ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਫਿਜੀ ਦੇ ਪ੍ਰਧਾਨ ਮੰਤਰੀ ਸਿਤੀਵੇਨੀ ਲਿਗਾਮਾਮਦਾ ਰਾਬੁਕਾ ਨਾਲ ਖਾਸ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਭਾਰਤੀ ਸੰਸਦ ਮੈਂਬਰ ਨੇ ਫਿਜੀ ਵਿਖੇ ਵੱਸਦੇ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਮੁੱਦਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਵਿਚਾਰ ਵਟਾਂਦਰੇ ‘ਚ ਫਿਜੀ ਦੇ ਪੀਐੱਮ ਸਿਟੀਵੇਨੀ ਰਾਬੁਕਾ, ਫਿਜੀ ਦੇ ਡਿਪਟੀ ਪੀਐੱਮ ਬਿਮਨ ਪ੍ਰਸਾਦ ਤੇ ਫਿਜੀ ਦੇ ਮਲਟੀ-ਐਥਨਿਕ ਅਫੇਯਰ (ਬਹੁ-ਨਸਲੀ ਮਾਮਲਿਆਂ) ਦੇ ਮੰਤਰੀ ਚਰਨ ਜੇਠ ਸਿੰਘ ਢੇਸੀ ਸ਼ਾਮਲ ਰਹੇ।
ਇਸ ਵਿਚਾਰ ਵਟਾਂਦਰੇ ‘ਚ ਸੰਸਦ ਮੈਂਬਰ ਸੰਧੂ ਨੇ ਸਿਤੀਵੇਨੀ ਰਾਬੁਕਾ ਨਾਲ ਭਾਰਤ ਤੇ ਫਿਜੀ ਵਿਚਾਲੇ ਇਤਿਹਾਸਕ ਸਾਂਝ ਸਣੇ ਫਿਜੀ ਵੱਸਦੇ ਭਾਰਤੀਆਂ ਦੇ ਮੁੱਦਿਆਂ ਬਾਰੇ ਚਰਚਾ ਕੀਤੀ। ਵਿਚਾਰ ਵਟਾਂਦਰੇ ਦੌਰਾਨ ਪੀਐੱਮ ਰਾਬੁਕਾ ਕਿਹਾ ਭਾਰਤ ਦੀ ਪੂਰੇ ਵਿਸ਼ਵ ‘ਚ ਵੱਧਦੀ ਤਾਕਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਭਾਰਤ ਦੇਸ਼ ਤੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਕਾਫੀ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਪੀਐੱਮ ਮੋਦੀ ਦੇ ਆਉਣ ਤੋਂ ਬਾਅਦ ਫਿਜੀ ਤੇ ਭਾਰਤ ਵਿਚਕਾਰ ਸਬੰਧ ਹੋਰ ਮਜ਼ਬੂਤ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੀਐੱਮ ਮੋਦੀ ਦੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਪੂਰੇ ਵਿਸ਼ਵ ‘ਚ ਭਾਰਤ ਦੇਸ਼ ਦੀ ਮਜ਼ਬੂਤੀ ਵੱਧ ਰਹੀ ਹੈ। ਮੁਲਾਕਾਤ ਦੌਰਾਨ ਰਾਬੁਕਾ ਨੇ ਕਿਹਾ ਕਿ ਫਿਜੀ ਵੱਸਦੇ ਹਿੰਦੂ ਭਾਈਚਾਰੇ ਦੇ ਲੋਕ ਰਾਮ ਮੰਦਿਰ ਨਿਰਮਾਣ ਤੋਂ ਕਾਫੀ ਖੁਸ਼ ਹਨ ਅਤੇ ਅਸੀਂ ਸਾਰੇ ਇਸ ਗੱਲ ਨੂੰ ਮੰਨਦੇ ਹਾਂ ਕਿ ਇਸ ਫੈਸਲੇ ਰਾਹੀਂ ਪੀਐੱਮ ਮੋਦੀ ਨੇ ਸਾਰੇ ਹਿੰਦੂ ਸਮਾਜ ਨੂੰ ਇਕੱਠਾ ਕਰਨ ਦਾ ਕੰਮ ਕੀਤਾ ਹੈ।
ਵਿਚਾਰ ਵਟਾਂਦਰੇ ਦੌਰਾਨ ਭਾਰਤ ਤੇ ਫਿਜੀ ਵਿਚਾਲੇ ਇਤਿਹਾਸਕ ਸਬੰਧਾਂ ਬਾਰੇ ਗੱਲ ਕੀਤੀ ਗਈ ਅਤੇ ਇਤਿਹਾਸ ਦੇ ਉਸ ਪੰਨੇ ਦਾ ਜ਼ਿਕਰ ਕੀਤਾ ਗਿਆ ਜਦੋਂ ਭਾਰਤੀਆਂ ਨੂੰ ਪਹਿਲੀ ਵਾਰ 1880 ਦੇ ਦਹਾਕੇ ‘ਚ ਫਿਜੀ ‘ਚ ਪੇਸ਼ ਕੀਤਾ ਗਿਆ ਸੀ। ਵਿਚਾਰ ਵਟਾਂਦਰੇ ਦੌਰਾਨ ਫਿਜੀ ‘ਚ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਆਗਮਨ ‘ਤੇ ਚਾਨਣ ਪਾਇਆ ਗਿਆ ਜਦੋਂ ਬ੍ਰਿਟਿਸ਼ ਕਾਲ ਦੇ 1879 ਅਤੇ 1916 ਵਿਚਕਾਰ 60,000 ਤੋਂ ਵੱਧ ਭਾਰਤੀ ਮਜ਼ਦੂਰ ਠੇਕੇ ‘ਤੇ ਵੱਖ-ਵੱਖ ਹਿੱਸਿਆਂ ਤੋਂ ਗੰਨੇ ਦੇ ਬਾਗਾਂ ‘ਚ ਕੰਮ ਕਰਨ ਲਈ ਲਿਆਏ ਗਏ ਸਨ।
ਇਸ ਵਿਚਾਰ ਵਟਾਂਦਰੇ ਦੌਰਾਨ ਸੰਸਦ ਮੈਂਬਰ ਸੰਧੂ ਨੇ ਫਿਜੀ ਦੇ ਡਿਪਟੀ ਪੀਐੱਮ ਬਿਮਨ ਪ੍ਰਸਾਦ ਨਾਲ ਗੱਲਬਾਤ ਕੀਤੀ। ਬਿਮਨ ਪ੍ਰਸਾਦ ਨੇ ਸੰਸਦ ਮੈਂਬਰ ਸੰਧੂ ਨਾਲ ਮਿਲ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਭਾਰਤ ਦੇਸ਼ ਨਾਲ ਫਿਜੀ ਦੇ ਮਜ਼ਬੂਤ ਹੁੰਦੇ ਸਬੰਧਾਂ ਨੂੰ ਪੇਸ਼ ਕੀਤਾ। ਬਿਮਨ ਨੇ ਮੁਲਾਕਾਤ ਦੌਰਾਨ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦੀ ਪਹਿਲੀ ਵਰ੍ਹੇਗੰਢ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਫਿਜੀ ਵੱਸਦੇ ਹਿੰਦੂ ਭਾਈਚਾਰੇ ‘ਚ ਇਸ ਵਰ੍ਹੇਗੰਢ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ।
