ਸਿੱਖ ਗੁਰੂ ਸਹਿਬਾਨ ਦੀ ਪਰੰਪਰਾ ਵਿਚ ਗੁਰੂ ਅੰਗਦ ਦੇਵ ਜੀ ਦੂਜੇ ਗੁਰੂ ਹਨ। ਇਨ੍ਹਾਂ ਦਾ ਜਨਮ 31 ਮਾਰਚ 1504 ਨੂੰ ਪਿੰਡ ਮੱਤੇ ਦੀ ਸਰਾਂ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਵਿਚ ਸ੍ਰੀ ਫੇਰੂਮੱਲ ਅਤੇ ਮਾਤਾ ਸਭਰਾਈ (ਦਇਆ ਕੌਰ) ਦੇ ਘਰ ਹੋਇਆ। ਗੁਰੂ ਅੰਗਦ ਦੇਵ ਜੀ ਪਹਿਲੇ ਗੁਰੂ ਨਾਨਕ ਦੇਵ ਜੀ ਦੀ ਬਿੰਦੀ ਔਲਾਦ ਤਾਂ ਨਹੀਂ ਸਨ, ਪਰ ਨਾਦੀ ਔਲਾਦ ਦੀ ਬਿਹਤਰੀਨ ਮਿਸਾਲ ਹਨ। ਗੁਰੂ ਅੰਗਦ ਦੇਵ ਜੀ ਜਨਮਜਾਤ ਜਾਂ ਪਰਿਵਾਰਕ ਸੰਸਕਾਰਾਂ ਕਰਕੇ ਦੇਵੀ ਪੂਜਕ ਸਨ, ਪਰ ਉਹ ਇਸ ਪੁੂਜਾ ਪੱਧਤੀ ਤੋਂ ਸੰਤੁਸ਼ਟ ਨਹੀਂ ਸਨ।
ਦੇਵੀ ਦਰਸ਼ਨਾਂ ਨੂੰ ਜੰਮੂ ਜਾਂਦੇ ਸਮੇਂ ਉਨ੍ਹਾਂ ਦਾ ਗੁਰੁੂ ਨਾਨਕ ਦੇਵ ਜੀ ਨਾਲ ਮੇਲ ਹੋਇਆ। ਉਹ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ, ਬੋਲਾਂ, ਸੰਸਕਾਰਾਂ ਤੇ ਜੀਵਨ ਜਾਚ ਤੋਂ ਮਹਿਜ਼ ਪ੍ਰਭਾਵਿਤ ਹੀ ਨਾ ਹੋਏ ਸਗੋਂ ਉਨ੍ਹਾਂ ਦੀ ਆਪਣੀ ਸ਼ਖ਼ਸੀਅਤ ਤੇ ਸੋਚ ਵਿਚ ਅਜਿਹਾ ਬਦਲਾਅ ਆਇਆ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਮੁਰੀਦ ਬਣ ਕੇ ਰਹਿ ਗਏ। ਗੁਰੂ ਅੰਗਦ ਦੇਵ ਜੀ ਦੇ ਜੀਵਨ ਦੇ ਤਿੰਨ ਮੁੱਖ ਭਾਗ ਬਣਦੇ ਹਨ। ਪਹਿਲਾ ਭਾਗ ਇਕ ਆਦਰਸ਼ਕ, ਸੰਸਕਾਰੀ ਤੇ ਕਾਰੋਬਾਰੀ ਦਾ ਹੈ, ਦੂਜਾ ਗੁਰੂ ਨਾਨਕ ਦੇਵ ਜੀ ਨਾਲ ਮੇਲ ਤੇ ਉਨ੍ਹਾਂ ਵਿਚ ਆਇਆ ਬਦਲਾਅ ਤੇ ਤੀਜਾ ਗੁਰਗੱਦੀ ਮਿਲਣ ਤੇ ਇਤਿਹਾਸ ਵਿਚ ਦਿੱਤੇ ਗਏ ਯੋਗਦਾਨ ਦਾ ਹੈ।
ਗੁਰੂ ਅੰਗਦ ਦੇਵ ਜੀ ਦਾ ਯੋਗਦਾਨ ਜਾਂ ਦੇਣ ਕਈ ਗੱਲਾਂ ਵਿਚ ਹੈ। ਸਭ ਤੋਂ ਪਹਿਲਾ ਕੰਮ ਗੁਰਮੁਖੀ ਲਿਪੀ ਨੂੰ ਧੁਨੀ ਵਿਗਿਆਨਕ ਨਿਯਮਾਂ ਅਨੁਸਾਰ ਨਵੀਂ ਤਰਤੀਬ ਦੇਣ ਅਤੇ ਇਸ ਦੀ ਸਿੱਖਿਆ ਨੂੰ ਆਮ ਲੋਕਾਂ ਤਕ ਪਹੁੰਚਾਉਣ ਦਾ ਹੈ। ਇਹ ਲਿਪੀ ਬੇਸ਼ੱਕ ਕਿਸੇ ਹੋਰ ਨਾਮ ਥੱਲੇ, ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਵੀ ਮੌਜੂਦ ਸੀ, ਪਰ ਉਸ ਦੀ ਤਰਤੀਬ ਅੱਜ ਵਾਲੀ ਨਹੀਂ ਸੀ ਜਿਸ ਦਾ ਪ੍ਰਮਾਣ ਰਾਗ ਆਸਾ ਵਿਚਲੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੱਟੀ ਵਿਚੋਂ ਮਿਲਦਾ ਹੈ। ਇਹ ਪਟੀ ‘ੳ’ ਤੋਂ ਨਹੀਂ ‘ਸ’ ਤੋਂ ਸ਼ੁਰੂ ਹੁੰਦੀ ਹੈ।
ਗੁਰੂ ਅੰਗਦ ਦੇਵ ਜੀ ਨੇ ‘ੳ’ ਨੂੰ ਗੁਰਮੁਖੀ ਵਰਣਮਾਲਾ ਦਾ ਪਹਿਲਾ ਅੱਖਰ ਨਿਸ਼ਚਿਤ ਕੀਤਾ ਅਤੇ ਸਭ ਤੋਂ ਅਖੀਰਲੇ ਅੱਖਰ ‘ਅ’ ਨੂੰ ਵਰਣਮਾਲਾ ਦੀ ਸਭ ਤੋਂ ਪਹਿਲਾ ਪੱਟੀ ਜਾਂ ਸਤਰ ਵਿਚ ਲਿਆਂਦਾ। ਇਸੇ ਤਰ੍ਹਾਂ ‘ਙ’ ਨੂੰ ਦੂਜੀ ਪੱਟੀ ਦੇ ਅਖੀਰਲੇ ਵਰਣ ਦੇ ਰੂਪ ਵਿਚ ਅੰਕਿਤ ਕੀਤਾ। ਗੁਰੂ ਅੰਗਦ ਦੇਵ ਜੀ ਦੀ ਇਸ ਦੇਣ ਨੂੰ ਸਾਰੇ ਭਾਸ਼ਾ ਅਤੇ ਲਿਪੀ ਵਿਗਿਆਨੀਆਂ ਨੇ ਸਵੀਕਾਰ ਕੀਤਾ ਹੈ। ਇੱਥੇ ਡਾ. ਸ.ਸ. ਜੋਸ਼ੀ ਦੇ ਇਹ ਸ਼ਬਦ ਹੀ ਕਾਫ਼ੀ ਹਨ ਜਿਨ੍ਹਾਂ ਨੇ ਲਿਖਿਆ ਹੈ: ‘‘ਗੁਰਮੁਖੀ ਲਿਪੀ ਨੂੰ ਅਜੋਕਾ ਅਤੇ ਵਰਤਮਾਨ ਰੂਪ ਗੁਰੂ ਅੰਗਦ ਦੇਵ ਜੀ ਨੇ ਪ੍ਰਦਾਨ ਕੀਤਾ।
ਇਹ ਠੀਕ ਹੈ ਕਿ ਇਸ ਲਿਪੀ ਦੇ ਬਹੁਤੇ ਚਿੰਨ੍ਹ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਨਿਸ਼ਚਿਤ ਰੂਪ ਧਾਰ ਚੁੱਕੇ ਸਨ, ਪਰ ਇਕ ਵਿਗਿਆਨਕ ਤਰਤੀਬ ਵਿਚ ਕ੍ਰਮਬੱਧ ਕਰਨ ਦਾ ਕਾਰਜ ਦੂਜੇ ਪਾਤਸ਼ਾਹ ਨੇ ਹੀ ਸਿਰੇ ਚੜ੍ਹਾਇਆ।’’ ਲਿਪੀ ਦੀ ਸੋਧ ਦਾ ਇਹ ਲਾਭ ਹੋਇਆ ਕਿ ਗੁਰਬਾਣੀ ਸ਼ੁੱਧ ਰੂਪ ਵਿਚ ਲਿਖੀ ਤੇ ਪੜ੍ਹੀ ਜਾਣ ਲੱਗੀ। ਅੰਦਾਜ਼ਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਬੇਸ਼ੱਕ ਗੁਰਮੁਖੀ ਲਿਪੀ ਦੇ ਆਰੰਭਲੇ ਅੱਖਰਾਂ ਵਿਚ ਲਿਖੀ ਗਈ ਹੋਵੇਗੀ, ਪਰ ਲਿਪੀ ਦੀ ਸੋਧ ਮਗਰੋਂ ਗੁਰੂ ਅੰਗਦ ਦੇਵ ਜੀ ਨੇ ਇਸ ਬਾਣੀ ਨੂੰ ਗੁਰਮੁਖੀ ਵਿਚ ਲਿਪੀਅੰਤਰਿਤ ਕਰ ਦਿੱਤਾ।
ਮਗਰੋਂ ਸਾਰੇ ਗੁਰੂ ਸਾਹਿਬਾਨ ਨੇ ਇਸ ਲਿਪੀ ਨੂੰ ਵਰਤ ਕੇ ਇਸ ਦੇ ਪ੍ਰਚਲਨ ਵਿਚ ਹਿੱਸਾ ਪਾਇਆ। ਗੁਰਮੁਖੀ ਲਿਪੀ ਨੂੰ ਆਮ ਲੋਕਾਂ ਜਾਂ ਪਾਠਸ਼ਾਲਾਵਾਂ ਵਿਚ ਪ੍ਰਚੱਲਿਤ ਕਰਨ ਲਈ ਇਸ ਦਾ ਕਾਇਦਾ ਜਾਂ ਬਾਲ-ਬੋਧ ਵੀ ਗੁਰੂ ਅੰਗਦ ਦੇਵ ਜੀ ਨੇ ਹੀ ਤਿਆਰ ਕਰਵਾਇਆ। ਗੁਰੂ ਅੰਗਦ ਦੇਵ ਜੀ ਦਾ ਸਾਹਿਤਕ ਯੋਗਦਾਨ ਸਿਰਫ਼ ਗੁਰਮੁਖੀ ਲਿਪੀ ਦੀ ਸੋਧ ਤਕ ਹੀ ਸੀਮਿਤ ਨਹੀਂ ਸਗੋਂ ਬਾਣੀ ਰਚ ਕੇ ਗੁਰਮਤਿ ਕਾਵਿ ਪਰੰਪਰਾ ਨੂੰ ਅੱਗੇ ਤੋਰਨ ਵਿਚ ਵੀ ਹੈ। ਉਨ੍ਹਾਂ ਦੀ ਆਪਣੀ ਬਾਣੀ ਤ੍ਰੇਹਠ ਸਲੋਕਾਂ ਦੇ ਰੂਪ ਵਿਚ ਪ੍ਰਾਪਤ ਹੈ।
ਉਨ੍ਹਾਂ ਨੇ ਜਨਮਸਾਖੀ ਲਿਖਵਾ ਕੇ ਇਕ ਨਵੀਂ ਵਿਧਾ ਅਤੇ ਸਾਹਿਤਕ ਪਰੰਪਰਾ ਨੂੰ ਜਨਮ ਦਿੱਤਾ। ਭਾਈ ਬਾਲੇ ਵਾਲੀ ਬਹਿਸ ਵਿਚ ਨਾ ਪੈ ਕੇ ਅਸੀਂ ਇਹ ਸਿੱਟਾ ਤਾਂ ਕੱਢ ਹੀ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦਾ ਜੀਵਨ ਬਿਰਤਾਂਤ ਲਿਖਵਾਉਣ ਅਤੇ ਇਸ ਨਵੀਂ ਵਿਧਾ ਨੂੰ ਪ੍ਰਵਾਹਿਤ ਕਰਨ ਦਾ ਗੁਰੂ ਅੰਗਦ ਦੇਵ ਜੀ ਨੇ ਉਚੇਚਾ ਯਤਨ ਕੀਤਾ। ਜਪੁਜੀ ਸਾਹਿਬ ਦੀ ਬਾਣੀ ਜਿਸ ਰੂਪ ਵਿਚ ਅੱਜ ਸਾਨੂੰ ਪ੍ਰਾਪਤ ਹੈ, ਇਸ ਦੀ ਤਰਤੀਬ ਵੀ ਦੂਜੇ ਗੁਰੂ ਜੀ ਦੀ ਹੀ ਦੇਣ ਹੈ। ਇਸ ਸਾਰੀ ਦੇਣ ਨੂੰ ਗਿਆਨੀ ਗਿਆਨ ਸਿੰਘ ਨੇ ਇਨ੍ਹਾਂ ਸ਼ਬਦਾਂ ਵਿਚ ਅੰਕਿਤ ਕੀਤਾ ਹੈ:
ਅੰਮ੍ਰਿਤ ਵੇਲੇ ਆਇ ਕੇ ਵਿਚ ਸਭਾ ਮਝਾਰੇ।
ਆਸਾਵਾਰ ਪ੍ਰੇਮ ਸੇ ਸੁਨਹੀ ਮੁਦ ਧਾਰੇ।
ਭਾਈ ਬਾਲੇ ਤੇ ਸੁਣੇ ਫਿਰ ਗੁਰ ਕੀ ਗਾਥਾ।
ਸਿਖ ਸਾਧੂ ਔਰੇ ਘਣੇ ਸੁਨ ਹੀ ਹਿਤ ਗਾਥਾ।
ਅਖਰ ਰਚ ਕੇ ਗੁਰਮੁਖੀ ਫਿਰ ਸਿਖਨ ਪੜਾਏ।
ਗੁਰ ਕੀ ਬਾਣੀ ਅਰ ਕਥਾ ਇਨ ਮੈ ਲਿਖਵਾਏ।
ਗੁਰੂ ਅੰਗਦ ਦੇਵ ਜੀ ਕਰਤਾਰਪੁਰ ਰਹਿੰਦਿਆਂ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਲੰਗਰ ਅਤੇ ਪੰਗਤ ਦੀ ਰੀਤ ਅੱਖੀਂ ਵੇਖ ਚੁੱਕੇ ਸਨ। ਇਸ ਲਈ ਇਸ ਦੇ ਮਹੱਤਵ ਨੂੰ ਸਮਝਦੇ ਸਨ। ਇਸੇ ਸਦਕਾ ਉਨ੍ਹਾਂ ਨਾਲ ਇਹ ਰੀਤ ਖਡੂਰ ਸਾਹਿਬ ਵੀ ਪਹੁੰਚ ਗਈ। ਸਵੇਰੇ ਰਬਾਬੀਆਂ ਦੁਆਰਾ ਕੀਰਤਨ ਉਪਰੰਤ ਗੁਰੂ ਬਾਬੇ ਦੀ ਬਾਣੀ ਜਾਂ ਜੀਵਨ ਬਾਰੇ ਚਰਚਾ ਹੁੰਦੀ। ਇਸ ਤੋਂ ਬਾਅਦ ਗੁਰੂ ਦਾ ਲੰਗਰ ਵਰਤਾਇਆ ਜਾਂਦਾ ਜੋ ਬਹੁਤੀ ਵਾਰੀ ਮਿੱਟੀ ਦੇ ਬਰਤਨਾਂ ਅਤੇ ਪੱੱਤਰਾਂ ਉੱਪਰ ਪਰੋਸਿਆ ਜਾਂਦਾ। ਲੰਗਰ ਦੇ ਮਨੋਰਥ ਅਤੇ ਇਸ ਵਿਚਲੀ ਭਾਵਨਾ ਬਾਰੇ ਭਾਈ ਸੰਤੋਖ ਸਿੰਘ ਨੇ ਲਿਖਿਆ ਹੈ:
ਚਤੁਰ ਬਰਨ ਤਹਿ ਸਮਸਰਿ ਬੈਸਹਿ।
ਜੈਸੇ ਰੰਕ ਰਾਵ ਬੀ ਤੈਸਹਿ।
ਮਾਟੀ ਕੇ ਬਾਸਨ ਹੁਇ ਸਾਰੇ।
ਪਤ੍ਰਨ ਮਾਹਿ ਅਚ ਲੇਹਿ ਅਹਾਰੇ।
ਪੰਕਤਿ ਬੀਚ ਬੈਠਿ ਗੁਰ ਖਾਹਿ।
ਏਕ ਸਮਾਨ ਅਸਨ ਅਚਵਾਹਿ।
ਲੰਗਰ ਦੀ ਦੇਖ-ਰੇਖ ਵਧੇਰੇ ਕਰਕੇ ਗੁਰੂ ਅੰਗਦ ਦੇਵ ਜੀ ਦੇ ਮਹਿਲ ਮਾਤਾ ਖੀਵੀ ਜੀ ਹੀ ਕਰਿਆ ਕਰਦੇ ਸਨ। ਜਦ ਕਦੇ ਸੰਗਤ ਵਧੇਰੇ ਮਾਤਰਾ ਵਿਚ ਦੁੱਧ ਲੈ ਕੇ ਆਉਂਦੀ ਤਾਂ ਘਿਉ ਵਾਲੀ ਖੀਰ ਵੀ ਵਰਤਾਈ ਜਾਂਦੀ। ਗੁਰੂ ਘਰ ਦੇ ਰਬਾਬੀ ਸੱਤੇ ਅਤੇ ਬਲਵੰਡ ਨੇ ਆਪਣੀ ਵਾਰ ਵਿਚ ਮਾਤਾ ਖੀਵੀ ਨੂੰ ਮਹਿਮਾਨ-ਨਵਾਜ਼ ਅਤੇ ਸੇਵਾ ਭਾਵ ਵਾਲੀ ਇਸਤਰੀ ਦੱਸਦਿਆਂ ਉਨ੍ਹਾਂ ਦੁਆਰਾ ਚਲਾਏ ਜਾ ਰਹੇ ਲੰਗਰ ਦੀ ਪ੍ਰਸ਼ੰਸਾ ਕੀਤੀ ਹੈ:
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ।।
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ।
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 967)
ਗੁਰੂ ਅੰਗਦ ਦੇਵ ਜੀ ਦੀ ਬਾਣੀ ਗੁਰਮਤਿ ਅਨੁਸਾਰੀ ਹੈ ਜਿਸ ਕਰਕੇ ਸਾਰੀ ਵਿਚਾਰਧਾਰਾ ਜਾਂ ਸੰਕਲਪ ਗੁਰਮਤਿ ਦਰਸ਼ਨ ਵਾਲੇ ਹੀ ਹਨ ਜਿਵੇਂ ਇਕ ਈਸ਼ਵਰਵਾਦ, ਹਉਮੈ ਦਾ ਤਿਆਗ, ਗੁਰੂ ਦਾ ਮਹੱਤਵ, ਸੇਵਾ, ਨਾਮ, ਸਿਮਰਨ ਅਤੇ ਸੰਤੁਲਿਤ ਜੀਵਨ ਜਾਚ ਆਦਿ। ਜਿਵੇਂ ਗੁਰਬਾਣੀ ਵਿਚ ਕਈ ਪੁਰਾਣੇ ਵਿਚਾਰਾਂ ਜਾਂ ਸੰਕਲਪਾਂ ਨੂੰ ਨਵੇਂ ਸਿਰਿਉਂ ਪ੍ਰਭਾਸ਼ਿਤ ਕੀਤਾ ਗਿਆ ਹੈ, ਗੁਰੂ ਅੰਗਦ ਦੇਵ ਜੀ ਦੀ ਗੁਰਬਾਣੀ ਵਿਚ ਵੀ ਏਹੋ ਕੁਝ ਸਾਨੂੰ ਲੱਭਦਾ ਹੈ। ਅੰਧਾ ਜਾਂ ਅੰਨ੍ਹਾ ਕੌਣ ਹੈ? ਇਸ ਦਾ ਉੱਤਰ ਗੁਰੂ ਜੀ ਇਹ ਦੇਂਦੇ ਹਨ ਕਿ ਅੰਨ੍ਹਾ ਉਹ ਨਹੀਂ ਜਿਸ ਦੀਆਂ ਅੱਖਾਂ ਨਹੀਂ ਹਨ ਸਗੋਂ ਅੰਨ੍ਹਾ ਉਹ ਹੈ ਜੋ ਗੁਰੂ ਤੋਂ ਬੇਮੁਖ ਹੈ:
ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ।।
ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ।।
(ਗੁਰੂ ਗ੍ਰੰਥ ਸਾਹਿਬ, ਅੰਗ 954)
