂਜਾ ਮੁਲਜ਼ਮ ਕਲਿਆਣੀ ਦਾ ਕਰੀਬੀ ਹੈ।
20 ਸਤੰਬਰ 2015 ਨੂੰ ਸੈਕਟਰ-27 ਸਥਿਤ ਪਾਰਕ ਵਿੱਚ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ਼ ਸਿੱਪੀ ਸਿੱਧੂ ਦਾ ਚਾਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੀਬੀਆਈ ਨੂੰ ਸੀਸੀਟੀਵੀ ਫੁਟੇਜ ਮਿਲੀ ਹੈ। ਇਸ ਵਿੱਚ ਦੂਸਰਾ ਮੁਲਜ਼ਮ ਮੌਕੇ ‘ਤੇ ਨੇੜਿਓਂ ਜਾਂਦਾ ਨਜ਼ਰ ਆ ਰਿਹਾ ਹੈ।
ਉਸ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ ਤਾਂ ਜੋ ਉਸ ਦੀ ਪਛਾਣ ਨਾ ਹੋ ਸਕੇ। ਹਾਲਾਂਕਿ ਫੁਟੇਜ ‘ਚ ਇਸ ਦੀ ਲੰਬਾਈ ਸਾਫ ਦਿਖਾਈ ਦੇ ਰਹੀ ਹੈ। ਦੂਜੇ ਪਾਸੇ ਸੀਬੀਆਈ ਪੁੱਛਗਿੱਛ ਵਿੱਚ ਕਲਿਆਣੀ ਸਿੱਪੀ ਸਿੱਧੂ ਦੇ ਕਤਲ ਤੋਂ ਇਨਕਾਰ ਕਰ ਰਹੀ ਹੈ।
ਸੀਬੀਆਈ ਦੀ ਜਾਂਚ ਅਨੁਸਾਰ ਕਲਿਆਣੀ ਸਿੰਘ ਸਿੱਪੀ ਸਿੱਧੂ ਦੇ ਨਾਲ ਪ੍ਰੇਮ ਸਬੰਧਾਂ ‘ਚ ਸੀ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਸਿੱਧੂ ਦੇ ਮਾਤਾ-ਪਿਤਾ ਨੇ ਵਿਆਹ ਦੇ ਵਿਰੁੱਧ ਸਨ।ਦੂਜੇ ਪਾਸੇ, ਸਿੱਪੀ ਨੇ ਕਲਿਆਣੀ ਦੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਲੀਕ ਕਰ ਦਿੱਤੀਆਂ ਸਨ।ਇਸ ਕਰਕੇ ਦੋਵਾਂ ਦੇ ਸੰਬੰਧ ‘ਚ ਦਰਾੜ ਆ ਗਈ ਅਤੇ ਇਸ ਕਾਰਨ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ।