ਵੀਰਵਾਰ, ਅਕਤੂਬਰ 9, 2025 11:27 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਧਰਮ

ਸਰਹਿੰਦ ਫ਼ਤਿਹ ਦਿਵਸ ’ਤੇ ਵਿਸ਼ੇਸ਼ : ‘ਜਬਰ ਉੱਤੇ ਸਬਰ ਦੀ ਜਿੱਤ ਦੀ ਗਵਾਹੀ ਹੈ ਸਰਹਿੰਦ ਫ਼ਤਿਹ’

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਥਾਪੜਾ ਦੇ ਕੇ ਆਪਣੇ ਸਿੱਖਾਂ ਨਾਲ ਤੋਰਿਆ ਤਾਂ ਇਕ ਗੱਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹੀ ਕਿ ਬੰਦਾ ਸਿੰਘ ਜ਼ਾਲਮਾਂ ਨੂੰ ਸੋਧਣ ਦੇ ਨਾਲ-ਨਾਲ ਅਕਾਲ ਪੁਰਖ ਨੂੰ ਵਿਸਾਰ ਦੇਣਾ।

by Gurjeet Kaur
ਮਈ 12, 2023
in ਧਰਮ
0

Baba Banda Singh Bahadur ji: ਕੁਦਰਤ ਦਾ ਇਕ ਅਸੂਲ ਹੈ ਕਿ ਜ਼ਿਆਦਤੀ ਜ਼ਿਆਦਾ ਚਿਰ ਤਕ ਸਹਿਣ ਨਹੀਂ ਕੀਤੀ ਜਾਂਦੀ। ਕਿਵੇਂ ਨਾ ਕਿਵੇਂ ਧਰਤੀ ’ਤੇ ਕਿਸੇ ਨਾ ਕਿਸੇ ਰੂਪ ’ਚ ਜ਼ੁਲਮ ਦਾ ਸਾਹਮਣਾ ਕਰਨ ਲਈ ਕੋਈ ਰੱਬੀ ਰੂਹ ਪੈਦਾ ਹੁੰਦੀ ਹੀ ਰਹੀ ਹੈ। ਜਿਵੇਂ ਸਿੱਧੇ ਸ਼ਬਦਾਂ ’ਚ ਕਹਿ ਲਓ ਕਿ ਪਾਪ ਦਾ ਭਾਂਡਾ ਜਲਦੀ ਭਰ ਜਾਂਦਾ ਹੈ। ਇਸੇ ਕੜੀ ਦਾ ਹੀ ਇਕ ਹਿੱਸਾ ਹੈ ‘ਸਰਹਿੰਦ ਫ਼ਤਿਹ’, ਜਿਸ ਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਸਿੰਘਾਂ ਨਾਲ ਜ਼ਾਲਮਾਂ ਨੂੰ ਸੋਧਾ ਲਗਾ ਕੇ ਸਰਹਿੰਦ ਫ਼ਤਿਹ ਕੀਤੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਥਾਪੜਾ ਦੇ ਕੇ ਆਪਣੇ ਸਿੱਖਾਂ ਨਾਲ ਤੋਰਿਆ ਤਾਂ ਇਕ ਗੱਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹੀ ਕਿ ਬੰਦਾ ਸਿੰਘ ਜ਼ਾਲਮਾਂ ਨੂੰ ਸੋਧਣ ਦੇ ਨਾਲ-ਨਾਲ ਅਕਾਲ ਪੁਰਖ ਨੂੰ ਵਿਸਾਰ ਦੇਣਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋ ਅਸ਼ੀਰਵਾਦ ਲੈ ਕੇ ਜਦੋਂ ਪੰਜਾਬ ਵੱਲ ਰਵਾਨਗੀ ਪਾਈ ਤਾਂ ਸਿੰਘਾਂ ਦਾ ਜੋਸ਼ ਵੇਖਣ ਵਾਲਾ

ਲੋਕ-ਗੀਤ ਬਣਨ ਦੀ ਤੀਬਰ ਸਮਰੱਥਾ ਰੱਖਦੇ ਉਪਰੋਕਤ ਤਿੱਖੇ ਦਰਦ ਭਰੇ ਕਾਵਿ-ਬੋਲਾਂ ਤੋਂ ਜ਼ਾਹਿਰ ਹੈ ਕਿ ਸਰਹਿੰਦ ਦੇ ਸਾਕੇ ਦਾ ਪੰਜਾਬ ਦੇ ਲੋਕ-ਮਨਾਂ ’ਤੇ ਪਿਆ ਪ੍ਰਭਾਵ ਬਹੁਤ ਪ੍ਰਚੰਡ, ਗਹਿਰਾ ਅਤੇ ਸਦੀਵੀ ਹੈ। ਤਿੱਖੀ ਅਤੇ ਮਾਰਮਿਕ ਲੋਕ-ਵੇਦਨਾ ਨਾਲ ਲਬਰੇਜ਼ ਇਨ੍ਹਾਂ ਹਿਰਦੇਵੇਧਕ ਬੋਲਾਂ ’ਚੋਂ ਨਿਰਸੰਦੇਹ ਪੰਜਾਬੀਆਂ ਦੇ ਮਨਾਂ ਵਿਚਲੇ ਤੀਬਰ ਦੁੱਖ ਅਤੇ ਰੋਹ ਦਾ ਪ੍ਰਤੱਖ ਦੀਦਾਰ ਹੁੰਦਾ ਹੈ। ਇਹ ਪੀੜਾ, ਰੋਸ ਅਤੇ ਰੋਹ ਹੀ ਬਾਅਦ ਵਿੱਚ ਮੁਗ਼ਲ ਹਕੂਮਤ ਵਿਰੁੱਧ ਉਦੋਂ ਤਕੜੇ ਗੁੱਸੇ ਅਤੇ ਵਿਦਰੋਹ ਦਾ ਪ੍ਰਚੰਡ ਵਕਤੀ ਉਬਾਲ/ਭੂਚਾਲ ਬਣ ਕੇ ਸਾਹਮਣੇ ਆਇਆ ਜਦੋਂ ਦਸਮ ਪਾਤਸ਼ਾਹ ਦੀ ਥਾਪੜਾ ਪ੍ਰਾਪਤ ਉੱਘੇ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਇਕੱਠੀਆਂ ਹੋਈਆਂ ਸਿੱਖ ਫ਼ੌਜਾਂ ਨੇ ਸਰਹਿੰਦ ਉੱਪਰ ਵੱਡਾ ਧਾਵਾ ਬੋਲਿਆ।

ਇਸ ਦੀ ਇੱਟ ਨਾਲ ਇੱਟ ਖੜਕਾ ਕੇ ਇਸ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਅਤੇ ਇਸ ਦੇ ਜ਼ਾਲਮ ਸੂਬੇਦਾਰ ਵਜ਼ੀਰ ਖ਼ਾਨ ਨੂੰ ‘ਹੰਕਾਰਿਆ ਸੋ ਮਾਰਿਆ’, ‘ਅਤਿ ਅਤੇ ਰੱਬ ਦਾ ਵੈਰ, ‘ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ’ ਅਤੇ ‘ਜੈਸੇ ਕੋ ਤੈਸਾ’ ਦੀ ਲੋਕ ਭਾਵਨਾ ਅਨੁਰੂਪ ਨੱਕ ਵਿੱਚ ਨਕੇਲ ਪਾ ਕੇ, ਘੋੜੇ ਪਿੱਛੇ ਬੰਨ੍ਹ ਕੇ, ਸੁਹਾਗਾ ਬਣਾ ਕੇ ਬਰਬਾਦ ਹੋਏ ਸਰਹਿੰਦ ਸ਼ਹਿਰ ’ਤੇ ਫੇਰਦਿਆਂ ਮੌਤ ਦੇ ਘਾਟ ਉਤਾਰ ਦਿੱਤਾ ਸੀ। ‘ਸਾਕਾ ਸਰਹਿੰਦ’ ਦੇ ਠੀਕ 6 ਸਾਲ ਬਾਅਦ 12 ਮਈ ਸੰਨ 1710 ਈਸਵੀ ਨੂੰ ਸਿੱਖਾਂ ਨੇ ਸਰਹਿੰਦ ਦਾ ਮੂੰਹ-ਮੁਹਾਂਦਰਾ ਹੀ ਵਿਗਾੜ ਕੇ ਰੱਖ ਦਿੱਤਾ:

‘ਜੋਗੀ ਜੀ ਇਸਕੇ ਬਾਅਦ, ਹੁਈ ਥੋੜੀ ਦੇਰ ਥੀ
ਬਸਤੀ ਸਰਹਿੰਦ ਸ਼ਹਿਰ ਕੀ, ਈਂਟੋਂ ਨਾ ਢੇਰ ਥੀ।’’ (ਜੋਗੀ ਅੱਲਾ ਯਾਰ ਖਾਂ)

ਮਾਤਾ ਗੁਜਰੀ ਜੀ ਅਤੇ ਗੁਰੂ ਦੇ ਦੋ ਛੋਟੇ ਲਾਲਾਂ ਦੀ ਸਰਹਿੰਦ ਵਿਖੇ ਹੋਈ ‘ਸ਼ਹਾਦਤ’ ਜਿੱਥੇ ਸਰਹਿੰਦ ਦੀ ਬਰਬਾਦੀ ਦਾ ਮੂਲ ਕਾਰਣ ਸਾਬਤ ਹੋਈ, ਉਥੇ ਇਹ ਸਰਹਿੰਦ ਉੱਪਰ ਨਵੇਂ ਇਤਿਹਾਸ ਦੀ ਸਿਰਜਣਾ ਅਰਥਾਤ ਸਿੱਖ/ਲੋਕ ਰਾਜ ਦੀ ਸਥਾਪਨਾ ਦਾ ਨੀਂਹ-ਪੱਥਰ ਵੀ ਸਾਬਤ ਹੋਈ:

“ਗੁਰਿਆਈ ਕਾ ਹੈਂ ਕਿੱਸਾ ਜਹਾਂ ਮੇਂ ਬਨਾ ਚਲੇ।
ਸਿੰਘੋਂ ਕੀ ਸਲਤਨਤ ਕਾ ਹੈਂ ਪੌਦਾ ਲਗਾ ਚਲੇ।’’ (ਜੋਗੀ ਅੱਲਾ ਯਾਰ ਖਾਂ)