ਸਮਾਜਿਕ ਜੀਵਨ ਵਿਚਲੇ ਦੋਗਲੇ ਵਰਤਾਰੇ ਉਪਰ ਵਿਅੰਗ ਕਰਦਿਆਂ ਗੁਰੂ ਜੀ ਦੱਸਦੇ ਹਨ ਕਿ ਸਭ ਕੁਝ ਮਰਯਾਦਾਵਾਂ ਜਾਂ ਸੰਸਕਾਰਾਂ ਦੇ ਉਲਟ ਹੋ ਰਿਹਾ ਹੈ, ਇਸ ਲਈ ਦੋਸ਼ੀ ਕਿਸ ਨੂੰ ਠਹਿਰਾਈਏ?
ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ।।
ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ।।
(ਗੁਰੂ ਗ੍ਰੰਥ ਸਾਹਿਬ, ਅੰਗ 1288)
ਗੁਰੂ ਅੰਗਦ ਦੇਵ ਜੀ ਦੀ ਕੋਈ ਲੰਮੇਰੀ ਬਾਣੀ ਨਹੀਂ, ਸਿਰਫ਼ ਸਲੋਕ ਹਨ। ਇਹ ਸਾਰੇ ਸਲੋਕ ਦਸਾਂ ਵਾਰਾਂ ਵਿਚ ਵੱਖ ਵੱਖ ਪਉੜੀਆਂ ਨਾਲ ਦਰਜ ਕੀਤੇ ਗਏ ਹਨ। ਹੋਰ ਗੁਰਬਾਣੀ ਵਾਂਗ ਗੁਰੂ ਅੰਗਦ ਦੇਵ ਜੀ ਦੀ ਬਾਣੀ ਵੀ ਸਿੱਖ ਸੱਭਿਆਚਾਰ ਦਾ ਹਿੱਸਾ ਹੈ, ਪਰ ਸਾਧਾਰਨ ਪਾਠਕ ਜਾਂ ਸਰੋਤਾ ਕਈ ਵਾਰੀ ਇਹ ਨਿਖੇੜ ਨਹੀਂ ਕਰ ਸਕਦਾ। ਉਦਾਹਰਣ ਵਜੋਂ ਪ੍ਰਸਿੱਧ ਸਲੋਕ ‘‘ਪਵਣੁ ਗੁਰੂ ਪਾਣੀ ਪਿਤਾ…’’ ਗੁਰੂ ਅੰਗਦ ਦੇਵ ਜੀ ਦਾ ਹੈ, ਪਰ ਜਪੁਜੀ ਸਾਹਿਬ ਦੇ ਅੰਤ ਵਿਚ ਦਰਜ ਹੋਣ ਕਰਕੇ ਬਹੁਤੀ ਵਾਰ ਇਸ ਸਲੋਕ ਨੂੰ ਵੀ ਗੁਰੂ ਨਾਨਕ ਦੇਵ ਜੀ ਰਚਿਤ ਹੀ ਸਮਝ ਲਿਆ ਜਾਂਦਾ ਹੈ। ਇਸੇ ਤਰ੍ਹਾਂ ਮ੍ਰਿਤਕ ਪ੍ਰਾਣੀ ਨਮਿਤ ਅੰਤਿਮ ਅਰਦਾਸ ਸਮੇਂ ਜਿਹੜਾ ਸਲੋਕ ਦਰਗਾਹੀ ਫੁਰਮਾਨ ਵਜੋਂ ਉਚਾਰਿਆ ਜਾਂਦਾ ਹੈ, ਉਹ ਵੀ ਗੁਰੂ ਅੰਗਦ ਦੇਵ ਜੀ ਰਚਿਤ ਹੈ। ਸਲੋਕ ਇਹ ਹੈ:
ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ।।
ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ।।
(ਗੁਰੂ ਗ੍ਰੰਥ ਸਾਹਿਬ, ਅੰਗ 1239)
