ਕੜਾਕੇ ਦੀ ਸਰਦੀ ਦੇ ਆਲਮ ਹੇਠ ਪੋਹ ਮਹੀਨਾ ਦਸਤਕ ਦੇ ਰਿਹਾ ਸੀ। ਕਈ ਮਹੀਨਿਆਂ ਤੋਂ ਕਿਲ੍ਹਾ ਅਨੰਦਗੜ੍ਹ ਨੂੰ ਪਿਆ ਘੇਰਾ ਦਿਨ ਪ੍ਰਤੀ ਦਿਨ ਮਜ਼ਬੂਤ ਹੋ ਰਿਹਾ ਸੀ। ਕਿਲ੍ਹੇ ਅੰਦਰ ਬਾਹਰੋਂ ਆਉਣ ਵਾਲੇ ਰਾਸ਼ਨ ਦੀ ਆਮਦ ਬੰਦ ਸੀ ਤੇ ਉੱਥੇ ਮੌਜੂਦ ਲੋੜੀਂਦਾ ਸਾਮਾਨ ਖ਼ਤਮ ਹੋਣ ਦੀ ਕਗਾਰ ’ਤੇ ਸੀ। ਸਮੇਂ ਦੀ ਰਾਜਨੀਤੀ ਦਾ ਸੰਗੀਨ ਪੱਖ, ਮਾਤਾ ਗੁਜਰੀ ਜੀ ਤੇ ਸਾਥੀ ਸਿੰਘ ਗੁਰੂ ਜੀ ਨੂੰ ਕਿਲ੍ਹਾ ਛੱਡਣ ਲਈ ਆਖ ਰਹੇ ਸਨ ਪਰ ਗੁਰੂ ਜੀ ਦੀ ਦੁੂਰ-ਅੰਦੇਸ਼ੀ ਕਿ ਮਹਿਜ਼ ਕਿਲੇ੍ਹ ਨੂੰ ਤਿਲਾਂਜਲੀ ਦੇ ਕੇ ਤੁਰ ਜਾਣਾ ਹੀ ਸਰਕਾਰੀ ਜਬਰ ਤੋਂ ਮੁਕਤੀ ਨਹੀਂ ਦਿਵਾ ਸਕਦਾ।
ਮੁਗ਼ਲ ਸਲਤਨਤ ਤੇ ਬਾਈਧਾਰ ਦੇ ਪਹਾੜੀ ਰਾਜਿਆਂ ਦੇ ਫ਼ਿਰਕਾਪ੍ਰਸਤ ਤੇ ਮੌਕਾਪ੍ਰਸਤ ਗਠਜੋੜ ਕੁਰਾਨ-ਏ-ਪਾਕ ਤੇ ਮੁਕੱਦਸ ਗੀਤਾ ਦੀਆਂ ਚੁੱਕੀਆਂ ਸਹੁੰਆਂ ਨੂੰ ਸਿਰੋਂ ਕਲਮ ਕਰਨ ਲੱਗਿਆਂ ਪਲ ਨਹੀਂ ਲਾਵੇਗਾ। ਉਨ੍ਹਾਂ ਕੁਝ ਦਿਨ ਪਹਿਲਾਂ ਕਿਲ੍ਹਾ ਛੱਡਣ ਦਾ ਫ਼ਰਜ਼ੀ ਨਾਟਕ ਕਰ ਕੇ ਸਰਕਾਰੀ ਕੂਟਨੀਤੀ ਨੂੰ ਖ਼ੁਦ ਬੇਨਕਾਬ ਹੁੰਦਿਆਂ ਵੇਖ ਲਿਆ ਸੀ।ਗੁਰੂ ਜੀ ਇਸ ਇਲਮ ਪ੍ਰਤੀ ਵੀ ਜਾਣੂ ਸਨ ਕਿ ਕਿਲ੍ਹਾ ਛੱਡ ਕੇ ਅਣਡਿੱਠ ਤੇ ਅਸਗਾਹ ਮੰਜ਼ਿਲਾਂ ਦਾ ਜੋਖਮਗ੍ਰਸਤ ਪੰਧ ਡਾਹਢਾ ਬਿਖੜਾ ਤੇ ਕੰਡਿਆਲਾ ਹੋਵੇਗਾ। ਇਸ ਦੇ ਬਾਵਜੂਦ ਪੰਥ ਦੇ ਪਿਤਾ ਦਾ ਅਗੰਮੀ ਤੇ ਬੇਜੋੜ ਵਿਸ਼ਵਾਸ ਕਾਦਰ ਦੀ ਕੁਦਰਤ ਨਾਲ ਜੁੜਿਆ ਸੀ। ਉਨ੍ਹਾਂ 6 ਤੇ 7 ਪੋਹ ਦੀ ਦਰਮਿਆਨੀ ਰਾਤ ਨੂੰ ਕਿਲ੍ਹਾ ਛੱਡਣ ਦੀ ਤਜਵੀਜ਼ ਤਸਦੀਕ ਕਰ ਕੇ ਜਿਉਂ ਹੀ ਕਿਲ੍ਹੇ ’ਚੋਂ ਚਾਲੇ ਪਾਏ ਤਾਂ ਅਖੌਤੀ ਖ਼ੁਦਾਪ੍ਰਸਤਾਂ ਨੇ ਪਾਕ ਕਸਮਾਂ ਦੇ ਸੀਨੇ ਨਾਪਾਕ ਖੰਜਰ ਖੋਭਦਿਆਂ ਗੁਰੂ ਜੀ ਦੇ ਸ਼ਾਂਤਮਈ ਤਰੀਕੇ ਨਾਲ ਚਲੇ ਕਾਫ਼ਲੇ ’ਤੇ ਆ ਹਮਲਾ ਬੋਲਿਆ। ਸਰਸਾ ਪਹੁੰਚਣ ਤਕ ਕਈ ਹਮਲੇ ਕਰ ਕੇ ਕਾਫ਼ਲੇ ਨੂੰ ਅਲੱਗ-ਥਲੱਗ ਕਰਨ ਦੀਆਂ ਮਨਸੂਬੇ ਭਰਪੂਰ ਕੋਸ਼ਿਸ਼ਾਂ ਕੀਤੀਆਂ ਪਰ ਸਿੰਘਾਂ ਦੇ ਜੰਗਜੂ ਕਰਤੱਬ, ਜ਼ਾਬਾਂਜ਼ ਯੁੱਧਨੀਤੀ ਨੇ ਹਾਕਮ ਧਿਰ ਨੂੰ ਕਾਫ਼ਲੇ ਦੇ ਲਾਗੇ ਨਾ ਫਟਕਣ ਦਿੱਤਾ। ਇਸ ਦੌਰਾਨ ਗੁਰੂ ਜੀ ਦੇ ਕਾਫ਼ਲੇ ’ਚੋਂ ਭਾਈ ਉਦੈ ਸਿੰਘ ਸਣੇ ਕਈ ਸਿਰਲੱਥ ਯੋਧੇ ਸ਼ਹੀਦੀ ਪੈਂਡਿਆਂ ਵੱਲ ਵੀ ਹੋ ਤੁਰੇ। ਸਰਸਾ ਕਿਨਾਰੇ ਪਹੁੰਚਣ ਤਕ ਭਾਰੀ ਲਸ਼ਕਰ ਗੁਰੂ ਜੀ ਦੇ ਕਾਫ਼ਲੇ ’ਤੇ ਟੁੱਟ ਪਿਆ।
ਵਕਤ ਦੇ ਲਹੂ ਭਿੱਜੇ ਦੌਰ ’ਚ ਗੁਰੂ ਤੇ ਗੁਰੂਕਿਆਂ ਦੇ ਸਿਦਕ ਦੀ ਪਰਖ ਬੇਮੌਸਮੀ ਬਰਸਾਤ ਵੀ ਕਰ ਰਹੀ ਸੀ। ਸਿੰਘਾਂ ਦੀ ਸਿਦਕਦਿਲੀ ਤੇ ਨਿਰਸਵਾਰਥ ਯੁੱਧ ਨੀਤੀ ਬਾਰਸ਼ਗ੍ਰਸਤ ਅੰਧਕਾਰ ਰਾਤ ਦੇ ਆਲਮ ’ਚ ਹਕੂਮਤ ਦੀ ਫ਼ੌਜ ਨੂੰ ਖ਼ੂਬ ਲੋਹੇ ਦੇ ਚਣੇ ਚਬਾਏ। ਬਹੁਤੇ ਸਿੰਘ ਦੁਸ਼ਮਣ ਦਲਾਂ ਨਾਲ ਲੋਹਾ ਲੈਂਦੇ ਸ਼ਹੀਦ ਵੀ ਹੋਏ ਤੇ ਇਕ ਹਿੱਸਾ ਕਾਫ਼ਲਾ ਸਰਸਾ ਦੇ ਆਦਮਖੋਰ ਵੇਗ ਨੂੰ ਚੀਰ ਕੇ ਅਗਾਂਹ ਵਧਣ ’ਚ ਸਫਲ ਹੋ ਗਿਆ। ਬੇਸ਼ੁਮਾਰ ਸਿੱਖ ਫ਼ੌਜ ਨੂੰ ਸਰਸਾ ਦਾ ਹੜ੍ਹ ਆਪਣੇ ਆਗੋਸ਼ ’ਚ ਹੜਾ ਕੇ ਲੈ ਗਿਆ।ਗੁਰੂ ਜੀ ਦਾ ਰਚਿਤ ਸਾਹਿਤ, ਬਹੁ-ਕੀਮਤੀ ਪੁਰਾਤਨ ਤੇ ਇਤਿਹਾਸਕ ਗ੍ਰੰਥ ਤੇ ਹੋਰ ਵਡਮੁੱਲਾ ਖ਼ਜ਼ਾਨਾ ਸਰਸਾ ਦੀ ਭੇਟ ਹੋ ਗਿਆ ਜਾਂ ਇਹ ਕਹਿ ਲਈਏ ਕਿ ਗੁਰੂ ਜੀ ਦੀਆਂ ਜਿਨ੍ਹਾਂ ਬੇਨਾਮ ਲਿਖਤਾਂ ਨੇ ਸਿੱਖਾਂ ਦੀਆਂ ਨਸਲਾਂ ਲਈ ਹਸ਼ਰ ਤਕ ਮਾਰਗ ਦਰਸ਼ਕ ਬਣ ਕੇ ਅਗਿਆਨਤਾ ਦੇ ਹਨੇਰੇ ਰਾਹ ਰੁਸ਼ਨਾਉਣੇ ਸਨ, ਉਨ੍ਹਾਂ ਤੋਂ ਸਿੱਖ ਨਸਲਾਂ ਸਦੀਵੀ ਕਾਲ ਤਕ ਵਿਰਵੀਆਂ ਹੋ ਗਈਆਂ। ਤਾਰੀਖ ਦਾ ਇਕ ਪੱਖ ਕਿਤੇ-ਕਿਤੇ ਤਰਕ ਵਿੱਦਿਆ ਦੱਸਦਾ ਹੈ ਕਿ ਇਸ ਤੋਂ ਪਹਿਲਾਂ ਤੇ ਨਾ ਹੀ ਇਸ ਤੋਂ ਬਾਅਦ ਕਦੇ ਅਜਿਹਾ ਭਿਆਨਕ ਹੜ੍ਹ ਸਰਸਾ ਨਦੀ ’ਚ ਕਦੇ ਵੀ ਨਹੀਂ ਆਇਆ ਜਿਹਾ ਕਿ ਉਸ ਰਾਤ ਆਇਆ ਸੀ। ਇਸ ਲਾਸਾਨੀ ਮੱੁਠਭੇੜ ਨੇ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ’ਚ ਤਕਸੀਮ ਕਰ ਦਿੱਤਾ।
ਇਕ ਪਾਸੇ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਸਰਸਾ ਕਿਨਾਰੇ ਪੱਛਮ ਵੱਲ ਹੋ ਤੁਰੇ। ਗੁਰੂ ਦੇ ਮਹਿਲ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਭਾਈ ਗਨੀ ਸਿੰਘ ਜੀ ਨਾਲ ਦਿੱਲੀ ਵੱਲ ਰਵਾਨਾ ਹੋ ਗਏ। ਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਨਾਲ ਤੇਜ਼ ਵਹਾਅ ਸਰਸਾ ਨੂੰ ਪਾਰ ਕਰ ਕੇ ਰੋਪੜ ਵੱਲ ਲੰਘ ਗਏ। ਗੁਰੂ ਜੀ ਨੇ ਆਪਣੇ ਵਫ਼ਾਪ੍ਰਸਤ ਅਤੇ ਅੱਲ੍ਹਾ ਦੇ ਸਿਧਾਂਤ ਦੇ ਪਹਿਰੇਦਾਰ ਨਿਹੰਗ ਖਾਂ ਦੇ ਕਿਲ੍ਹੇ ’ਚ ਤਸ਼ਰੀਫ਼ ਲਿਆਉਣ ਉਪਰੰਤ ਥੋੜੇ੍ਹ ਅਰਸੇ ਬਾਅਦ ਅਗਲੇ ਪੰਧ ਵੱਲ ਚਾਲੇ ਪਾ ਦਿੱਤੇ ਅਤੇ ਬ੍ਰਾਹਮਣ ਮਾਜਰਾ, ਬੂਰ ਮਾਜਰਾ ਆਦਿ ਪਿੰਡਾਂ ’ਚੋਂ ਪੈਂਡਾ ਸਰ ਕਰਦਿਆਂ ਚੌਧਰੀ ਬੁੱਧੀ ਚੰਦ ਦੀ ਕੱਚੀ ਗੜ੍ਹੀ ’ਚ ਜਾ ਕੇ ਮੁਕਾਮ ਕੀਤਾ। ਉਨ੍ਹਾਂ ਦਾ ਪਿੱਛਾ ਕਰਦੀ ਲੱਖਾਂ ਦੀ ਫ਼ੌਜ ਨੇ ਗੜੀ ਨੂੰ ਘੇਰਾ ਪਾ ਲਿਆ। ਇਸ ਮੌਕੇ ਗੜੀ ਦੀਆਂ ਕੱਚੀਆਂ ਕੰਧਾਂ ’ਚ ਮਜ਼ਬੂਤ ਇਰਾਦੇ ਵਾਲੇ 40 ਸਿੰਘ ਨਾਲ ਸਨ। ਉਹ ਗ਼ੈਰ-ਮਹਿਫ਼ੂਜ਼ ਹੋਣ ਦੇ ਬਾਵਜੂਦ ਜੂਝ ਮਰਨ ਦਾ ਸੰਕਲਪ ਜ਼ਿਹਨ ’ਚ ਲੈ ਕੇ ਹਰ ਖ਼ਤਰੇ ਦਾ ਮੂੰਹ ਮੋੜਨ ਲਈ ਬਹਿਬਲ ਸਨ।
ਅੰਤ ਗੁਰੂ ਜੀ ਦੀ ਤੀਬਰ ਉਡੀਕ ਨੂੰ ਖ਼ਤਮ ਕਰ ਕੇ ਉਸ ਘੜੀ ਨੇ ਦਸਤਕ ਦਿੱਤੀ, ਜਿਸ ਦਾ ਇੰਤਜ਼ਾਰ ਗੁਰੂ ਜੀ ਨੂੰ ਲੰਬੇ ਅਰਸੇ ਤੋਂ ਸੀ। ਕਦੇ 9 ਵਰ੍ਹਿਆਂ ਦੀ ਉਮਰ ’ਚ ਆਪਣੇ ਪਿਤਾ ਅਤੇ ਨੌਵੇਂ ਨਾਨਕ ਨੂੰ ਗੁਰੂ ਜੀ ਨੇ ਆਪਣੇ ਪਿਤਾ ਨੂੰ ਤਿਲਕ ਜੰਝੂ ਦੀ ਹਿਫ਼ਾਜ਼ਤ ਲਈ ਹੱਥੀਂ ਤੋਰਿਆ ਸੀ, ਅੱਜ ਧਰਮ ਨਿਰਪੱਖਤਾ ਦਾ ਓਹੀ ਸਿਧਾਂਤ ਇਕ ਪਿਤਾ ਨੂੰ ਹਿੰਦ ਦੀ ਆਬੋ ਅਜ਼ਮਤ ਲਈ ਪੁੱਤਰਾਂ ਨੂੰ ਸਵੈ ਤੋਰਨ ਲਈ ਆਖ ਰਿਹਾ ਸੀ।