ਇੱਥੇ ਹੀ ਬਸ ਨਹੀਂ, ਸਰਹਿੰਦ ਦੀਆਂ ਖ਼ੂਨੀ ਦੀਵਾਰਾਂ ਸਿੱਖ ਵਿਚਾਰਧਾਰਾ ਅੰਦਰ ਇਕ ਨਵਾਂ ਮੋੜ ਲਿਆਉਣ ਦਾ ਵੱਡਾ ਸਬੱਬ ਵੀ ਬਣੀਆਂ। ਅਨੰਦਪੁਰ ਸਾਹਿਬ ਦਾ ਘੇਰਾ, ਚਮਕੌਰ ਦੀ ਅਦੁੱਤੀ ਜੰਗ ਅਤੇ ਸਾਕਾ ਸਰਹਿੰਦ ਉਹ ਬਲਕਾਰੀ ਇਤਿਹਾਸਕ ਘਟਨਾਵਾਂ ਸਨ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੱਕਾਰੀ ਅਤੇ ਬਦੀ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ ‘ਜ਼ਫ਼ਰਨਾਮਾ’ ਲਿਖਣ ਲਈ ਪ੍ਰੇਰਿਤ ਕੀਤਾ। ਜ਼ਫ਼ਰਨਾਮਾ ਭਾਵ ਜਿੱਤ ਦੀ ਚਿੱਠੀ ਦਸਮ ਪਾਤਸ਼ਾਹ ਦੁਆਰਾ ਰਚਿਤ ਉਹ ਅਹਿਮ ਕੀਮਤੀ ਇਤਿਹਾਸਕ-ਸਾਹਿਤਕ ਦਸਤਾਵੇਜ਼ ਹੈ, ਜੋ ਸਾਕਾ ਸਰਹਿੰਦ ਤੋਂ ਬਾਅਦ ਗੁਰੂ ਸਾਹਿਬ ਦੀ ਸੋਚ ਵਿੱਚ ਆਈ ਇਕ ਨਵੀਂ ਤਬਦੀਲੀ ਨੂੰ ਨਿੱਘਰ ਅਤੇ ਨਿਸ਼ਚਿਤ ਸਿਧਾਂਤਕ ਵਿਚਾਰਧਾਰਕ ਧਰਾਤਲ ਪ੍ਰਦਾਨ ਕਰਦਾ ਵਿਖਾਈ ਦਿੰਦਾ ਹੈ।

ਜ਼ਫ਼ਰਨਾਮਾ ਲਿਖਣ ਲਈ ਸਾਜ਼ਗਾਰ ਰਚਨਾਤਮਕ ਮਾਹੌਲ ਅਤੇ ਸਿਰਜਣਾਤਮਕ ਤਾਰਕਿਕ ਪਿਛੋਕੜ ਉਦੋਂ ਹੀ ਉਸਰਨਾ ਸ਼ੁਰੂ ਹੋ ਗਿਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੀ ਧਰਤੀ ਤੋਂ ਉੱਚ ਕੇ ਪੀਰ ਬਣ ਕੇ ਨਿਕਲਣ ਤੋਂ ਬਾਅਦ ਆਲਮਗੀਰ ਹੁੰਦੇ ਹੋਏ ਮਾਲਵੇ ਦੇ ਇਲਾਕੇ ਅੰਦਰ ‘ਜੱਟਪੁਰੇ’ ਨਾਂ ਦੀ ਥਾਂ ’ਤੇ ਆਪਣੇ ਇਕ ਪਿਆਰੇ ਮੁਰੀਦ ਰਾਇ ਕੱਲੇ ਕੋਲ ਕੁਝ ਦਿਨਾਂ ਲਈ ਠਹਿਰੇ ਹੋਏ ਸਨ। ਰਾਇ ਕੱਲੇ ਕੋਲ ਨਿਵਾਸ ਦੌਰਾਨ ਹੀ ਗੁਰੂ ਸਾਹਿਬ ਨੂੰ ਨੂਰਾ ਮਾਹੀ ਨਾਂ ਦੇ ਵਿਅਕਤੀ (ਜੋ ਕਿ ਰਾਇ ਕੱਲੇ ਦਾ ਜਿਗਰੀ ਯਾਰ ਸੀ) ਕੋਲੋਂ ਸਰਹਿੰਦ ਵਿੱਚ ਵਾਪਰੇ ਭਾਣੇ ਦੀ ਸਾਰੀ ਵਿੱਥਿਆ ਦਾ ਪਤਾ ਲੱਗਾ।

ਨੂਰਾ ਮਾਹੀ ਜਦੋਂ ਖ਼ੂਨ ਦੇ ਅੱਥਰੂ ਕੇਰ ਕੇਰ ਹਟਕੋਰੇ ਲੈਂਦਾ ਹੋਇਆ ਸਰਹਿੰਦ ਵਿੱਚ ਵਾਪਰੇ ਹੌਲਨਾਕ ਬਿਰਤਾਂਤ ਦਾ ਵਰਨਣ ਕਰ ਰਿਹਾ ਸੀ ਤਾਂ ਉਸ ਸਮੇਂ ਗੁਰੂ ਸਾਹਿਬ ਕਿਸੇ ਡੂੰਘੀ ਉਦਾਸੀ ਦੀ ਅਵਸਥਾ ਵਿੱਚ ਮਿੱਟੀ ਦੀ ਇਕ ਢਿੱਗ ਉੱਪਰ ਅਡੋਲ ਬੈਠੇ ਸੁਣ ਰਹੇ ਸਨ ਅਤੇ ਨਾਲ ਹੀ ਹੱਥ ਵਿੱਚ ਫੜੇ ਤੀਰ ਦੀ ਨੋਕ ਨਾਲ ਕਾਹੀ ਦੇ ਇਕ ਬੂਟੇ ਦੀਆਂ ਜੜ੍ਹਾਂ ਨੂੰ ਅਚੇਤ ਹੀ ਖੋਦਦੇ ਜਾ ਰਹੇ ਸਨ। ਜਦੋਂ ਨੂਰਾ ਮਾਹੀ ਨਿੱਕੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦਾ ਬਿਰਤਾਂਤ ਸੁਣਾ ਚੁੱਕਿਆ ਤਾਂ ਕੁਝ ਪਲਾਂ ਦੀ ਡੂੰਘੀ ਚੁੱਪੀ ਪਿੱਛੋਂ ਗੁਰੂ ਜੀ ਨੇ ਕਾਹੀ ਦੀ ਜੜ੍ਹ ਨੂੰ ਤੀਰ ਉੱਪਰ ਟੰਗ ਆਸਮਾਨ ਵੱਲ ਲਹਿਰਾਉਂਦਿਆਂ ਭਰੀਆਂ ਹੋਈਆਂ ਅੱਖਾਂ ਨਾਲ ਅਤੇ ਬੜੇ ਜ਼ਬਤਮਈ ਨਿਰਣਾਨੁਮਾ ਅੰਦਾਜ਼ ਵਿੱਚ ਵਚਨ ਕੀਤਾ: ‘‘ਜ਼ਾਲਮਾਂ ਦੀ ਜੜ੍ਹ ਹੁਣ ਇਵੇਂ ਪੁੱਟੀ ਜਾਵੇਗੀ।’’