ਵਿਚਾਰ ਵਟਾਂਦਰੇ ਦੌਰਾਨ ਭਾਰਤੀ ਸੰਸਦ ਮੈਂਬਰ ਨੇ ਫਿਜੀ ਦੇ ਬਹੁ-ਨਸਲੀ ਮਾਮਲਿਆਂ ਦੇ ਮੰਤਰੀ ਚਰਨ ਜੇਠ ਸਿੰਘ ਢੇਸੀ ਨਾਲ ਗੱਲਬਾਤ ਕੀਤੀ। ਦੱਸ ਦਈਏ ਚਰਨ ਜੇਠ ਸਿੰਘ ਢੇਸੀ ਪੰਜਾਬ ਦੇ ਦੋਆਬੇ ਮੂਲ ਨਾਲ ਸਬੰਧ ਰੱਖਦੇ ਹਨ। ਗੱਲਬਾਤ ਦੌਰਾਨ ਫਿਜੀ ‘ਚ ਵੱਸਦੇ ਸਿੱਖ ਪ੍ਰਵਾਸੀ ਭਾਈਚਾਰੇ ਦੇ ਮੁੱਦਿਆਂ ਨੂੰ ਉਜਾਗਰ ਕਰਦਿਆਂ ਖਾਸ ਚਰਚਾ ਕੀਤੀ ਗਈ। ਗੱਲਬਾਤ ਦੌਰਾਨ ਢੇਸੀ ਨੇ ਕਿਹਾ ਕਿ ਫਿਜੀ ‘ਚ ਬਹੁਤ ਸਾਰੇ ਪੰਜਾਬੀ ਭਾਈਚਾਰੇ ਦੇ ਲੋਕ ਵਪਾਰ ਕਰਦੇ ਹਨ ਅਤੇ ਉਹ ਬਹੁਤ ਵਧੀਆ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਥੇ ਵੱਸਦੇ ਭਾਰਤੀ ਪੰਜਾਬੀ ਨਾ ਸਿਰਫ ਫਿਜੀ ਨੂੰ ਮਜ਼ਬੂਤ ਕਰ ਰਹੇ ਹਨ ਬਲਕਿ ਆਪਣੇ ਵਪਾਰਾਂ ਰਾਹੀਂ ਫਿਜੀ ਤੇ ਭਾਰਤ ਵਿਚਾਲੇ ਸਬੰਧਾਂ ਨੂੰ ਹੋਰ ਵੀ ਮਜ਼ਬੂਤ ਕਰਦੇ ਹਨ।
ਵਿਚਾਰ ਵਟਾਂਦਰੇ ਤੋਂ ਬਾਅਦ ਸੰਸਦ ਮੈਂਬਰ ਸੰਧੂ ਨੇ ਫਿਜੀ ਦੇ ਨਾਦੀ ਵਿਖੇ ਸੀਤਾ ਰਾਮ ਮੰਦਿਰ ‘ਚ ਆਯੋਜਿਤ ਇੱਕ ਸਮਾਗਮ ‘ਚ ਸ਼ਿਰਕਤ ਕੀਤੀ ਜਿਥੇ ਭਾਰਤੀ ਹਿੰਦੂ ਪ੍ਰਵਾਸੀ ਭਾਈਚਾਰੇ ਦੇ ਲੋਕ ਵੱਡੀ ਗਿਣਤੀ ‘ਚ ਸ਼ਾਮਲ ਹੋਏ।
ਇਸ ਖਾਸ ਵਿਚਾਰ ਵਟਾਂਦਰੇ ਤੋਂ ਬਾਅਦ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘ਅੱਜ ਫਿਜੀ ਦੇ ਪ੍ਰਧਾਨ ਮੰਤਰੀ ਸਿਤੀਵੇਨੀ ਰਾਬੁਕਾ ਨਾਲ ਮੁਲਾਕਾਤ ਕਰ ਮੈਂਨੂੰ ਬਹੁਤ ਖੁਸ਼ੀ ਹੋਈ। ਫਿਜੀ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਮੰਤਰੀਆਂ ਨਾਲ ਭਾਰਤ ਤੇ ਫਿਜੀ ਵਿਚਾਲੇ ਮਜ਼ਬੂਤ ਸਬੰਧਾਂ ਦਾ ਜ਼ਿਕਰ ਕਰਦਿਆਂ ਫਿਜੀ ‘ਚ ਵੱਸਦੇ ਭਾਰਤੀ ਪ੍ਰਵਾਸੀ ਭਾਈਚਾਰੇ ਨਾਲ ਜੁੜੇ ਮੁੱਦਿਆਂ ਨਾਲ ਵਿਚਾਰ ਚਰਚਾ ਕੀਤੀ ਗਈ।’
