ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ‘ਅਸ਼ਟਮ ਬਲਬੀਰਾ’, ‘ਬਾਲਾ ਪ੍ਰੀਤਮ’ ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ। ਆਪ ਨੇ ਸਾਵਣ ਵਦੀ 10 ਸੰਮਤ 1713, ਮੁਤਾਬਕ 7 ਜੁਲਾਈ 1656 ਨੂੰ ਪਿਤਾ ਸ੍ਰੀ ਗੁਰੂ ਹਰਿਰਾਏ ਸਾਹਿਬ ਤੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਗ੍ਰਹਿ ਕੀਰਤਪੁਰ ਸਾਹਿਬ ਵਿਖੇ ਅਵਤਾਰ ਧਾਰਿਆ। ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂਆਂ ਵਿੱਚੋਂ ਸਭ ਤੋਂ ਛੋਟੀ ਉਮਰ ਦੇ ਗੁਰੂ ਹੋਏ ਹਨ। ਭਾਈ ਨੰਦ ਲਾਲ ਜੀ ਲਿਖਦੇ ਹਨ : ‘‘ਗੁਰੂ ਹਰਿ ਕ੍ਰਿਸ਼ਨ ਆਂ ਹਮਾ ਫ਼ਜ਼ਲੋ ਜੂਦ, ਹੱਕਸ਼ ਅਜ਼ ਹਮਾ ਖ਼ਾਸਗਾਂ ਬ-ਸਤੂ॥’’।ਭਾਵ, ‘ਗੁਰੂ ਹਰਿਕ੍ਰਿਸ਼ਨ ਸਾਹਿਬ ਮਿਹਰ ਤੇ ਬਖ਼ਸ਼ਿਸ਼ ਦਾ ਰੂਪ ਹਨ ਅਤੇ ਰੱਬ ਦਾ ਆਪਣੇ ਸਾਰੇ ਖ਼ਾਸ ਨਿਕਟਵਰਤੀਆਂ ਵਿੱਚੋਂ ਸਭ ਤੋਂ ਵੱਧ ਸਾਲਾਹੁਣਯੋਗ ਹਨ।
ਆਪ ਦੇ ਵੱਡੇ ਭਰਾ ਰਾਮਰਾਏ ਗੁਰਬਾਣੀ ਦੀ ਤੁਕ ਬਦਲਣ ਕਾਰਨ ਪਿਤਾ ਗੁਰਦੇਵ ਦੇ ਮਨੋ ਲਹਿ ਗਏ ਸਨ। ਆਪ ਪੰਜ ਵਰ੍ਹਿਆ ਦੇ ਸਨ ਜਦ ਪਿਤਾ ਗੁਰਗੱਦੀ ਦੀ ਜ਼ਿੰਮੇਵਾਰੀ ਆਪ ਨੂੰ ਸੌਂਪ ਕੇ ਜੋਤੀ ਜੋਤ ਸਮਾ ਗਏ। ਆਪ ਦਾ ਹਿਰਦਾ ਬਡ਼ਾ ਕੋਮਲ ਸੀ।ਬੁੱਧੀ ਸ਼ੁਰੂ ਤੋਂ ਹੀ ਤੀਖਣ ਸੀ। ਔਰੰਗਜ਼ੇਬ ਦੇ ਦਿੱਲੀ ਬਲਾਉਣ ਤੇ ਆਪ ਨੇ ਦਿੱਲੀ ਆਉਣ ਤੋਂ ਨਾਂਹ ਕਰ ਦਿੱਤੀ ਪਰ ਸੰਗਤ ਦੇ ਬਲਾਉਣ ਤੇ ਝੱਟ ‘ਹਾਂ’ ਕਰ ਦਿੱਤੀ।