ਸਰਹਿੰਦ ਅਤੇ ਦਿੱਲੀ ਦੇ ਜਾਬਰ ਹੁਕਮਰਾਨਾਂ ਦੀ ਸੰਭਾਵੀ ਬਰਬਾਦੀ ਦੇ ਸੂਚਕ ਇਨ੍ਹਾਂ ਭਵਿੱਖਵਾਣੀਨੁਮਾ ਅਤਿ ਸੂਤਰਿਕ ਅਤੇ ਗਹਿਰੇ ਬੋਲਾਂ ਤੋਂ ਜ਼ਾਹਿਰ ਹੈ ਕਿ ਇਤਿਹਾਸ ਦੇ ਇਸ ਮੋੜ ’ਤੇ ਗੁਰੂ ਸਾਹਿਬ ਨੇ ਮਨ ਹੀ ਮਨ ਪੰਜਾਬ ਅਤੇ ਭਾਰਤ ਦੀ ਧਰਤੀ ਤੋਂ ਹੁਣ ਜ਼ੁਲਮਾਂ ਅਤੇ ਦੁਸ਼ਟਾਂ ਦਾ ਬੀਜ ਨਾਸ਼ ਕਰਨ (ਦੁਸ਼ਟ ਦਮਨ) ਦੀ ਪੱਕੀ ਧਾਰ ਲਈ ਸੀ ਅਤੇ ਇਸ ਮਕਸਦ ਦੀ ਪੂਰਤੀ ਹਿੱਤ ਅਗਲੀ ਨਵੀਂ ਕਾਰਗਰ ਰਣਨੀਤੀ ਦੀ ਮੁੱਢਲੀ ਵਿਚਾਰਧਾਰਕ ਰੂਪ-ਰੇਖਾ ਵੀ ਮਨ ਹੀ ਮਨ ਉਲੀਕ ਲਈ ਹੋਈ ਸੀ। ਇਸ ਘਟਨਾ ਤੋਂ ਬਾਅਦ ਗੁਰੂ ਸਾਹਿਬ ‘ਦੀਨੇ’ ਪਿੰਡ ਚਲੇ ਗਏ ਅਤੇ ਫਿਰ ਇੱਥੇ ਠਹਿਰਾਓ ਦੌਰਾਨ ਹੀ ਉਨ੍ਹਾਂ ਨੇ ਔਰੰਗਜ਼ੇਬ ਨੂੰ ਭੇਜੀ ਜਾਣ ਲਈ ਇਕ ਅਹਿਮ ਇਤਿਹਾਸਕ ਚਿੱਠੀ ‘ਜ਼ਫ਼ਰਨਾਮਾ’ (ਜਿਸ ਨੂੰ ਪੜ੍ਹ ਕੇ ਪੈਦਾ ਹੋਏ ਸਵੈ-ਗਿਲਾਨੀ ਅਤੇ ਸਵੈ-ਫ਼ਿਟਕਾਰ ਦੇ ਤਿੱਖੇ ਭਾਵਾਂ ਦੇ ਅਸਰ ਕਰਨ ਔਰੰਗਜ਼ੇਬ ਬਹੁਤਾ ਸਮਾਂ ਜਿਊਂਦਾ ਨਹੀਂ ਸੀ ਰਹਿ ਸਕਿਆ) ਦੀ ਰਚਨਾ ਕੀਤੀ।

