ਸਾਈਬਰ ਕ੍ਰਾਈਮ ਰੋਕਣ ਲਈ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਅਤੇ ਸਾਈਬਰ ਠੱਗੀ ਦਾ ਸ਼ਿਕਾਰ ਹੋਣ ਤੇ ਤੁਰੰਤ ਹੈਲਪਲਾਈਨ ਨੰਬਰ 1930 ਤੇ ਸੰਪਰਕ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਪਰ ਸਾਈਬਰ ਕ੍ਰਿਮੀਨਲ ਕਾਨੂੰਨ ਨਾਲੋਂ ਦੋ ਕਦਮ ਅੱਗੇ ਚਲਦੇ ਹੋਏ ਹੋਰ ਜ਼ਿਆਦਾ ਐਡਵਾਂਸ ਹੋ ਗਏ ਹਨ। ਹੁਣ ਇਨ੍ਹਾਂ ਨੂੰ ਠੱਗੀ ਕਰਨ ਲਈ ਕਿਸੇ ਕੋਲੋਂ ਫੋਨ ਤੇ ਆਇਆ ਓਟੀਪੀ ਮੰਗਣ ਦੀ ਵੀ ਲੋੜ ਨਹੀਂ ਪੈਂਦੀ। ਠੱਗਾਂ ਵੱਲੋਂ ਫੋਨ ਤੇ ਭੇਜਿਆ ਗਿਆ ਲਿੰਕ ਕਲਿਕ ਕਰਨ ਦੇ ਨਾਲ ਹੀ ਸਭ ਕੁਝ ਆਪਣੇ ਆਪ ਹੋ ਜਾਂਦਾ ਹੈ ਅਤੇ ਪੜ੍ਹਿਆ ਲਿਖਿਆ ਅਤੇ ਸਤਰਕ ਵਿਅਕਤੀ ਵੀ ਇਹਨਾਂ ਦਾ ਅਸਾਨੀ ਨਾਲ ਸ਼ਿਕਾਰ ਹੋ ਸਕਦਾ ਹੈ। ਅਜਿਹਾ ਹੀ ਸ਼ਹਿਰ ਦੇ ਇਕ ਉੱਘੇ ਸਮਾਜ ਸੇਵਕ ਨਾਲ ਹੋਇਆ ਹੈ। ਸਾਈਬਰ ਠੱਗਾਂ ਦੇ ਸ਼ਿਕਾਰ ਦੀਪਕ ਮਹਾਜਨ ਦੇ ਬੈਂਕ ਖਾਤੇ ਵਿੱਚੋ ਸਾਈਬਰ ਠੱਗਾਂ ਨੇ ਦੋ ਟਰਾਂਜ਼ੈਕਸ਼ਨਸ ਰਾਹੀ ਲਗਭਗ 52 ਹਜ਼ਾਰ ਰੁਪਏ ਉਡਾ ਲਏ ਹਨ।
ਜਾਣਕਾਰੀ ਦਿੰਦਿਆਂ ਦੀਪਕ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦੇ ਮੋਬਾਈਲ ਤੇ ਐਸ ਐਮ ਐਸ ਰਾਹੀਂ ਇੱਕ ਨੰਬਰ ਤੋਂ ਸੰਦੇਸ਼ ਭੇਜਿਆ ਗਿਆ ਕਿ ਉਨ੍ਹਾਂ ਦੇ ਐਚਡੀਐਫਸੀ ਬੈਂਕ ਖਾਤੇ ਦੀ ਨੈੱਟ ਬੈਂਕਿੰਗ ਬੱਲਾਕ ਕੀਤੀ ਜਾ ਰਹੀ ਹੈ ਜਿਸ ਨੂੰ ਚਾਲੂ ਰੱਖਣਾ ਚਾਹੁੰਦੇ ਹੋ ਤਾਂ ਲਿੰਕ ਤੇ ਕਲਿਕ ਕਰਕੇ ਜਾਣਕਾਰੀਆਂ ਭਰੋ। ਉਨ੍ਹਾਂ ਦੱਸਿਆ ਕਿ ਹਾਂਲਾਕਿ ਉਹ ਪੂਰੀ ਤਰਾਂ ਸਤਰਕ ਸਨ ਅਤੇ ਹਮੇਸ਼ਾ ਆਪਣੇ ਪਰਿਵਾਰਿਕ ਮੈਂਬਰਾਂ ਅਤੇ ਦੋਸਤਾਂ ਨੂੰ ਸਾਈਬਰ ਠੱਗਾਂ ਤੋਂ ਬਚਨ ਦੀ ਸਲਾਹ ਦਿੰਦੇ ਰਹਿੰਦੇ ਸਨ ਪਰ ਨੈਟ ਬੈਂਕਿੰਗ ਨਾਲ ਉਹਨਾਂ ਦਾ ਕਾਫੀ ਲੈਣ-ਦੇਣ ਹੁੰਦਾ ਹੈ ਇਸ ਲਈ ਉਹਨਾਂ ਨੇ ਲਿੰਕ ਕਲਿੱਕ ਕੀਤਾ।
