ਧਿਆਨ ਸਿੰਘ ਮੰਡ ਦਾ ਐਲਾਨ, ਨਵੀਂ SIT ਨੂੰ ਸਹਿਯੋਗ ਨਹੀਂ ਕਰਾਂਗੇ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜੱਥੇਦਾਰ ਧਿਆਨ ਸਿੰਘ ਮੰਡ ਨੇ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਬਣਾਈ ਨਵੀਂ SIT ਨੂੰ ਮੁੱਢੋਂ ਰੱਦ ਕਰ ਦਿੱਤਾ। ਬਠਿੰਡਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੀ ਨਵੀਂ ਜਾਂਚ ਟੀਮ ਨੂੰ ਕੋਈ ਵਿਅਕਤੀ ਸਹਿਯੋਗ ਨਹੀਂ ਕਰੇਗਾ ਅਤੇ ਕੋਈ ਵੀ ਗਵਾਹ ਜਾਂ ਸਿੱਖ ਆਗੂ ਜਾਂਚ ਟੀਮ ਕੋਲ ਬਿਆਨ ਦਰਜ ਨਹੀਂ ਕਰਵਾਏਗਾ।
ਜੇਕਰ ਕਿਸੇ ਵੀ ਗਵਾਹ ਜਾਂ ਸਿੱਖ ਆਗੂ ਨੇ ਨਵੀਂ ਜਾਂਚ ਟੀਮ ਨੂੰ ਸਹਿਯੋਗ ਦਿੱਤਾ ਜਾਂ ਬਿਆਨ ਦਰਜ ਕਰਵਾਏ ਤਾਂ ਉਸ ਨੂੰ ਸਿੱਖ ਕੌਮ ਤੋਂ ਪਾਸੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀਆਂ ਜੁੱਤੀਆਂ ਘਸ ਗਈਆਂ ਇਨਸਾਫ ਦੀ ਲੜਾਈ ਲੜਦਿਆਂ ਪਰ ਸਮੇਂ ਦੀਆਂ ਸਰਕਾਰਾਂ ਨੇ ਦੋਸ਼ੀਆਂ ਨੂੰ ਬਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਮੰਡ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਦੀ SIT ਨੇ ਸਾਰੇ ਬਖੀਈਏ ਉਧੇੜ ਕੇ ਰੱਖ ਦਿੱਤੇ ਸੀ ਹਰ ਚੀਜ਼ ਸਾਫ਼ ਸੀ। ਪਰ ਸਾਨੂੰ ਨਿਆਂਪਾਲਿਕਾ ਤੋਂ ਇਨਸਾਫ਼ ਨਹੀਂ ਮਿਲਿਆ।
ਮੰਡ ਨੇ ਕਿਹਾ ਸਾਡਾ ਨਿਆਂਪਾਲਿਕਾ ਤੋਂ ਵਿਸ਼ਵਾਸ ਉੱਠ ਗਿਆ। ਮੰਡ ਨੇ ਪੁੱਛਿਆ ਕਿ ਸਰਕਾਰ ਅਦਾਲਤਾਂ ‘ਚ ਕਿਉਂ ਹਾਰ ਗਈ। ਮੰਡ ਨੇ ਕੈਪਟਨ ਸਰਕਾਰ ‘ਤੇ ਦੋਸ਼ੀਆਂ ਨਾਲ ਮਿਲੀ ਭੁਗਤ ਦੇ ਇਲਜ਼ਾਮ ਲਗਾਏ ਉਨ੍ਹਾਂ ਕਿਹਾ ਕਿ ਕੈਪਟਨ ਸਰਾਕਰ ਨੇ ਸਿੱਖ ਕੌਮ ਦੀਆਂ ਅੱਖਾਂ ‘ਚ ਘੱਟਾ ਪਾਇਆ। ਮੰਡ ਨੇ ਕਿਹਾ ਕਿ ਨਵੀਂ ਸਿੱਟ ਨੂੰ ਅਸੀਂ ਨਹੀਂ ਮੰਨਦੇ। ਨਾ ਹੀਂ ਕਿਸੇ SIT ਦਾ ਸਾਥ ਦੇਵਾਂਗੇ। ਇਸਦੇ ਨਾਲ ਹੀ ਬੇਅਦਬੀ ਮਾਮਲਿਆਂ ਨੂੰ ਲੈ ਕੇ ਕੈਪਟਨ ਨਾਲ ਨਵਜੋਤ ਸਿੱਧੂ ਦੀ ਲੜਾਈ ‘ਤੇ ਮੰਡ ਨੇ ਕਿਹਾ ਕਿ ਜੋ ਗੁਰੁ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਜਾਂ ਜਿਨ੍ਹਾਂ ਨੂੰ ਲੱਗਦਾ ਕਿ ਸਰਕਾਰ ਇਨਸਾਫ਼ ਦਿਵਾਉਣ ‘ਚ ਫੇਲ੍ਹ ਹੋਈ ਹੈ ਤਾਂ ਉਨ੍ਹਾਂ ਸਾਰਿਆਂ ਨੂੰ ਸਾਡੇ ਨਾਲ ਹੱਥ ਮਿਲਾਉਣਾ ਚਾਹੀਦਾ, ਅਸੀਂ ਸਿੱਧੂ ਦਾ ਵੈਲਕਮ ਕਰਦੇ ਹਾਂ।