ਸਪੀਕਰ ਸੰਧਵਾਂ ਵੱਲੋਂ ਜੁੱਤੀ ਬਣਾਉਣ ‘ਤੇ 12 ਫ਼ੀਸਦ ਟੈਕਸ ਲਗਾਉਣ ਲਈ ਕੇਂਦਰ ਸਰਕਾਰ ਦੀ ਆਲੋਚਨਾ
ਇਸ ਆਪਹੁਦਰੇ ਫ਼ੈਸਲੇ ਨੂੰ ਤੁਰੰਤ ਵਾਪਸ ਲੈਣ ਅਤੇ ਜੁੱਤੀ ਬਣਾਉਣ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਵਿੱਤੀ ਸਹਾਇਤਾ ਦੇਣ ਦੀ ਕੀਤੀ ਮੰਗ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਸਰਕਾਰ ਵੱਲੋਂ ਜੁੱਤੀ ਬਣਾਉਣ/ ਸ਼ੂਮੇਕਿੰਗ (ਪੰਜਾਬੀ ਜੁੱਤੀ) ਇੰਡਸਟਰੀ ‘ਤੇ ਟੈਕਸ ਵਧਾਉਣ ਦੇ ਫ਼ੈਸਲੇ ਨੂੰ ਆਪਹੁਦਰਾ ਕਰਾਰ ਦਿੱਤਾ ਹੈ। ਉਨ੍ਹਾਂ ਇਸ ਫ਼ੈਸਲੇ ਲਈ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਲਈ ਕਿਹਾ।
ਸਦੀਆਂ ਤੋਂ ਆਪਣੇ ਹੱਥਾਂ ਨਾਲ ਜੁੱਤੀਆਂ ਬਣਾਉਣ ਵਾਲੇ ਕਾਰੀਗਰਾਂ (ਸ਼ੂਮੇਕਰ) ਲਈ ਤੁਰੰਤ ਵਿੱਤੀ ਸਹਾਇਤਾ ਦੀ ਮੰਗ ਕਰਦਿਆਂ ਸਪੀਕਰ ਨੇ ਕਿਹਾ ਕਿ ਇਹ ਲੋਕ ਸਦੀਆਂ ਪੁਰਾਣੀ ਪਰੰਪਰਾ ਨੂੰ ਜੀਵੰਤ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕੇਂਦਰ ਸਰਕਾਰ ਇਸ ਆਪਹੁਦਰੇ ਫ਼ੈਸਲੇ ਨਾਲ ਇਸ ਰਵਾਇਤੀ ਉਦਯੋਗ ਨੂੰ ਤਬਾਹ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਇਨ੍ਹਾਂ ਰਵਾਇਤੀ ਕਿੱਤਿਆਂ ਦਾ ਸਮਰਥਨ ਕੀਤਾ ਜਾਵੇ ਤਾਂ ਜੋ ਹੱਥੀਂ ਜੁੱਤੀ ਬਣਾਉਣ ਵਾਲੇ ਕਾਰੀਗਰ ਆਪਣੀ ਰੋਜ਼ੀ-ਰੋਟੀ ਕਮਾ ਸਕਣ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀਆਂ ਲੋਕ ਪੱਖੀ ਅਤੇ ਉਦਯੋਗ ਪੱਖੀ ਨੀਤੀਆਂ ਨਾਲ ਹਰ ਵਰਗ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਵੱਡੇ ਉਪਰਾਲੇ ਕਰ ਰਹੀ ਹੈ ਪਰ ਇਸ ਦੇ ਉਲਟ ਕੇਂਦਰ ਸਰਕਾਰ ਵੱਡੇ ਉਦਯੋਗਿਕ ਦਿੱਗਜਾਂ ਦੀ ਸਹਾਇਤਾ ਤਾਂ ਕਰ ਰਹੀ ਹੈ ਜਦਕਿ ਹਰ ਕਿਸਮ ਦੇ ਅਸੰਗਠਿਤ ਖੇਤਰਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।