ਜ਼ਫ਼ਰਨਾਮਾ ਲਿਖੇ ਜਾਣ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਇਸ ਤੱਥ ਦਾ ਸ਼ਿੱਦਤ ਅਹਿਸਾਸ ਹੋ ਚੁੱਕਾ ਸੀ ਕਿ ਲੱਤਾਂ ਦੇ ਭੂਤ ਗੱਲਾਂ-ਬਾਤਾਂ ਨਾਲ ਕਦੋਂ ਮੰਨਦੇ ਹਨ, ਇਹ ਤਾਂ ਸਗੋਂ ਹੋਰ ਭੂਤਰਦੇ ਹਨ। ਇਸ ਲਈ ਵਜ਼ੀਰ ਖ਼ਾਨ ਵਰਗੇ ਅਤਿ ਵਿਗੜੇ ਹੋਏ ਜ਼ਾਲਮਾਂ, ਨੀਚ ਅਤੇ ਦੁਸ਼ਟ ਬੰਦਿਆਂ ਦਾ ਭਾਰ ਧਰਤੀ ਮਾਂ ਦੀ ਹਿੱਕ ਤੋਂ ਘਟਾਉਣ ਲਈ, ਉਨ੍ਹਾਂ ਦੇ ਜ਼ੁਲਮਾਂ ਨੂੰ ਨੱਥ ਪਾਉਣ ਲਈ ‘ਪੀਰੀ’ ਦੀ (ਸਵੈ-ਸਨਮਾਨ ਅਤੇ ਬਚਾਅ ਲਈ ਉਠਾਈ ਗਈ) ਕਿਰਪਾਨ ਦੇ ਨਾਲ ਨਾਲ ਹੁਣ ‘ਮੀਰੀ’ ਦੀ (ਵਿਗੜੇ ਦੁਸ਼ਟਾਂ ਨੂੰ ਕਰਾਰੇ ਹੱਥੀਂ ਟੱਕਰਨ ਅਤੇ ਉਨ੍ਹਾਂ ਨੂੰ ਕੀਤੇ ਕੁਕਰਮਾਂ ਦਾ ਬਣਦਾ ਫਲ ਭੁਗਤਾਉਣ ਲਈ ਉਠਾਈ ਗਈ) ਤਲਵਾਰ ਦੇ ਮੁੱਠੇ ਨੂੰ ਹੱਥ ਪਾਉਣਾ ਹੀ ਪੈਣਾ ਹੈ। ਅਰਥਾਤ ‘ਹੱਥੀ ਬਾਝ ਕਰਾਰਿਆ ਵੈਰੀ ਹੋਇ ਨਾ ਮਿਤੁ’ ਦੀ ਲੋਕ-ਨੀਤੀ ਨੂੰ ਆਖ਼ਰੀ ਹਥਿਆਰ ਵਜੋਂ ਅਮਲੀ ਜਾਮਾ ਪਹਿਨਾਉਣਾ ਹੀ ਪੈਣਾ ਹੈ। ਕੇਵਲ ਆਪਣੇ ਬਚਾਅ ਵਿੱਚ ਜੰਗਾਂ ਲੜਨ ਅਤੇ ਸ਼ਮਸ਼ੀਰ ਉਠਾਉਣ ਨਾਲ ਹੀ ਗੱਲ ਨਹੀਂ ਬਣਨੀ ਸਗੋਂ ਹੁਣ ਸ਼ਮਸ਼ੀਰ ਨੂੰ ਜ਼ਾਲਮਾਂ ਅਤੇ ਦੁਸ਼ਟਾਂ ਉੱਪਰ ਕਰਾਰੇ ਵਾਰ ਵਜੋਂ ਅਰਥਾਤ ਹਮਲਾਵਰ ਵਜੋਂ ਇਸਤੇਮਾਲ ਕਰਨ ਦਾ ਢੁੱਕਵਾਂ ਸਮਾਂ ਆ ਗਿਆ ਹੈ। ਜ਼ਫ਼ਰਨਾਮਾ ਉਹ ਚਿੱਠੀ ਸੀ ਜਿਸ ਰਾਹੀਂ ਗੁਰੂ ਸਾਹਿਬ ਨੇ ਆਪਣੇ ਉਪਰੋਕਤ ਚਿਤਵੇ ਵਿਚਾਰਾਂ ਨੂੰ ਇਕ ਨਿਸ਼ਚਿਤ ਅਤੇ ਨਿੱਘਰ ਸਿਰਜਣਾਤਮਕ ਸਿਧਾਂਤਕ ਤਰਕ/ਆਧਾਰ ਪ੍ਰਦਾਨ ਕੀਤਾ ਅਤੇ ਫਿਰ ਇਸ ਰਚਨਾ ਦੇ ਮਾਧਿਅਮ ਰਾਹੀਂ ਹੀ ਉਨ੍ਹਾਂ ਨੇ ਸਿੱਖਾਂ ਨੂੰ ਲਲਕਾਰ ਦੇ ਰੂਪ ਵਿੱਚ ਇਕ ਨਵੀਂ ਦਾਰਸ਼ਨਿਕ/ਵਿਚਾਰਧਾਰਕ ਸੇਧ ਵੀ ਪ੍ਰਦਾਨ ਕੀਤੀ:

‘‘ਚੂੰ ਕਾਰ ਅਜ਼ ਹਮਹ ਹੀਲਤੇ ਦਰਗੁਜ਼ਸ਼ਤ।
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।’’ (ਜ਼ਫ਼ਰਨਾਮਾ)

ਅਰਥਾਤ ਜਦੋਂ ਜ਼ੁਲਮਾਂ ਦੀ ਹੱਦ ਹੋ ਜਾਵੇ, ਜਦੋਂ ਪਾਣੀ ਸਿਰ ਉੱਤੋਂ ਲੰਘ ਜਾਏ ਅਤੇ ਜ਼ਾਲਮਾਂ ਨੂੰ ਨੱਥ ਪਾਉਣ ਦਾ ਜਦੋਂ ਕੋਈ ਹੀਲਾ ਬਾਕੀ ਨਾ ਰਹੇ ਤਾਂ ਤਲਵਾਰ ਉਠਾਉਣਾ ਉਚਿਤ ਹੈ। ਗੁਰੂ ਸਾਹਿਬ ਦੀ ਨਵੀਂ ਸੋਚ ਦਾ ਉਪਰੋਕਤ ਮੁੱਖ ਸੂਤਰ ਉਦੋਂ ਅਮਲੀ ਰੂਪ ਵਿੱਚ ਸਾਡੇ ਸਾਹਮਣੇ ਆਇਆ ਜਦੋਂ ਗੁਰੂ ਸਾਹਿਬ ਦੀ ਥਾਪੜਾ ਪ੍ਰਾਪਤ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਸਿੱਖ ਫ਼ੌਜਾਂ ਨੇ ਦੁਸ਼ਟ ਵਜ਼ੀਰ ਖ਼ਾਨ ਦੇ ਕੀਤੇ ਕੁਕਰਮਾਂ ਦਾ ਫਲ ਭੁਗਤਾਉਣ ਲਈ ਸਰਹਿੰਦ ਉੱਪਰ ਤਕੜਾ ਹਮਲਾ ਕਰ ਦਿੱਤਾ।

