ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸੋਮਵਾਰ ਨੂੰ ਸਾਢੇ ਕੁ 11 ਵਜੇ ਐੱਸਆਈਟੀ ਸਾਹਮਣੇ ਪੇਸ਼ ਹੋਏ। ਕੋਟਕਪੂਰਾ ਗੋਲੀਕਾਂਡ ਕੇਸ ‘ਚ ਐੱਲਕੇ ਯਾਦਵ (LK Yadav) ਦੀ ਐੱਸਆਈਟੀ ਨੇ ਉਨ੍ਹਾਂ ਨਾਲ ਕਰੀਬ ਤਿੰਨ ਘੰਟੇ ਸਵਾਲ ਜਵਾਬ ਕੀਤੇ। ਪੁੱਛਗਿੱਛ ਖ਼ਤਮ ਹੋਣ ਤੋਂ ਬਾਅਦ ਸੁਖਬੀਰ ਬਾਦਲ ਬਿਨਾਂ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੱਤੇ ਚਲੇ ਗਏ।
ਐੱਸਆਈਟੀ ਨੇ ਇਸ ਤੋਂ ਪਹਿਲਾਂ 30 ਅਗਸਤ ਤੇ 14 ਸਤੰਬਰ ਨੂੰ ਸੁਖਬੀਰ ਬਾਦਲ ਨੂੰ ਸੰਮਨ ਜਾਰੀ ਕੀਤੇ ਸਨ ਜਿਨ੍ਹਾਂ ਨੂੰ ਸੁਖਬੀਰ ਬਾਦਲ ਨੇ ਰਿਸੀਵ ਨਹੀਂ ਕੀਤਾ ਸੀ ਤੇ ਉਸ ਵੇਲੇ ਦੇਸ਼ ਤੋਂ ਬਾਹਰ ਹੋਣ ਦਾ ਹਵਾਲਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਸਾਲ 2015 ‘ਚ ਜਦੋਂ ਕੋਟਕਪੂਰਾ ਗੋਲੀਕਾਂਡ ਹੋਇਆ ਸੀ, ਉਦੋਂ ਸੁਖਬੀਰ ਬਾਦਲ ਪੰਜਾਬ ਦੇ ਉਪ ਮੁੱਖ ਮੰਤਰੀ ਸਨ ਤੇ ਗ੍ਰਹਿ ਵਿਭਾਗ ਉਨ੍ਹਾਂ ਕੋਲ ਹੀ ਸੀ।