ਗੁਰੂ ਅੰਗਦ ਦੇਵ ਜੀ ਰਚਿਤ ਸਲੋਕਾਂ ਦੀਆਂ ਤੁਕਾਂ ਲੋਕੋਕਤੀਆਂ ਵਾਂਗੂੰ ਸਿੱਖ ਸਮਾਜ ਵਿਚ ਆਮ ਵਰਤੀਆਂ ਜਾ ਰਹੀਆਂ ਹਨ। ਅਟੱਲ ਸੱਚਾਈਆਂ ਵੱਲ ਸੇਧਿਤ ਕੁਝ ਤੁਕਾਂ ਇਹ ਹਨ:
* ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ।।
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ।।
* ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ।।
(ਗੁਰੂ ਗ੍ਰੰਥ ਸਾਹਿਬ, ਅੰਗ 463)
* ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ।।
(ਗੁਰੂ ਗ੍ਰੰਥ ਸਾਹਿਬ, ਅੰਗ 466)
ਭਾਸ਼ਾ ਦੇ ਪੱਖ ਤੋਂ ਗੁਰੂ ਅੰਗਦ ਦੇਵ ਜੀ ਦੀ ਬਾਣੀ ਇਸ ਗੱਲੋਂ ਵਿਸ਼ੇਸ਼ ਹੈ ਕਿ ਇਹ ਮਾਝੀ ਵਿਚ ਲਿਖੀ ਗਈ ਹੈ। ਉਂਝ ਤਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਵੀ ਮਾਝੀ ਦੇ ਅੰਸ਼ ਮਿਲਦੇ ਹਨ, ਪਰ ਇਸ ਬਾਣੀ ਦਾ ਤਾਂ ਪਿੰਡਾ ਹੀ ਮਾਝੀ ਹੈ। ਇਉਂ ਗੁਰੂ ਅੰਗਦ ਦੇਵ ਜੀ ਮਾਝੀ ਉਪ-ਭਾਸ਼ਾ ਦੇ ਪਹਿਲੇ ਪ੍ਰਮਾਣਿਕ ਕਵੀ ਮੰਨੇ ਜਾ ਸਕਦੇ ਹਨ। ਨਗਰ ਯੋਜਨਾਬੰਦੀ ਅਤੇ ਨਗਰ ਉਸਾਰੀ ਵਿਚ ਵੀ ਦੂਜੇ ਗੁਰੂ ਜੀ ਦਾ ਅਹਿਮ ਯੋਗਦਾਨ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਸਾਇਆ, ਉਵੇਂ ਹੀ ਦੂਜੇ ਗੁਰੂ ਸਾਹਿਬ ਨੇ ਖਡੂਰ ਸਾਹਿਬ ਵਸਾਇਆ ਤੇ ਗੋਇੰਦਵਾਲ ਨੂੰ ਆਬਾਦ ਕਰਨ ਵਿਚ ਗੁਰੂ ਅਮਰਦਾਸ ਜੀ ਦੀ ਸਹਾਇਤਾ ਕੀਤੀ। ਗੁਰੂ ਅੰਗਦ ਦੇਵ ਜੀ ਦੀ ਦੇਣ ਦੀ ਉਪਮਾ ਮੱਧਕਾਲ ਦੇ ਤਕਰੀਬਨ ਸਾਰੇ ਸਿੱਖ ਸਾਹਿਤ ਵਿਚ ਮਿਲਦੀ ਹੈ।