ਸਿੱਖ ਇਤਿਹਾਸ ਅੰਦਰ ਚੱਪੜਚਿੜੀ ਦੇ ਸਥਾਨ ‘ਤੇ ਲੜੀ ਗਈ ‘ਸਰਹਿੰਦ ਦੀ ਜੰਗ’ ਆਪਣੇ-ਆਪ ਵਿੱਚ ਇਕ ਵੱਖਰੀ ਕਿਸਮ ਦੀ ਤਿੱਖੀ ਪ੍ਰਤੀਕਰਮੀ ਅਤੇ ਹਮਲਾਵਰ ਪਹੁੰਚ ਵਾਲੀ ਜੰਗ ਸੀ। ਇਸ ਤੋਂ ਪਹਿਲਾਂ ਜ਼ਾਲਮ ਮੁਗ਼ਲ ਹਕੂਮਤਾਂ ਨਾਲ ਗੁਰੂ ਸਾਹਿਬਾਨ (ਗੁਰੂ ਹਰਿ ਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ) ਨੇ ਜਿੰਨੀਆਂ ਵੀ ਜੰਗਾਂ ਲੜੀਆਂ ਉਹ ਸਵੈ-ਰੱਖਿਆ ਵਿੱਚ ਸਨ, ਆਪਣੇ ਬਚਾਓ ਵਿੱਚ ਸਨ। ਜ਼ਾਲਮ ਮੁਗ਼ਲ ਹਾਕਮਾਂ ਵੱਲੋਂ ਭਾਵੇਂ ਜਬਰ ਅਤੇ ਜ਼ੁਲਮ ਦੀ ਅੱਤ ਕੀਤੀ ਗਈ। ਜਹਾਂਗੀਰ ਬਾਦਸ਼ਾਹ ਨੇ ਗੁਰੂ ਅਰਜਨ ਪਾਤਸ਼ਾਹ ਨੂੰ ਤੱਤੀ ਤਵੀ ’ਤੇ ਬਿਠਾ ਕੇ ਸ਼ਹੀਦ ਕੀਤਾ। ਜ਼ਾਲਮ ਔਰੰਗਜ਼ੇਬ ਨੇ ਦਿੱਲੀ ਦੇ ਚਾਂਦਨੀ ਚੌਕ ਅੰਦਰ ਗੁਰੂ ਤੇਗ਼ ਬਹਾਦਰ ਸਾਹਿਬ ਦਾ ਸੀਸ ਧੜ ਨਾਲੋਂ ਵੱਖ ਕਰ ਦਿੱਤਾ ਪਰ ਇਸ ਸਭ ਕਾਸੇ ਦੇ ਬਾਵਜੂਦ ਅਡੋਲਤਾ ਅਤੇ ਦ੍ਰਿੜ੍ਹਤਾ ਦੀ ਸ਼ਕਤੀਸ਼ਾਲੀ ਮਿਸਾਲ ਅਤੇ ‘ਰੁੱਖਾਂ’ ਵਰਗਾ ਦਰਵੇਸ਼ਾਵੀ ਜੇਰਾ ਰੱਖਣ ਵਾਲੇ ਗੁਰੂ ਹਰਿ ਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਭਰ ਵਗਦੇ ਡੂੰਘੇ ਦਰਿਆਵਾਂ ਵਾਂਗ ਸ਼ਾਂਤ-ਚਿਤ ਵਿਚਰਦੇ ਰਹੇ।

ਉਨ੍ਹਾਂ ਨੇ ਇਨ੍ਹਾਂ ਬੇਕਿਰਕ ਜ਼ੁਲਮਾਂ ਦੇ ਪ੍ਰਤੀਕਰਮ ਵਿੱਚ ਹਮਲਾਵਰ ਹੋ ਕੇ ਕੋਈ ਜੰਗ ਨਹੀਂ ਸੀ ਕੀਤੀ। ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਿ ਗੋਬਿੰਦ ਸਾਹਿਬ ਨੇ ਬੇਸ਼ਕ ‘ਮੀਰੀ’ ਅਤੇ ‘ਪੀਰੀ’ ਦੀਆਂ ਦੋ ਤਲਵਾਰਾਂ ਪਹਿਨੀਆਂ ਸਨ ਪਰ ਉਨ੍ਹਾਂ ਨੇ ਇਸਤੇਮਾਲ ਕੇਵਲ ਤੇ ਕੇਵਲ ਪੀਰੀ ਦੀ ਤਲਵਾਰ ਦਾ ਹੀ ਕੀਤਾ ਸੀ ਅਰਥਾਤ ਆਤਮ-ਸਨਮਾਨ ਅਤੇ ਸਵੈ-ਰੱਖਿਆ ਹਿੱਤ ਹੀ ਹਥਿਆਰਾਂ ਦੀ ਵਰਤੋਂ ਕੀਤੀ ਸੀ। ਇਸ ਦੇ ਸਮਵਿੱਥ ਚੱਪੜਚਿੜੀ ਦੇ ਸਥਾਨ ‘ਤੇ ਹੋਈ ਸਰਹਿੰਦ ਦੀ ਜੰਗ ਦੀ ਵੱਖਰਤਾ ਇਹ ਸੀ ਕਿ ਇਹ ਦੁਸ਼ਟ ਵਜ਼ੀਰ ਖ਼ਾਨ ਨੂੰ ਉਸ ਦੇ ਕੀਤੇ ਪਾਪਾਂ ਦਾ ਹਿਸਾਬ ਚੁੱਕਤਾ ਕਰਨ ਹਿੱਤ ‘ਰੱਬੀ ਨਿਆਂ’ ਅਤੇ ‘ਜੈਸੇ ਕੋ ਤੈਸਾ’ ਦੀ ਲੋਕ-ਨੀਤੀ ਤਹਿਤ ਹਮਲਾਵਰ ਹੋ ਕੇ ਲੜੀ ਗਈ ਸੀ ਅਰਥਾਤ ਇਸ ਜੰਗ ਵਿੱਚ ਪਹਿਲੀ ਵਾਰ ਸਿੱਖ ਫੌਜਾਂ ਨੇ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ‘ਪੀਰੀ’ ਦੀ ਤਲਵਾਰ ਦੇ ਨਾਲ-ਨਾਲ ‘ਮੀਰੀ’ ਦੀ (ਦੁਸ਼ਟ-ਦੁਸ਼ਮਣਾਂ ਦਾ ਬੀਜ ਨਾਸ਼ ਕਰਨ ਵਾਲੀ) ਤਲਵਾਰ ਦੀ ਖੁੱਲ੍ਹ ਕੇ ਵਰਤੋਂ ਵੀ ਕੀਤੀ ਸੀ।