ਗੁਰੂ ਜੀ ਨੇ ਹੱਥੀਂ ਵੱਡੇ ਸਾਹਿਬਜ਼ਾਦੇ ਦੇ ਗੁੱਟਾਂ ’ਤੇ ਸ਼ਹੀਦੀ ਗਾਨੇ ਬੰਨ੍ਹ ਕੇ ਲਾੜੀ ਮੌਤ ਵਿਆਹੁਣ ਲਈ ਖ਼ੁਸ਼ੀ-ਖ਼ੁਸ਼ੀ ਤੋਰੇ ਤੇ ਲਹੂ ਵੀਟਵੀਂ ਜੰਗ ਦਾ ਉਹ ਖ਼ੂਨੀ ਮੰਜ਼ਰ ਅੱਖੀਂ ਤੱਕਿਆ ਜਦੋਂ ਰਣਤੱਤੇ ’ਚ ਜੂਝ ਕੇ ਵੱਡੇ ਲਾਲਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਗੁਰੂ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਕੇ ਖ਼ੁਸ਼ੀ ’ਚ ਜੈਕਾਰੇ ਛੱਡੇ। ਮੈਦਾਨੇ ਜੰਗ ’ਚ ਮੌਜੂਦ 4 ਮੁਗ਼ਲ ਹਾਕਮਾਂ ਤੇ ਪਹਾੜੀ ਰਾਜਿਆਂ ਦੇ ਮੁੱਖ ਕੂਟਨੀਤੀਵਕਤਾ ਕਮਾਂਡਰਾਂ ਨੂੰ ਚਾਰ ਚਿੱਠੀਆਂ ਚਾਰ ਤੀਰਾਂ ਨਾਲ ਬੰਨ੍ਹ ਕੇ ਭੇਜੀਆਂ ਜੋ ਅਤਿ ਖ਼ੌਫ਼ਨਾਕ ਮੰਜ਼ਰ ਹੰਢਾਉਣ ਦੇ ਬਾਵਜੂਦ ਗੁਰੂ ਜੀ ਦੀ ਚੜ੍ਹਦੀ ਕਲਾ ਦਾ ਪ੍ਰਮਾਣ ਦੇ ਰਹੀਆਂ ਸਨ।
ਇਸ ਦੌਰਾਨ ਗੁਰੂ ਜੀ ਨੂੰ ਪੰਜ ਸਿੰਘਾਂ ਨੇ ਪੰਜ ਪਿਆਰਿਆਂ ਦੀ ਹੈਸੀਅਤ ’ਚ ਗੁਰੂ ਜੀ ਨੂੰ ਕਿਲ੍ਹਾ ਛੱਡਣ ਦਾ ਜੋ ਹੁਕਮ ਸੁਣਾਇਆ, ਉਹ ਗੁਰੂ ਜੀ ਲਈ ਸਿਧਾਂਤਕ ਮਜਬੂਰੀ ਬਣ ਗਿਆ। ਉਨ੍ਹਾਂ ਸਿਰੋਂ ਕਲਗੀ ਤੋੜਾ ਲਾਹ ਕੇ ਆਪਣੇ ਵਫ਼ਾਪ੍ਰਸਤ ਤੇ ਹਮਸ਼ਕਲ ਆਪਾ ਵਾਰ ਸਿੱਖ ਭਾਈ ਸੰਗਤ ਸਿੰਘ ਦੇ ਸੀਸ ’ਤੇ ਸਜਾ ਦਿੱਤੀ ਤੇ ਖ਼ੁਦ ਤਾੜੀ ਮਾਰ ਦੇ ਲਹਿੰਦੀ ਕੂਟ ਵੱਲ ਹੋ ਤੁਰੇ। ਗੜੀ ਚਮਕੌਰ ਤੋਂ ਲੈ ਕੇ ਮਾਛੀਵਾੜੇ ਤਕ ਦਾ ਸਫ਼ਰ ਸੰਤ ਸਿਪਾਹੀ ਨੇ ਦਰਵੇਸ਼ ਬਣ ਹੰਢਾਇਆ। ਗਨੀ ਤੇ ਨਬੀ ਖ਼ਾਨ ਜਿਹੇ ਅੱਲ੍ਹਾਪ੍ਰਸਤ ਮੁਸਲਮਾਨਾਂ ਨੇ ਗੁਰੂ ਜੀ ਨਾਲ ਵਫ਼ਾ ਨਿਭਾਉਂਦਿਆਂ ਮਨੁੱਖਤਾ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ।
ਦੂਜੇ ਪਾਸੇ ਸਰਸਾ ਨਦੀ ’ਤੇ ਪਰਿਵਾਰ ਵਿਛੋੜਾ ਪੈਣ ਉਪਰੰਤ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਸਣੇ ਗੰਗੂ ਦੀਆਂ ਗਦਾਰੀਆਂ ਦਾ ਜੋਖਮ ਹੰਢਾਉਂਦੇ ਹੋਏ ਮੁਗ਼ਲ ਸਲਤਨਤ ਦੀ ਕੈਦ ’ਚ ਠੰਢੇ ਬੁਰਜ ਜਾ ਕੈਦ ਹੋਏ। ਛੋਟੇ ਸਾਹਿਬਜ਼ਾਦਿਆਂ ਦੀਆਂ ਸੂਬਾ ਸਰਹਿੰਦ ਵਜ਼ੀਦਖ਼ਾਨ ਦੀ ਕਚਹਿਰੀ ਹੋਈਆਂ ਪੇਸ਼ੀਆਂ ’ਚ ਲੋਭ ਲਾਲਚ ਤੇ ਜਾਨੋੋਂ ਮਾਰਨ ਦੀਆਂ ਧਮਕੀਆਂ ਦਾ ਸਿਲਸਿਲਾ ਜਦੋਂ ਨੰਨੀਆਂ ਜ਼ਿੰਦਾ ਨੂੰ ਅਕੀਦੇ ਤੋਂ ਨਾ ਥਿੜਕਾ ਸਕਿਆ ਤਾਂ ਲੋਕਾਈ ਦੇ ਸਰਵੋਤਮ ਸਾਕੇ ਦੀ ਸਰਹਿੰਦ ਦੀ ਹਿੱਕ ’ਤੇ ਉਕਰੀ ਖ਼ੂਨੀ ਇਬਾਰਤ ਮੁਗ਼ਲ ਸਲਤਨਤ ਦੇ ਮੱਥੇ ਉੱਤੇ ਸਦੀਆਂ ਤਕ ਰਹਿਣ ਵਾਲਾ ਕਲੰਕ ਲਾ ਗਈ।
ਨਵਾਬ ਮਲੇਰਕੋਟਲਾ ਨੇ ਹਾਅ ਦਾ ਨਾਅਰਾ ਮਾਰਿਆ ਤੇ ਸੁੱਚਾ ਨੰਦ ਨੇ ਸਿਆਸੀ ਤੇ ਫ਼ਿਰਕੂ ਪੱਖ ਤੋਂ ਨੇਸਤੋ ਨਾਬੂਦ ਕਰ ਦਿੱਤਾ। ਬਾਬਾ ਮੋਤੀ ਰਾਮ ਮਹਿਰਾ ਨੇ ਗੁਰੂ ਲਾਲਾਂ ਨੂੰ ਦੁੱਧ ਪਿਆ ਕੇ ਨਿਸ਼ਕਾਮ ਖਿਦਮਤ ਕੀਤੀ ਜੋ ਉਨ੍ਹਾਂ ਦੇ ਸਮੁੱਚੇ ਪਰਿਵਾਰ ਉੱਤੇ ਸਰਕਾਰੀ ਕਹਿਰ ਹੋ ਨਿੱਬੜੀ। ਦੀਵਾਨ ਟੋਡਰ ਮੱਲ ਨੇ ਖੜ੍ਹੀਆਂ ਮੋਹਰਾਂ ਵਿਛਾ ਕੇ ਗੁਰੂ ਲਾਲਾਂ ਤੇ ਮਾਤਾ ਜੀ ਦੇ ਸਸਕਾਰ ਲਈ ਥਾਂ ਖ਼ਰੀਦੀ ਜੋ ਉਸ ਨੂੰ ਲੋਕਾਈ ਦਾ ਨਾਇਕ ਬਣਾ ਗਈ। ਇਸ ਬੇਨਜ਼ੀਰ ਤੇ ਦਿਲਕੰਬਾਊ ਸਾਕੇ ਦਾ ਖਮਿਆਜ਼ਾ ਮੁਗ਼ਲ ਸਲਤਨਤ ’ਤੇ ਅੱਲ੍ਹਾ ਦਾ ਕਹਿਰ ਬਣ ਉਦੋਂ ਨਾਜ਼ਲ ਹੋਇਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਲਹੂ ਭਿੱਜੀ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਖ਼ੂਨੀ ਸਾਕੇ ਦਾ ਬਦਲਾ ਲਿਆ। ਇਹ ਲਹੂ ਭਿੱਜੇ ਸ਼ਹੀਦੀ ਹਫ਼ਤੇ ਦੀਆਂ ਸੱਤ ਉਹ ਕਾਲ਼ੀਆਂ ਬੋਲੀਆਂ ਤੇ ਲਹੂ ਨਿੱਚੜਦੀਆਂ ਰਾਤਾਂ ਹਨ, ਜਿਨ੍ਹਾਂ ਨੇ ਦਸਮੇਸ਼ ਪਿਤਾ ਦਾ ਆਪਣੇ ਪਰਿਵਾਰ ਨਾਲੋਂ ਵਿਛੋੜਾ ਪਾ ਦਿੱਤਾ। ਅੱਜ ਕੇਵਲ ਸਿੱਖ ਜਗਤ ਹੀ ਨਹੀਂ ਬਲਕਿ ਤਮਾਮ ਮਨੁੱਖਤਾ ਦੇ ਜ਼ਿਹਨ ’ਚ ਇਹ ਹਫ਼ਤੇ ਦੀ ਪੀੜ ਇਕ ਰਿਸਦੇ ਨਸੂਰ ਵਾਂਗੂੰ ਸਮੋਈ ਪਈ ਹੈ। ਇਤਿਹਾਸ ਦਾ ਇਕ ਵਡਮੁੱਲਾ ਸਰਮਾਇਆ ਕੌਮ ਦੀਆਂ
ਨਸਲਾਂ ਨੂੰ ਪੀੜ੍ਹੀ ਦਰ ਪੀੜ੍ਹੀ ਰਾਹ ਰੁਸ਼ਨਾਉਂਦਾ ਰਹੇਗਾ ਤੇ ਸ਼ਹਾਦਤਾਂ ਦੀ ਲੋਅ ਅਣਖ ਤੇ ਸਵੈਮਾਣ ਦੀ ਪ੍ਰਤੀਕ ਜ਼ਿੰਦਗੀ ਜਿਊਣ ਦਾ ਵਲ ਦੱਸਦੀ ਰਹੇਗੀ।