ਉਨ੍ਹਾਂ ਕਿਹਾ, ‘ਭਾਰਤ ਤੇ ਫਿਜੀ ਦਾ ਇੱਕ ਦੂਜੇ ਨਾਲ ਇਤਿਹਾਸਕ ਸਬੰਧ ਹੈ। ਫਿਜੀ ਸਰਕਾਰ ਭਾਰਤੀ ਪ੍ਰਵਾਸੀਆਂ ਦੀ ਨਾ ਸਿਰਫ ਇੱਜਤ ਕਰਦੀ ਹੈ ਬਲਕਿ ਉਨ੍ਹਾਂ ਨੇ ਭਾਰਤੀਆਂ ਨੂੰ ਆਪਣੀ ਸਰਕਾਰ ‘ਚ ਵੱਡੇ ਪਦ ਦਿੱਤੇ ਹੋਏ ਹਨ। ਫਿਜੀ ਸਰਕਾਰ ਨੇ ਹਾਲ ਹੀ ‘ਚ ਇੱਕ ਸਿੱਖ ਵਿਅਕਤੀ ਦੀ ਤਸਵੀਰ ਵਾਲਾ 2 ਡਾਲਰ ਦਾ ਬੈਂਕ ਨੋਟ ਜਾਰੀ ਕੀਤਾ ਹੈ, ਜੋ ਕਿ ਨਾ ਸਿਰਫ ਸਿੱਖ ਭਾਈਚਾਰੇ ਲਈ ਸਗੋਂ ਪੂਰੇ ਭਾਰਤ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਅੱਜ ਦੀ ਮੁਲਾਕਾਤ ‘ਚ ਅਸੀਂ ਸਾਰਿਆਂ ਨੇ ਬਹੁਤ ਗੰਭੀਰ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਹੈ ਅਤੇ ਮੈਂਨੂੰ ਪੂਰਾ ਯਕੀਨ ਹੈ ਕਿ ਇਸ ਮੁਲਾਕਾਤ ਰਾਹੀਂ ਭਾਰਤ ਤੇ ਫਿਜੀ ਵਿਚਾਲੇ ਮਜ਼ਬੂਤ ਰਿਸ਼ਤੇ ਦਾ ਸੰਦੇਸ਼ ਪੂਰੀ ਦੁਨੀਆ ‘ਚ ਜਾਵੇਗਾ।’
ਵਿਚਾਰ ਵਟਾਂਦਰੇ ਤੋਂ ਬਾਅਦ ਫਿਜੀ ਦੇ ਨਾਦੀ ਸਥਿਤ ਸੀਤਾ ਰਾਮ ਮੰਦਿਰ ਵਿਖੇ ਭਾਰਤੀ ਸੰਸਦ ਮੈਂਬਰ ਨੇ ਫਿਜੀ ‘ਚ ਵੱਸਦੇ ਭਾਰਤੀ ਪ੍ਰਵਾਸੀ ਭਾਈਚਾਰੇ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਭਾਈਚਾਰੇ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸਤਨਾਮ ਸਿੰਘ ਸੰਧੂ ਨੇ ਕਿਹਾ, “ਅੱਜ ਫਿਜੀ ਵੱਸਦੇ ਭਾਰਤੀ ਪ੍ਰਵਾਸੀ ਭਾਈਚਾਰੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਮੈਨੂੰ ਪ੍ਰਵਾਸੀ ਭਾਈਚਾਰੇ ਵੱਲੋਂ ਬਹੁਤ ਪਿਆਰ ਮਿਲਿਆ। ਮੈਂ ਇਸ ਗੱਲ ਨੂੰ ਮੰਨਦਾ ਹਾਂ ਕਿ ਫਿਜੀ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ‘ਚ ਭਾਰਤੀ ਪ੍ਰਵਾਸੀ ਭਾਈਚਾਰੇ ਦਾ ਵਡਮੁੱਲਾ ਯੋਗਦਾਨ ਹੈ। ਫਿਜੀ ‘ਚ ਆਗਮਨ ਤੋਂ ਬਾਅਦ ਭਾਰਤੀਆਂ ਨੇ ਫਿਜੀ ਨੂੰ ਹਰ ਖੇਤਰ ‘ਚ ਮਜ਼ਬੂਤੀ ਪ੍ਰਦਾਨ ਕੀਤੀ ਹੈ। ਇਹੀ ਕਾਰਨ ਹੈ ਜੋ ਫਿਜੀ ਨਾਲ ਭਾਰਤ ਦੇ ਸਬੰਧ ਨਾ ਸਿਰਫ ਇਤਿਹਾਸਕ ਹਨ ਬਲਕਿ ਦੀਨੋ-ਦਿਨ ਮਜ਼ਬੂਤ ਵੀ ਹੋ ਰਹੇ ਹਨ।”