ਸਿੱਖ ਵਿਚਾਰਧਾਰਾ ਜਿੱਥੇ ਆਪਣੇ ਪੈਰੋਕਾਰਾਂ ਨੂੰ ਜ਼ੁਲਮਾਂ/ਵਧੀਕੀਆਂ ਨੂੰ ਸਬਰ-ਸੰਤੋਖ ਅਤੇ ਸਿਦਕਦਿਲੀ ਨਾਲ ਸਹਿਣ ਕਰਨ ਅਤੇ ਦੁਸ਼ਮਣ ਨੂੰ ਮੁਆਫ਼ ਕਰ ਦੇਣ ਦਾ ਸਬਕ ਸਿਖਾਉਂਦੀ ਹੈ, ਉਥੇ ਨਾਲ ਹੀ ਇਹ ਅੰਤਰ-ਸੂਝ ਵੀ ਪ੍ਰਦਾਨ ਕਰਦੀ ਹੈ ਕਿ ਜਦੋਂ ਜ਼ੁਲਮਾਂ ਦੀ ਹੱਦ ਹੋ ਜਾਵੇ, ਪਾਣੀ ਸਿਰ ਉਤੋਂ ਦੀ ਲੰਘ ਜਾਵੇ, ਜ਼ਾਲਮਾਂ ਨੂੰ ਨੱਥ ਪਾਉਣ ਦੇ ਸਭ ਵਸੀਲੇ ਨਕਾਰਾ ਸਾਬਤ ਹੋ ਜਾਣ ਤਾਂ ਆਖ਼ਿਰਕਾਰ ‘ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ’ ਦੀ ਧਾਰਨਾ ਅਧੀਨ ਨਾ ਕੇਵਲ ‘ਪੀਰੀ’ ਦੇ ਨਾਲ-ਨਾਲ ‘ਮੀਰੀ’ ਦੀ ਤਲਵਾਰ ਉਠਾਉਣਾ ਬਿਲਕੁਲ ਉਚਿਤ ਹੈ ਸਗੋਂ ‘ਜੇਹਾ ਬੀਜੈ ਸੋ ਲੁਣੈ’ ਦੇ ਲੋਕ-ਸਿਧਾਂਤ ਅਧੀਨ ਬੰਦਾ ਸਿੰਘ ਬਹਾਦਰ ਵਾਂਗ ਜ਼ਾਲਮ ਨੂੰ ਨੱਥ ਪਾਉਣਾ, ਉਸ ਨੂੰ ਉਸ ਦੀ ਕੀਤੀ ਦਾ ਫਲ ਭੁਗਤਾਉਣਾ ਅਰਥਾਤ ਬਦਲਾ ਲੈਣਾ ਵਾਜਿਬ ਹੈ। ਇਹੀ ‘ਰੱਬੀ ਨਿਆਂ’ ਹੈ, ‘ਹੁਕਮ’ ਹੈ।

ਇਹ ਉਹ ਸਿਧਾਂਤ/ਸੰਕਲਪ ਹੈ ਜਿਹੜਾ ਸਿੱਖ ਦਰਸ਼ਨ ਅੰਦਰ ਸਿਧਾਂਤਕ ਪੱਧਰ ’ਤੇ ਭਾਵੇਂ ਦਸਮ ਪਿਤਾ ਦੀ ਔਰੰਗਜ਼ੇਬ ਨੂੰ ਲਿਖੀ ਇਤਿਹਾਸਕ ਜਿੱਤ ਦੀ ਚਿੱਠੀ (ਜ਼ਫ਼ਰਨਾਮਾ) ਰਾਹੀਂ ਸ਼ਾਮਲ ਹੋਇਆ ਪਰ ਅਮਲੀ ਰੂਪ ਵਿੱਚ ਇਹ ਆਪਣੀ ਵੱਖਰੀ ਵਿਵਹਾਰਕ ਸਾਰਥਿਕਤਾ ਸਹਿਤ ਸਰਹਿੰਦ ਦੀ ਜੰਗ ਵਿੱਚ ਉਦੋਂ ਉਜਾਗਰ ਹੋਇਆ ਜਦੋਂ ਇਕ ਵੱਡੀ ਲੋਕ (ਸਿੱਖ) ਫ਼ੌਜ ਦੀ ਅਗਵਾਈ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ’ਤੇ ਵੱਡਾ ਹੱਲਾ ਬੋਲ ਦਿੱਤਾ ਅਤੇ ਜ਼ਾਲਮ ਵਜ਼ੀਰ ਖ਼ਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਦਿਨ 12 ਮਈ, ਸੰਨ 1710 ਈਸਵੀ ਨੂੰ ਵਜ਼ੀਰ ਖ਼ਾਨ ਮਾਰਿਆ ਗਿਆ, ਸਿੱਖ ਇਤਿਹਾਸ ਅੰਦਰ ਇਹ ਦਿਨ ‘ਸਰਹਿੰਦ ਫ਼ਤਿਹ ਦਿਵਸ’ ਵਜੋਂ ਜਾਣਿਆ ਜਾਂਦਾ ਹੈ।