ਔਰੰਗਜ਼ੇਬ ਦੀ ਹਕੂਮਤ ਵੱਲੋਂ ਦਿੱਤੇ ਲੋਭ-ਲਾਲਚ ਤੇ ਡਰਾਵੇ ਨੂੰ ਸਵੀਕਾਰ ਨਾ ਕਰਨਾ, ਨਿਸਚੇ ਹੀ ‘ਬਲਬੀਰਾ’ ਦਾ ਚਮਤਕਾਰ ਹੈ। ਸੰਗਤ ਦੀ ਬੇਨਤੀ ਮੰਨ ਕੇ ਦੁੱਖ ਹਰਨ ਲਈ ਦਿੱਲੀ ਦੀ ਸੰਗਤ ਨਾਲ ਸਾਂਝ ਪਾ ਲੈਣਾ ਪਰ ਔਰੰਗਜ਼ੇਬ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦੇਣਾ ‘ਬਲਬੀਰਾ’ ਕਰਤੱਵ ਤੋਂ ਘੱਟ ਨਹੀਂ।।ਦਿੱਲੀ ਜਾਂਦਿਆਂ ਜਦ ਪੰਜੋਖਰੇ ਦੇ ਸਥਾਨ ’ਤੇ ਇਕ ਹੰਕਾਰੀ ਪੰਡਿਤ ਲਾਲ ਚੰਦ ਨੇ ਆਪ ਨੂੰ ਕਿਹਾ ਕਿ ‘ਆਪ ਤਾਂ ਸ੍ਰੀ ਕ੍ਰਿਸ਼ਨ ਤੋਂ ਵੀ ਵੱਡੇ ਬਣਦੇ ਹੋ, ਭਗਵਾਨ ਕ੍ਰਿਸ਼ਨ ਨੇ ਤਾਂ ਗੀਤਾ ਦੀ ਸਿਰਜਣਾ ਕੀਤੀ ਸੀ, ਤੁਸੀ ਕੇਵਲ ਉਸ ਦੇ ਅਰਥ ਹੀ ਕਰ ਵਿਖਾਉ।’ ਇਸ ’ਤੇ ਸਤਿਗੁਰੂ ਜੀ ਨੇ ਪਿੰਡ ਦੇ ਮੂਰਖ ਤੇ ਅਨਪਡ਼੍ਹ ਛੱਜੂ ਝੀਰ ਨੂੰ ਬੁਲਾ ਕੇ ਜਦ ਉਸ ਦੇ ਸਿਰ ਉੱਪਰ ਆਪਣੀ ਛਡ਼ੀ ਰੱਖੀ ਤਾਂ ਛੱਜੂ ਨੇ ਗੀਤਾ ਦੇ ਅਰਥ ਕਰ ਕੇ ਸੁਣਾ ਦਿੱਤੇ। ਹੰਕਾਰੀ ਪੰਡਿਤ ਨੇ ਮਾਫ਼ੀ ਮੰਗੀ ਤੇ ਗੁਰੂ ਦਾ ਸਿੱਖ ਬਣ ਗਿਆ।
ਦਿੱਲੀ ਪਹੁੰਚ ਕੇ ਆਪ ਨੇ ਰਾਜਾ ਜੈ ਸਿੰਘ ਦੇ ਬੰਗਲੇ (ਹੁਣ ਗੁਰਦੁਆਰਾ ਬੰਗਲਾ ਸਾਹਿਬ) ਵਿਚ ਨਿਵਾਸ ਕੀਤਾ, ਜਿੱਥੇ ਆਪ ਨੇ ਹੰਕਾਰੀਆਂ ਦੇ ਹੰਕਾਰ ਤੋਡ਼ੇ ਤੇ ਰੋਗੀਆਂ ਦੇ ਰੋਗ ਦੂਰ ਕੀਤੇ। ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਿੱਲੀ ਠਹਿਰਨ ਸਮੇਂ ਚੇਚਕ ਦੀ ਬਿਮਾਰੀ ਮਹਾਮਾਰੀ ਦਾ ਰੂਪ ਧਾਰ ਗਈ। ਇਹ ਉਸ ਸਮੇਂ ਲਾਇਲਾਜ਼ ਬਿਮਾਰੀ ਸੀ। ਗੁਰੂ ਜੀ ਆਪ ਰੋਗੀਆਂ ਕੋਲ ਜਾ ਕੇ ਉਨ੍ਹਾਂ ਦਾ ਇਲਾਜ ਤੇ ਸੇਵਾ ਕਰਦੇ ਸਨ। ਇਸ ਦੌਰਾਨ ਇਕ ਦਿਨ ਅਚਾਨਕ ਗੁਰੂ ਜੀ ਨੂੰ ਤੇਜ਼ ਬੁਖ਼ਾਰ ਹੋ ਗਿਆ, ਜੋ ਚੇਚਕ ਵਿਚ ਬਦਲ ਗਿਆ। ਗੁਰੂ ਜੀ ਨੇ ਜਿਵੇਂ ਸਾਰੇ ਸ਼ਹਿਰ ਦੀ ਬਿਮਾਰੀ ਆਪਣੇ ਉੱਪਰ ਲੈ ਲਈ ਹੋਵੇ। ਪਿੰ੍ਰ. ਸਤਿਬੀਰ ਸਿੰਘ ਪੁਸਤਕ ‘ਸੌ ਸਵਾਲ’ ਵਿਚ ਲਿਖਦੇ ਹਨ ਕਿ ਮਾਤਾ ਜੀ ਨੇ ਗੁਰੂ ਸਾਹਿਬ ਨੂੰ ਆਖਿਆ ਕਿ ‘ਤੁਸੀ ਗੁਰੂ ਨਾਨਕ ਦੇਵ ਜੀ ਦੀ ਗੱਦੀ ’ਤੇ ਬੈਠ ਕੇ ਅਨੰਦ ਵੰਡ ਰਹੇ ਸੀ, ਹੁਣ ਇਤਨੀ ਛੇਤੀ ਨਿਰਣਾ ਕਿਉਂ ਲਿਆ ਜੇ, ਜਿਸ ਵੱਲ ਤੁਹਾਡੀ ਦ੍ਰਿਸ਼ਟੀ ਪੈਂਦੀ ਹੈ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਜਿਸ ਦ੍ਰਿਡ਼ਤਾ ਨਾਲ ਤੁਸੀਂ ਗੁਰੂ ਜੋਤ ਦਾ ਪ੍ਰਕਾਸ਼ ਕਰ ਰਹੇ ਸੀ, ਸਭ ਧੰਨ-ਧੰਨ ਆਖ ਰਹੇ ਸਨ। ਇਸ ਤਰ੍ਹਾਂ ਨਾ ਵਿਚਰੋ।’।ਇਸ ਤੇ ਗੁਰੂ ਜੀ ਨੇ ਫੁਰਮਾਇਆ, ‘ਮਾਤਾ ਜੀ, ਇਹ ਸਭ ਵਿਧਾਤਾ ਦੇ ਲਿਖੇ ਅਨੁਸਾਰ ਹੋ ਰਿਹਾ ਹੈ। ਉਸੇ ਨੇ ਉਘਡ਼ਨਾ ਹੈ। ਗੁਰੂ ਨਾਨਕ ਦੀ ਗੱਦੀ ਨੂੰ ਕੋਈ ਹਿਲਾ ਨਹੀਂ ਸਕਦਾ। ਇਹ ਸੁੱਚੀ ਤੇ ਖਰੀ ਗੱਦੀ ਹੈ ਅਤੇ ਹਮੇਸ਼ਾ ਸੁੱਖ ਵੰਡਦੀ ਰਹੇਗੀ।’
ਗੁਰੂ ਜੀ ਨੇ ਆਪਣਾ ਟਿਕਾਣਾ ਰਾਜਾ ਜੈ ਸਿੰਘ ਦੇ ਬੰਗਲੇ ਤੋਂ ਬਦਲ ਕੇ ਜਮਨਾ ਦੇ ਕੰਢੇ ਲੈ ਆਂਦਾ। ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤਾ ਕਿ ਸਾਡਾ ਜੋਤੀ-ਜੋਤ ਸਮਾਉਣ ਦਾ ਸਮਾਂ ਨੇਡ਼ੇ ਆ ਗਿਆ ਹੈ। ਉਨ੍ਹਾਂ ‘ਬਾਬੇ ਬਕਾਲੇ’ ਆਖ ਕੇ ਅਗਲੇ ਗੁਰੂ ਸਾਹਿਬ ਬਾਰੇ ਸੰਕੇਤ ਦਿੱਤੀ ਤੇ।ਅੰਤ 30 ਮਾਰਚ 1664 ਨੂੰ ਜੋਤੀ-ਜੋਤ ਸਮਾ ਗਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਭਗਉਤੀ ਕੀ ਵਾਰ ਪਾਤਸ਼ਾਹੀ ਦਸਵੀਂ ਦੀ ਪਹਿਲੀ ਪਉਡ਼ੀ ਵਿਚ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਰੇ ਫੁਰਮਾਇਆ ਹੈ : ‘‘ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭਿ ਦੁਖ ਜਾਇ॥’’