Sri Guru Gobind Singh Ji: ਸ੍ਰੀ ਗੁਰੂ ਗੋਬਿੰਦ ਸਿੰਘ ਜੀ (Sri Guru Gobind Singh Ji) ਦਾ ਪ੍ਰਕਾਸ਼ 1666 ਈਸਵੀ ਨੂੰ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਹੋਇਆ। ਸ੍ਰੀ ਗੁਰੂ ਤੇਗ ਬਹਾਦਰ ਜੀ ਉਸ ਵੇਲੇ ਸਿੱਖੀ ਦੇ ਪ੍ਰਚਾਰ ਲਈ ਦੇਸ਼ ਭਰ ਦੀ ਯਾਤਰਾ ਕਰ ਰਹੇ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪਰਿਵਾਰ ਨੂੰ ਪਟਨਾ ਸਾਹਿਬ ਵਿਖੇ ਠਹਿਰਾਇਆ ਅਤੇ ਆਪ ਅੱਗੇ ਆਸਾਮ ਵੱਲ ਚੱਲੇ ਗਏ ਸਨ।
ਗੁਰੂ ਜੀ ਜਦੋਂ ਢਾਕਾ (ਬੰਗਲਾਦੇਸ਼) ਵਿਖੇ ਪਹੁੰਚੇ ਸਨ ਤਾਂ ਉਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ ਸੂਚਨਾ ਮਿਲੀ ਸੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕੇਵਲ ਕੁੱਝ ਸਾਲਾਂ ਦੀ ਹੀ ਸੀ, ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਾਪਸ ਆ ਕੇ ਆਪਣੇ ਪੁੱਤਰ ਤੇ ਪਰਿਵਾਰ ਨੂੰ ਸ੍ਰੀ ਆਨੰਦਪੁਰ ਸਾਹਿਬ ਬੁਲਾ ਲਿਆ ਸੀ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ, ਉਸ ਵੇਲੇ ਔਰੰਗਜੇਬ ਦਾ ਜ਼ਬਰ, ਜ਼ੁਲਮ ਤੇ ਅੱਤਿਆਚਾਰ ਸਭ ਹੱਦਾਂ ਬੰਨ੍ਹੇ ਟੱਪ ਗਿਆ ਸੀ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਧਰਮ ਪ੍ਰਚਾਰ ਦੌਰੇ ਲੋਕਾਂ ਵਿਚ ਢਾਰਸ ਦੇਣ ਦਾ ਕੰਮ ਕਰ ਰਹੇ ਸਨ। ਦੇਸ਼ ਦੇ ਬਾਦਸ਼ਾਹ ਔਰੰਗਜੇਬ ਨੇ ਉਸ ਵੇਲੇ ਦੇਸ਼ ਭਰ ਦੇ ਆਪਣੇ ਸਾਰੇ ਗਵਰਨਰਾਂ ਨੂੰ ਇਹ ਹੁਕਮ ਜਾਰੀ ਕਰ ਦਿੱਤਾ ਸੀ ਕਿ ਹਿੰਦੂਆਂ ਦੇ ਸਾਰੇ ਮੰਦਰ ਅਤੇ ਸਕੂਲ ਢਾਹ ਦਿੱਤੇ ਜਾਣ। ਇਨ੍ਹਾਂ ਹੁਕਮਾਂ ਨੂੰ ਸਾਰੇ ਗਵਰਨਰਾਂ ਵਲੋਂ ਬੜੀ ਸਖ਼ਤੀ ਨਾਲ ਲਾਗੂ ਕੀਤਾ ਜਾਣ ਲੱਗ ਪਿਆ। ਉਸ ਸਮੇਂ ਕਸ਼ਮੀਰ ਦਾ ਗਵਰਨਰ ਇਫ਼ਤਖ਼ਾਰ ਖ਼ਾਂ ਸੀ, ਜਿਸ ਨੇ ਬਾਦਸ਼ਾਹ ਦੇ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਦੀ ਅੱਤ ਹੀ ਚੁੱਕ ਲਈ। ਕਸ਼ਮੀਰ ਵਿਚ ਮੰਦਰ ਢਾਹੇ ਜਾਣ ਲੱਗੇ ਅਤੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਣ ਲੱਗ ਪਿਆ। ਜਦੋਂ ਅੱਤਿਆਚਾਰ ਸਭ ਹੱਦਾਂ ਬੰਨ੍ਹੇ ਟੱਪ ਗਿਆ ਤਾਂ ਕਸ਼ਮੀਰੀ ਪੰਡਿਤਾਂ ਦਾ ਇਕ 16 ਮੈਂਬਰੀ ਵਫਦ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੁੱਜਾ ਤਾਂ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਅੱਗੇ ਇਸ ਜ਼ੁਲਮ ਦੇ ਵਿਰੁੱਧ ਫਰਿਆਦ ਕੀਤੀ ਜਾ ਸਕੇ।
ਸ੍ਰੀ ਆਨੰਦਪੁਰ ਸਾਹਿਬ ਵਿਖੇ ਰਹਿੰਦਿਆਂ ਵੀ ਪਹਾੜੀ ਰਾਜਿਆਂ ਨੇ ਗੁਰੂ ਜੀ ਨਾਲ ਲੜਾਈ ਝਗੜਾ ਜਾਰੀ ਰੱਖਿਆ ਪਰ ਜਿੱਤ ਹਮੇਸ਼ਾ ਗੁਰੂ ਜੀ ਦੀ ਹੀ ਹੁੰਦੀ ਰਹੀ। ਅਖੀਰ 1704 ਈਸਵੀ ਨੂੰ ਜਦੋਂ ਗੁਰੂ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ ਤਾਂ ਮੁਗਲ ਫੌਜਾਂ ਨੇ ਪਿੱਛੋਂ ਹਮਲਾ ਕਰ ਦਿੱਤਾ, ਜਿਸ ਕਰਕੇ ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ। ਚਮਕੌਰ ਸਾਹਿਬ ਇਕ ਕੱਚੀ ਗੜ੍ਹੀ ਵਿਚ ਗੁਰੂ ਜੀ ਨੇ ਆਪਣੇ 40 ਸਿੰਘਾਂ ਸਮੇਤ 10 ਲੱਖ ਮੁਗਲ ਫੌਜ ਦਾ ਟਾਕਰਾ ਕੀਤਾ। ਇਥੇ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸ਼ਹੀਦ ਹੋਏ।
ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਜੀ ਨੂੰ ਸਰਹਿੰਦ ਦੇ ਸੂਬੇ ਵਜੀਰ ਖ਼ਾਨ ਦੇ ਹੁਕਮ ’ਤੇ ਜ਼ਿੰਦਾ ਨੀਂਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ। ਬਾਅਦ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਪੰਜਾਬ ਆ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ। ਗੁਰੂ ਜੀ ਨੇ ਸਾਬੋ ਕੀ ਤਲਵੰਡੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਨਰ ਸੰਪਾਦਨ ਕੀਤਾ ਅਤੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਦਰਜ ਕੀਤਾ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (29 ਅਕਤੂਬਰ, 2022)
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ:
Android: https://bit.ly/3VMis0h