ਨਿਰਸੰਦੇਹ ਇਹ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ (ਸਾਕਾ ਸਰਹਿੰਦ) ਹੀ ਸੀ, ਜਿਸ ਦੀ ‘ਤੇਜੱਸਵੀ ਕੁੱਖ’ ਵਿੱਚੋਂ ਸਿੱਖ ਕੌਮ ਨੂੰ ਨਾ ਕੇਵਲ ‘ਵੱਡੇ ਸੰਕਟਾਂ ਵਿੱਚ ਵੀ ਅਡੋਲ ਵਿਚਰਦੇ ਰਹਿਣ ਦੀ ਪ੍ਰਤੀਕ’ ਜ਼ਫ਼ਰਨਾਮਾ ਜਿਹੀ ਮਹਾਨ ਰਚਨਾ ਹੀ ਨਸੀਬ ਹੋਈ ਸਗੋਂ ਇਸ ਵਿੱਚ ਪੇਸ਼ ਨਵੀਂ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਦੀ ਸਮਰੱਥਾ ਰੱਖਣ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਵੱਡੇ ਲਿਸ਼ਕਾਰੇ ਵਾਲਾ ਇਕ ਬਲਕਾਰੀ ਸਿੱਖ ਯੋਧਾ (ਜਰਨੈਲ) ਵੀ ਪ੍ਰਾਪਤ ਹੋਇਆ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Baba Banda Singh BahadurGuru Gobind Singh Jipro punjab tvpunjabi newsSirhind Fateh Diwasਸਰਹਿੰਦ ਫ਼ਤਿਹ ਦਿਵਸਗੁਰੂ ਗੋਬਿੰਦ ਸਿੰਘ ਜੀ
Share214Tweet134Share54

Related Posts

50 ਸਾਲਾਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਵਿਖੇ ‘ਹੈਰੀਟੇਜ ਸਟਰੀਟ’ ਪ੍ਰੋਜੈਕਟ ਦਾ ਰੱਖਿਆ ਗਿਆ ਨੀਂਹ ਪੱਥਰ

ਅਕਤੂਬਰ 5, 2025

ਸਰਕਾਰ ਵੱਲੋਂ ਸਿੱਖ ਜਥੇ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਦੀ ਮਨਜ਼ੂਰੀ ਸ਼ਲਾਘਾਯੋਗ : ਐਡਵੋਕੇਟ ਧਾਮੀ

ਅਕਤੂਬਰ 3, 2025

AI ਤਕਨਾਲੋਜੀ ਦੀ ਦੁਰਵਰਤੋਂ ਨਾਲ ਸਿੱਖ ਧਰਮ ਦੀ ਕੀਤੀ ਜਾ ਰਹੀ ਬੇਅਦਬੀ ਰੋਕਣ ਲਈ ਨੀਤੀ ਬਨਾਉਣ ਵਾਸਤੇ SGPC ਨੇ ਤਕਨੀਕੀ ਮਾਹਿਰਾਂ ਨਾਲ ਕੀਤੀ ਇਕੱਤਰਤਾ

ਅਕਤੂਬਰ 2, 2025

ਸ੍ਰੀ ਦਰਬਾਰ ਸਾਹਿਬ ਵਿਖੇ ਕੈਨਰਾ ਬੈਂਕ ਵੱਲੋਂ ਇੱਕ ਐਬੂਲੈਂਸ ਭੇਟ

ਅਕਤੂਬਰ 2, 2025

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ : ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਹੁਬਲੀ ਕਰਨਾਟਕਾ ਤੋਂ ਕੋਹਲਾਪੁਰ ਮਹਾਰਾਸ਼ਟਰ ਲਈ ਰਵਾਨਾ

ਅਕਤੂਬਰ 1, 2025

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਸਤੰਬਰ 27, 2025
Load More

Recent News

ਚੰਡੀਗੜ੍ਹ ਵਿਖੇ CM ਮਾਨ ਤੇ ਅਰਵਿੰਦ ਕੇਜਰੀਵਾਲ ਨੇ Entrepreneurship ਕੋਰਸ ਦਾ ਕੀਤਾ ਲਾਂਚ

ਅਕਤੂਬਰ 9, 2025

Smartphone ਖਰਾਬ ਹੋਣ ਤੋਂ ਪਹਿਲਾਂ ਦਿੰਦਾ ਹੈ ਇਹ ਸੰਕੇਤ, ਇਸ ਨੂੰ ਨਜ਼ਰਅੰਦਾਜ਼ ਕਰਨਾ ਪਵੇਗਾ ਮਹਿੰਗਾ

ਅਕਤੂਬਰ 9, 2025

OpenAI ਨੇ ਚੀਨ ਨਾਲ ਜੁੜੇ ਕਈ ChatGPT ਖਾਤਿਆਂ ‘ਤੇ ਇਸ ਲਈ ਲਗਾ ਦਿੱਤੀ ਪਾਬੰਦੀ

ਅਕਤੂਬਰ 9, 2025

PM ਮੋਦੀ ਤੇ ਕੀਰ ਸਟਾਰਮਰ ‘ਚ ਹੋਈ ਡੀਲ, UK ਦੀਆਂ 9 ਯੂਨੀਵਰਸਿਟੀਆਂ ਭਾਰਤ ‘ਚ ਖੋਲ੍ਹਣਗੀਆਂ ਆਪਣਾ ਕੈਂਪਸ

ਅਕਤੂਬਰ 9, 2025

Toyota Fortuner ਦੀ Leader Edition ਹੋਈ ਲਾਂਚ, ਪ੍ਰੀਮੀਅਮ ਲੁੱਕ ਦੇ ਨਾਲ ਮਿਲਣਗੇ ਐਡਵਾਂਸਡ ਫੀਚਰਸ

ਅਕਤੂਬਰ 9, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.