ਰਿਆਣਾ ਦੇ ਡਿਪਟੀ ਸਪੀਕਰ ਦੀ ਗੱਡੀ ਦੇ ਸ਼ੀਸ਼ੇ ਤੋੜਨ ਅਤੇ ਸਰਕਾਰੀ ਕੰਮਾਂ ਵਿਚ ਰੁਕਾਵਟ ਪਾਉਣ ਦੇ ਇਲਜ਼ਾਮਾਂ ਵਿੱਚ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਲਈ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਰਾਕੇਸ਼ ਟਿਕੈਤ ਅਤੇ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਵਿਚ ਅੱਜ ਇਥੇ ਮਹਾਪੰਚਾਇਤ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਿਸਾਨ ਆਗੂਆਂ ਵਿਚਕਾਰ ਗੱਲਬਾਤ ਹੋਈ ਪਰ ਮੀਟਿੰਗ ’ਚ ਕੋਈ ਨਤੀਜਾ ਨਾ ਨਿਕਲਣ ’ਤੇ ਕਿਸਾਨਾਂ ਨੇ ਟਿਕੈਤ ਦੀ ਅਗਵਾਈ ਹੇਠ ਸਿਰਸਾ ਦੇ ਐੱਸਪੀ ਦਫ਼ਤਰ ਦੇ ਅੱਗੇ ਪੱਕਾ ਮੋਰਚਾ ਲਾ ਦਿੱਤਾ। ਧਰਨੇ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਮੌਜੂਦ ਹਨ।
ਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਦੇਸ਼ ਦੀ ਜ਼ਾਲਮ ਹਕੂਮਤ ਲੋਕਾਂ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਨੂੰ ਦੇਸ਼ਧ੍ਰੋਹ ਦੱਸ ਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਡੱਕਣ ਲਈ ਕਾਲੇ ਕਾਨੂੰਨਾਂ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਸਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਨੂੰ ਜੇਕਰ ਰਿਹਾਅ ਨਾ ਕੀਤਾ ਗਿਆ ਤਾਂ ਪੂਰੇ ਹਰਿਆਣਾ ਵਿਚ ਜ਼ਬਰਦਸਤ ਵਿਰੋਧ ਪ੍ਰਦਰਸ਼ਨਾਂ ਦੀ ਲਹਿਰ ਸ਼ੁਰੂ ਹੋ ਜਾਵੇਗੀ। ਇਸ ਮੌਕੇ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੇ ਵਿਰੋਧ ਦੀ ਆਵਾਜ਼ ਨੂੰ ਦਬਾਉਣ ਲਈ ਬੇਕਸੂਰ ਕਿਸਾਨਾਂ ਵਿਰੁੱਧ ਕੀਤੀ ਕਾਰਵਾਈ ਜ਼ਾਲਮਾਨਾ ਅਤੇ ਸ਼ਰਮਨਾਕ ਹੈ। ਇਹ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਆਜ਼ਾਦ ਭਾਰਤ ਵਿਚ ਬਸਤੀਵਾਦੀ ਹਾਕਮਾਂ ਦੇ ਬਣਾਏ ਦੇਸ਼ਧ੍ਰੋਹ ਦੇ ਕਾਨੂੰਨ ਬਾਰੇ ਭਾਜਪਾ ਸਰਕਾਰ ਨੂੰ ਮੁੜ ਵਿਚਾਰ ਕਰਨ ਲਈ ਕਿਹਾ ਹੈ ਪਰ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ ਹੈ। ਧਰਨੇ ਦੌਰਾਨ ਐੱਸਜੀਪੀਸੀ ਮੈਂਬਰ ਬਾਬਾ ਗੁਰਮੀਤ ਸਿੰੰਘ ਤਿਲੋਕੇਵਾਲਾ, ਲਖਵਿੰਦਰ ਸਿੰਘ ਔਲਖ, ਪ੍ਰਹਿਲਾਦ ਸਿੰਘ ਭਾਰੂਖੇੜਾ, ਗੁਰਦਾਸ ਸਿੰਘ ਲੱਕੜਵਾਲੀ, ਸਵਰਨ ਸਿੰਘ ਵਿਰਕ, ਬਲਵੀਰ ਕੌਰ ਗਾਂਧੀ, ਕੁਲਦੀਪ ਸਿੰਘ ਗੁਦਰਾਣਾ ਆਦਿ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ’ਚ ਪੁਲੀਸ ਫੋਰਸ ਅਤੇ ਨੀਮ ਫੌਜੀ ਬਲਾਂ ਨੂੰ ਤਾਇਨਾਤ ਕੀਤਾ ਗਿਆ ਸੀ। ਸਿਰਸਾ ਦੀ ਬਰਨਾਲਾ ਰੋਡ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤੀ ਗਈ ਸੀ। ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਘਰ ਨੂੰ ਜਾਣ ਵਾਲੀ ਸੜਕ ’ਤੇ ਸੁਰੱਖਿਆ ਦੇ ਵਧੇਰੇ ਇੰਤਜ਼ਾਮ ਕੀਤੇ ਗਏ ਸਨ। ਧਰਨੇ ਦੌਰਾਨ ਜਦੋਂ ਪੁਲੀਸ ਨੇ ਇੱਕ ਐਂਬੂਲੈਂਸ ਨੂੰ ਰੋਕਿਆ ਤਾਂ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਐਂਬੂਲੈਂਸ ਨੂੰ ਰਸਤਾ ਦੇਣ ਦਾ ਪੁਲੀਸ ’ਤੇ ਦਬਾਅ ਪਾਇਆ ਤਾਂ ਜਾ ਕੇ ਪੁਲੀਸ ਨੇ ਐਂਬੂਲੈਂਸ ਨੂੰ ਰਸਤਾ ਦਿੱਤਾ।