ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਹਿਲੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਰਸਮੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਮਾਰਚ ਪਾਸਟ ’ਚ ਹਿੱਸਾ ਲਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੂਰੇ ਪੰਜਾਬ ਦੇ ਵੱਖ-ਵੱਖ ਸਕੂਲਾਂ ਅਤੇ ਵੱਖ-ਵੱਖ ਕੋਨਿਆਂ ਤੋਂ ਇਸ ਖੇਡ ਮੇਲੇ ‘ਖੇਡਾਂ ਵਤਨ ਪੰਜਾਬ ਦੀਆਂ 2022’ ਵਿੱਚ ਹਿੱਸਾ ਲੈਣ ਲਈ ਪਹੁੰਚੇ ਹੋਏ ਖਿਡਾਰੀਆਂ, ਉਨ੍ਹਾਂ ਦੇ ਕੋਚ ਸਾਹਿਬਾਨ, ਅਧਿਆਪਕ ਸਾਹਿਬਾਨ ਤੇ ਦਰਸ਼ਕਾਂ, ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨੂੰ ਮੁਬਾਰਕਬਾਦ ਦਿੰਦਾ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਉਹ ਪੰਜਾਬ ਨੂੰ ਖੇਡਦਾ ਵੇਖ ਕੇ ਖੁਸ਼ ਹਨ। ਅੱਜ ਅਸੀਂ ਪੰਜਾਬ ਨੂੰ ਹੱਸਦਾ ਤੇ ਨੱਚਦਾ ਵੇਖ ਰਹੇ ਹਾਂ। ਇਹ ਖੇਡਾਂ ਕਾਫੀ ਦੇਰ ਬਾਅਦ ਵੇਖਣ ਨੂੰ ਮਿਲ ਰਹੀਆਂ ਹਨ, ਜਿਸ ਕਰਕੇ ਖੁਸ਼ੀ ਹੋਰ ਵੀ ਜ਼ਿਆਦਾ ਹੋ ਰਹੀ ਹੈ।
ਇਹ ਵੀ ਪੜ੍ਹੋ- ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਕੀਤੀ ਸ਼ੁਰੂਆਤ
ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਨੂੰ ਬੁਨਿਆਦੀ ਢਾਂਚੇ ਦੀ ਲੋੜ ਹੈ। ਸੀ.ਐੱਮ. ਮਾਨ ਨੇ ਦੱਸਿਆ ਕਿ ਇਹ ਖੇਡਾਂ ਅਗਲੇ 2 ਮਹੀਨਿਆਂ ਤੱਕ ਚੱਲਣਗੀਆਂ, ਜਿਨ੍ਹਾਂ ਵਿੱਚ 14 ਤੋਂ 50 ਸਾਲ ਦੀ ਉਮਰ ਦੇ ਸਾਰੇ ਖਿਡਾਰੀ ਭਾਗ ਲੈ ਸਕਣਗੇ। ਇਕ ਖਿਡਾਰੀ ਹਰ ਖੇਤਰ ਵਿੱਚ ਕਾਮਯਾਬ ਹੁੰਦਾ ਹੈ। ਮਾਨ ਨੇ ਕਿਹਾ ਕਿ ਪੰਜਾਬ ‘ਚ ਬਣੀ ਖੇਡ ਸਮੱਗਰੀ ਦੇਸ਼ ਦੇ ਕੋਨੇ-ਕੋਨੇ ‘ਚ ਜਾਂਦੀ ਹੈ, ਜਿਸ ਦੀ ਵਰਤੋਂ ਕਈ ਖਿਡਾਰੀ ਕਰਦੇ ਹਨ ਪਰ ਸਾਡੇ ਪੰਜਾਬ ਦੇ ਖਿਡਾਰੀਆਂ ਨੂੰ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਨ ਦਾ ਮੌਕਾ ਨਹੀਂ ਮਿਲਦਾ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਆਪਣੇ ਖਿਡਾਰੀਆਂ ਲਈ ਕੁਝ ਨਹੀਂ ਕੀਤਾ ਪਰ ਸਾਡੀ ਸਰਕਾਰ ‘ਚ ਇਨ੍ਹਾਂ ਖਿਡਾਰੀਆਂ ਨੂੰ ਇਕ ਅਜਿਹਾ ਪਲੇਟਫਾਰਮ ਮਿਲੇਗਾ, ਜਿਸ ਵਿੱਚ ਉਹ ਬਹੁਤ ਵੱਡੇ ਪੱਧਰ ‘ਤੇ ਮੁਕਾਬਲਿਆਂ ‘ਚ ਹਿੱਸਾ ਲੈ ਸਕਣਗੇ।
ਇਹ ਵੀ ਪੜ੍ਹੋ-ਗੂਗਲ ਦੇ ਨਾਲ ਜੀਓ ਲਾਂਚ ਕਰੇਗਾ ਸਭ ਤੋਂ ਸਸਤਾ 5ਜੀ ਫੋਨ, ਜਾਣੋ ਫੀਚਰਜ਼
ਸੀ.ਐੱਮ. ਮਾਨ ਨੇ ਮੇਜਰ ਧਿਆਨ ਚੰਦ, ਜੋ ਹਾਕੀ ਦੇ ਜਾਦੂਗਰ ਕਹੇ ਜਾਂਦੇ ਹਨ, ਦਾ ਖਾਸ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਦਾ ਜਨਮ ਦਿਨ ਹੈ। ਉਨ੍ਹਾਂ ਦੀ ਯਾਦ ਸਾਂਝੀ ਕਰਦਿਆਂ ਮਾਨ ਨੇ ਕਿਹਾ ਕਿ ਇਕ ਵਾਰ ਮੇਜਰ ਧਿਆਨ ਚੰਦ ਜਰਮਨੀ ‘ਚ ਮੈਚ ਖੇਡ ਰਹੇ ਸੀ, ਜਰਮਨੀ ਦੀ ਟੀਮ ਨੂੰ ਇਹ ਸ਼ੱਕ ਹੋ ਗਿਆ ਕਿ ਉਨ੍ਹਾਂ ਦੀ ਹਾਕੀ ਵਿੱਚ ਚੁੰਬਕ ਲੱਗੀ ਹੋਈ ਹੈ ਤੇ ਉਨ੍ਹਾਂ ਦੀ ਸਟਿਕ ਬਦਲੀ ਜਾਵੇ ਕਿਉਂਕਿ ਉਨ੍ਹਾਂ ਦੀ ਹਾਕੀ ਨਾਲ ਲੱਗੀ ਬਾਲ ਸਿੱਧੀ ਗੋਲ ਹੀ ਕਰਦੀ ਹੈ, ਕਿਤੇ ਹੋਰ ਨਹੀਂ ਜਾਂਦੀ। ਹਿਟਲਰ ਨੇ ਮੇਜਰ ਧਿਆਨ ਚੰਦ ਨੂੰ ਸਿਟੀਜ਼ਨਸ਼ਿਪ ਦੇਣ ਦੀ ਗੱਲ ਕਹੀ ਤੇ ਕਿਹਾ ਕਿ ਤੂੰ ਇੱਥੇ ਹੀ ਰਹਿ ਤੇ ਸਾਡੇ ਵੱਲੋਂ ਖੇਡੋ ਪਰ ਉਨ੍ਹਾਂ ਨਾਂਹ ਕਰਦਿਆਂ ਕਿਹਾ ਕਿ ਮੈਂ ਭਾਰਤ ਦੇਸ਼ ਦਾ ਵਾਸੀ ਹਾਂ ਤੇ ਭਾਰਤ ਵੱਲੋਂ ਹੀ ਖੇਡਾਂਗਾ। ਉਸੇ ਤਰ੍ਹਾਂ ਅੱਜ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਿਵੇਂ ਕਹਿ ਰਿਹਾ ਹੋਵੇ ਕਿ ਅਸੀਂ ਪੰਜਾਬੀ ਹਾਂ, ਖੇਡਾਂਗੇ ਤਾਂ ਪੰਜਾਬ ਵੱਲੋਂ ਖੇਡਾਂਗੇ, ਦੇਸ਼ ਵੱਲੋਂ ਖੇਡਾਂਗੇ ਤੇ ਮੈਡਲ ਜਿੱਤਾਂਗੇ।