ਲਿੰਕ ਕਲਿੱਕ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਸ ਗੱਲ ਦਾ ਸ਼ੱਕ ਨਹੀਂ ਰਿਹਾ ਕਿ ਉਹ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਕਿਉਂਕਿ ਵੈਬਸਾਈਟ ਹੂ-ਬ-ਹੂ ਬੈਂਕ ਦੀ ਵੈਬਸਾਈਟ ਵਾਂਗ ਹੀ ਬਣੀ ਹੋਈ ਸੀ। ਇਸ ਲਈ ਉਨ੍ਹਾਂ ਨੇ ਮੰਗੀ ਗਈ ਜਾਣਕਾਰੀ ਵੈਬਸਾਈਟ ਤੇ ਭਰ ਦਿੱਤੀ। ਉਸੇ ਵੇਲੇ ਉਨ੍ਹਾਂ ਦੇ ਮੋਬਾਈਲ ਫੋਨ ਤੇ ਇੱਕ ਓਟੀਪੀ ਆਇਆ ਪਰ ਹੈਰਾਨੀ ਦੀ ਗੱਲ ਇਹ ਸੀ ਕੀ ਨਾਂ ਕਿਸੇ ਨੇ ਫੋਨ ਕਾਲ ਕਰਕੇ ਓਟੀਪੀ ਮੰਗਿਆ ਅਤੇ ਨਾ ਹੀ ਓਸ ਉਟੀਪੀ ਨੂੰ ਵੈਬਸਾਈਟ ਤੇ ਭਰਨ ਦੀ ਲੋੜ ਪਈ। ਸਭ ਕੁਝ ਆਪਣੇ ਆਪ ਹੀ ਹੁੰਦਾ ਗਿਆ ਅਤੇ ਦੋ ਮਿਨਟ ਬਾਦ ਹੀ ਉਨ੍ਹਾਂ ਦੇ ਫੋਨ ਤੇ ਉਨ੍ਹਾਂ ਦੇ ਖਾਤੇ ਵਿਚੋਂ ਪੈਸੇ ਟਰਾਂਸਫ਼ਰ ਹੋਣ ਦੇ ਮੈਸੇਜ ਆਉਣੇ ਸ਼ੁਰੂ ਹੋ ਗਏ।
ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦੇ ਐਚ ਡੀ ਐਫ ਸੀ ਦੇ ਖਾਤੇ ਵਿਚੋਂ 2 ਟਰਾਂਜ਼ੈਕਸ਼ਨ ਰਾਹੀ 52 ਹਜ਼ਾਰ ਰੁਪਏ ਦੇ ਕਰੀਬ (ਇਕ ਵਾਰ 49931 ਅਤੇ ਦੂਜੀ ਵਾਰ 2000)ਸਾਈਬਰ ਠੱਗਾਂ ਵੱਲੋਂ ਉਡਾ ਲੈ ਗਏ। ਦੀਪਕ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਦੀ ਸ਼ਿਕਾਇਤ ਐਸਐਸਪੀ ਗੁਰਦਾਸਪੁਰ ਅਤੇ ਸਾਈਬਰ ਕਰਾਈਮ ਸੈੱਲ ਨੂੰ ਕਰ ਦਿੱਤੀ ਗਈ ਹੈ। ਨਾਲ ਹੀ ਉਨ੍ਹਾਂ ਨੇ ਆਮ ਲੋਕਾਂ ਨੂੰ ਅਜਿਹੇ ਕਿਸੇ ਵੀ ਲਿੰਕ ਨੂੰ ਕਲਿੱਕ ਨਾ ਕਰਨ ਦੀ ਹਦਾਇਤ ਦਿੱਤੀ ਹੈ।