ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਉਹ ਰਹਿਬਰ ਹਨ, ਜਿਨ੍ਹਾਂ ਦਾ ਜੀਵਨ ਅਤੇ ਸ਼ਖ਼ਸੀਅਤ ਮਾਨਵਤਾ ਲਈ ਚਾਨਣ ਮੁਨਾਰਾ ਹੈ। ਗੁਰੂ ਸਾਹਿਬ ਜੀ ਨੇ ਆਪਣਾ ਸਰਬੰਸ ਧਰਮ ਤੇ ਮਨੁੱਖੀ ਕਦਰਾਂ-ਕੀਮਤਾਂ ਦੀ ਮਜ਼ਬੂਤੀ ਅਤੇ ਜ਼ੁਲਮ ਦੇ ਖ਼ਾਤਮੇ ਲਈ ਕੁਰਬਾਨ ਕੀਤਾ। ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਗੁਰੂ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਵੀ ਕੋਈ ਗਿਲਾ ਨਹੀਂ, ਸਗੋਂ ਕਰਤਾ ਪੁਰਖ ਦਾ ਸ਼ੁਕਰਾਨਾ ਹੀ ਕੀਤਾ।
ਦਸਮੇਸ਼ ਪਿਤਾ ਜੀ ਦਾ ਸਾਰਾ ਜੀਵਨ ਹੀ ਸਮੁੱਚੀ ਮਾਨਵਤਾ ਭਾਵ ਹਰ ਧਰਮ, ਹਰ ਵਰਗ, ਹਰ ਫਿਰਕੇ ਲਈ ਇਕਸਾਰ ਸੀ। ਆਪ ਦੀ ਕ੍ਰਾਂਤੀਕਾਰੀ ਸ਼ਖ਼ਸੀਅਤ ਨੂੰ ਇਤਿਹਾਸਕਾਰਾਂ ਨੇ ਆਪੋ-ਆਪਣੀ ਸਮਝ ਅਨੁਸਾਰ ਬਿਆਨ ਕੀਤਾ ਹੈ ਪਰ ਉਨ੍ਹਾਂ ਦੀ ਸ਼ਖ਼ਸੀਅਤ ਦੀ ਸੰਪੂਰਨ ਵਿਆਖਿਆ ਕਰਨੀ ਮਨੁੱਖੀ ਸਮਝ ਤੋਂ ਪਰ੍ਹੇ ਹੈ। ਅਸੀਂ ਗੁਰੂ ਸਾਹਿਬ ਜੀ ਦੇ ਜੀਵਨ ਦਰਸ਼ਨ ਦੇ ਆਧਾਰ ’ਤੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਸ਼ਬਦਾਂ ਵਿਚ ਬਿਆਨ ਤਾਂ ਕਰਦੇ ਹਾਂ ਪਰ ਸਾਡੇ ਸ਼ਬਦ ਸੀਮਤ ਹਨ ਅਤੇ ਗੁਰੂ ਸਾਹਿਬ ਦੀ ਸ਼ਖ਼ਸੀਅਤ ਦੀ ਮੁਕੰਮਲ ਬਿਆਨੀ ਸੰਭਵ ਨਹੀਂ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਿ੍ਰੜ੍ਹਤਾ, ਸਬਰ ਤੇ ਸਿਦਕ ਭਰਪੂਰ ਅਦੁੱਤੀ ਜੀਵਨ ਗਾਥਾ ਸਮੁੱਚੀ ਮਨੁੱਖਤਾ ਅੰਦਰ ਹੱਕ-ਸੱਚ ਲਈ ਜੂਝਣ ਦਾ ਜਜ਼ਬਾ ਭਰਨ ਅਤੇ ਧਰਮ ਦੇ ਉਭਾਰ ਵਾਲੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਉਦੇਸ਼ ਹੀ ਧਰਮ ਦੀ ਸਥਾਪਨਾ, ਮਜ਼ਲੂਮਾਂ ਦੀ ਰਾਖੀ ਅਤੇ ਜਬਰ-ਜ਼ੁਲਮ ਦਾ ਡਟ ਕੇ ਟਾਕਰਾ ਕਰਨਾ ਸੀ। ਗੁਰੂ ਸਾਹਿਬ ਆਪਣੇ ਉਦੇਸ਼ ਨੂੰ ‘ਬਚਿਤ੍ਰ ਨਾਟਕ’ ਵਿੱਚ ਸਪੱਸ਼ਟ ਕੀਤਾ ਹੈ।
ਮਨੁੱਖਤਾ ਦੀ ਭਲਾਈ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਰਾ ਜੀਵਨ ਹੀ ਮਨੁੱਖਤਾ ਦੀ ਭਲਾਈ ਲਈ ਜੀਵਿਆ। ਉਨ੍ਹਾਂ ਨੇ ਮਨੁੱਖਤਾ ਨੂੰ ਅਗਿਆਨਤਾ ਰੂਪੀ ਹਨੇਰੇ ਵਿੱਚੋਂ ਬਾਹਰ ਕੱਢ ਕੇ ਜੀਵਨ ਦੀ ਅਸਲ ਸਚਾਈ ਦੇ ਰੂਬਰੂ ਕੀਤਾ। ਧਰਮ ਦੀ ਰਖਵਾਲੀ ਲਈ ਅਨੇਕਾਂ ਕਸ਼ਟ ਝੱਲੇ। ਜੇਕਰ ਅੱਜ ਅਸੀਂ ਸੁਖੀ ਜੀਵਨ ਜੀਅ ਰਹੇ ਹਾਂ ਤਾਂ ਇਹ ਗੁਰੂ ਸਾਹਿਬ ਜੀ ਦੀ ਬਦੌਲਤ ਹੀ ਹੈ। ਆਪ ਜੀ ਦੇ ਪ੍ਰਕਾਸ਼ ਪੁਰਬ ’ਤੇ ਸਾਡਾ ਫ਼ਰਜ਼ ਹੈ ਕਿ ਜਿਥੇ ਅਸੀਂ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕਰਨਾ ਹੈ, ਉਥੇ ਹੀ ਉਨ੍ਹਾਂ ਦੇ ਦਰਸਾਏ ਮਾਰਗ ਦੇ ਪਾਂਧੀ ਵੀ ਬਣਨਾ ਹੈ। ਅਸੀਂ ਦੁਨੀਆ ਦੇ ਭਾਈਚਾਰੇ ਵਿੱਚ ਸਰਬ-ਸਾਂਝੀਵਾਲਤਾ ਦੇ ਪੈਗ਼ਾਮ ਨੂੰ ਤਦ ਹੀ ਲੈ ਜਾ ਸਕਾਂਗੇ ਜੇਕਰ ਅਸੀਂ ਦੁਨੀਆ ਦੇ ਹਰ ਖੇਤਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਾਏ ਪੂਰਨਿਆਂ ’ਤੇ ਚੱਲਦੇ ਹੋਏ ਕਥਨੀ ਤੇ ਕਰਨੀ ਦੇ ਸੂਰੇ ਬਣਾਂਗੇ। ਗੁਰਦੇਵ ਪਿਤਾ ਦੇ ਆਗ਼ਮਨ ਦਿਹਾੜੇ ’ਤੇ ਸਾਨੂੰ ਸਭ ਨੂੰ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ ਗੁਰੂ ਕਿਰਪਾ ਕਰਨ, ਅਸੀਂ ਨਿਸ਼ਾਨ-ਏ-ਸਿੱਖੀ ਦੇ ਧਾਰਨੀ ਹੋ ਕੇ ਗੁਰਸਿੱਖੀ ਜੀਵਨ ਬਸਰ ਕਰਦੇ ਹੋਏ ਤੇ ਉਨ੍ਹਾਂ ਦੇ ਸਰਬ-ਸਾਂਝੇ ਉਪਦੇਸ਼ਾਂ ਨੂੰ ਸਾਰੀ ਮਨੁੱਖਤਾ ਤੱਕ ਪਹੁੰਚਾਉਣ ਦਾ ਯਤਨ ਕਰ ਸਕੀਏ। ਸੋ ਆਓ! ਗੁਰੂ ਬਖ਼ਸ਼ੀ ਖੰਡੇ-ਬਾਟੇ ਦੀ ਪਾਹੁਲ ਛਕ ਗੁਰਬਾਣੀ ਦੀ ਰੌਸ਼ਨੀ ਵਿੱਚ ਜੀਵਨ ਬਤੀਤ ਕਰੀਏ ਅਤੇ ਸਾਂਵੇਂ ਸੁਖਾਵੇਂ ਸਮਾਜ ਦੀ ਸਿਰਜਣਾ ਲਈ ਤੱਤਪਰ ਰਹੀਏ।
ਖ਼ਾਲਸਾ ਪੰਥ ਦੀ ਸਾਜਣਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਸਾਜਣਾ ਦੀ ਗੱਲ ਕਰੀਏ ਤਾਂ ਇਹ ਪੂਰੀ ਦੁਨੀਆ ਦੇ ਧਾਰਮਿਕ ਇਤਿਹਾਸ ਨੂੰ ਪ੍ਰਭਾਵਿਤ ਕਰਨ ਵਾਲੀ ਘਟਨਾ ਸੀ। ਇਸ ਘਟਨਾ ਨਾਲ ਸੰਨ 1699 ਦੀ ਵੈਸਾਖੀ ਦਾ ਦਿਨ ਦੁਨੀਆ ਦੇ ਇਤਿਹਾਸ ਅੰਦਰ ਇੱਕ ਨਿਵੇਕਲਾ ਅਧਿਆਇ ਸਿਰਜ ਗਿਆ। ਗੁਰੂ ਸਾਹਿਬ ਵੱਲੋਂ ਖ਼ਾਲਸਾ ਸਿਰਜਣਾ ਦੇ ਅਦੁੱਤੀ ਕਾਰਨਾਮੇ ਨੇ ਸਦੀਆਂ ਤੋਂ ਲਤਾੜੇ, ਗ਼ੁਲਾਮੀ ਵਾਲਾ ਜੀਵਨ ਜੀਅ ਰਹੇ ਲੋਕਾਂ ਨੂੰ ਆਤਮ ਵਿਸ਼ਵਾਸੀ ਬਣਾ ਕੇ ਅਰਸ਼ ’ਤੇ ਪਹੁੰਚਾ ਦਿੱਤਾ। ਖ਼ਾਲਸਾ ਸਾਜ ਕੇ ਆਪ ਨੇ ਸਾਰੀਆਂ ਜਾਤਾਂ ਤੇ ਵਰਗਾਂ ਦੇ ਲੋਕਾਂ ਨੂੰ ਏਕਤਾ ਦੇ ਸੂਤਰ ਵਿੱਚ ਪਰੋ ਲੈਣ ਦਾ ਅਦੁੱਤੀ ਤੇ ਮਹਾਨ ਕਾਰਜ ਕੀਤਾ। ਉਨ੍ਹਾਂ ਪੰਜ ਪਿਆਰਿਆਂ ਵਿੱਚ ਭਿੰਨ-ਭਿੰਨ ਵਰਗਾਂ ਦੇ ਲੋਕਾਂ ਨੂੰ ਸ਼ਾਮਲ ਕਰਕੇ ਊਚ ਨੀਚ ਦਾ ਫ਼ਰਕ ਸਦਾ ਲਈ ਮਿਟਾ ਦਿੱਤਾ। ਏਨਾ ਹੀ ਨਹੀਂ, ਫਿਰ ਆਪ ਵੀ ਪੰਜ ਪਿਆਰਿਆਂ ਤੋਂ ਅੰਮਿ੍ਰਤ ਛਕਿਆ। ਇਹ ਵੀ ਧਰਮਾਂ ਦੇ ਇਤਹਾਸ ਵਿੱਚ ਵਿਲੱਖਣ ਸੀ, ਕਿਉਂਕਿ ਇਸ ਤੋਂ ਪਹਿਲਾਂ ਅਜਿਹੀ ਕੋਈ ਉਦਾਹਰਣ ਨਹੀਂ ਸੀ ਮਿਲਦੀ ਕਿ ਕਿਸੇ ਗੁਰੂ ਨੇ ਆਪਣੇ ਚੇਲਿਆਂ ਨੂੰ ਆਪਣੇ ਤੋਂ ਉਪਰ ਦਾ ਦਰਜਾ ਜਾਂ ਮਾਣ ਦਿੱਤਾ ਹੋਵੇ। ਇਹ ਮਾਣ ਕੇਵਲ ਦਸਮ ਪਾਤਸ਼ਾਹ ਜੀ ਨੇ ਹੀ ਆਪਣੇ ਖ਼ਾਲਸੇ ਨੂੰ ਬਖ਼ਸ਼ਿਆ। ਇਸੇ ਤਰ੍ਹਾਂ ਹੋਲਾ-ਮਹੱਲਾ ਦਾ ਆਰੰਭ ਵੀ ਗੁਰੂ ਸਾਹਿਬ ਦੇ ਜੀਵਨ ਦਾ ਇਕ ਵਿਸ਼ੇਸ਼ ਕਾਰਨਾਮਾ ਹੈ ਜਿਸ ਨੇ ਸਿੱਖ ਕੌਮ ਨੂੰ ਸਵੈ-ਮਾਣ, ਅਣਖ, ਦਲੇਰੀ, ਹਿੰਮਤ ਅਤੇ ਬੀਰਤਾ ਨਾਲ ਜੋੜਿਆ।
ਗੁਰੂ ਸਾਹਿਬ ਜੀ ਵੱਲੋਂ ਰਚੀ ਗਈ ਬਾਣੀ ਵੀ ਮਾਨਵਤਾ ਲਈ ਸੁਚੱਜੇ ਜੀਵਨ ਦੀ ਘਾੜਤ ਘੜਨ ਵਾਲੀ ਹੈ। ਆਪ ਨੇ ਆਪਣੀ ਬਾਣੀ ਵਿੱਚ ਪਾਖੰਡਵਾਦ ਅਤੇ ਕਰਮ ਕਾਡਾਂ ਦਾ ਖੰਡਨ ਕੀਤਾ ਅਤੇ ਲੋਕਾਈ ਨੂੰ ਉੱਤਮ ਜੀਵਨ ਦੇ ਧਾਰਨੀ ਹੋਣ ਦੀ ਪ੍ਰੇਰਨਾ ਕੀਤੀ। ਆਪ ਨੇ ਉਪਦੇਸ਼ ਕੀਤਾ ਕਿ ਮੂਰਤੀ-ਪੂਜਾ, ਬੁੱਤ-ਪੂਜਾ, ਤੀਰਥ ਯਾਤਰਾ ਜਾਂ ਸਮਾਧੀਆਂ ਨਾਲ ਅਕਾਲ-ਪੁਰਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੀਵਨ ਅਹਿਮ ਹੈ ਤੇ ਇਸ ਨੂੰ ਵਿਅਰਥ ਦੇ ਕਰਮ ਕਾਡਾਂ ਤੇ ਭਰਮ ਭੁਲੇਖਿਆਂ ਵਿੱਚ ਪੈ ਕੇ ਬਰਬਾਦ ਕਰਨ ਦਾ ਕੋਈ ਲਾਭ ਨਹੀਂ। ਕਰਤਾਪੁਰਖ ਤਾਂ ਸਹਿਜ ਤੇ ਪਿਆਰ ਦਾ ਮਾਰਗ ਹੈ। ਇਸ ਦੀ ਸਮਝ ਵਾਲੇ ਹੀ ਉਸ ਵਿੱਚ ਅਭੇਦ ਹੁੰਦੇ ਹਨ। ਗੁਰੂ ਸਾਹਿਬ ਜੀ ਦਾ ਫ਼ੁਰਮਾਨ ਹੈ:
ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧਿਆਨ ਲਗਾਇਓ॥
ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨਿ ਲੋਕ ਗਯੋ ਪਰਲੋਕ ਗਵਾਇਓ॥
ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੁ ਬੈਸ ਬਿਤਾਇਓ॥
ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਤਾ ਨੂੰ ਸੁਖੀ ਵੇਖਣ ਦੀ ਲੋਚਾ ਨਾਲ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ। ਆਪ ਜੀ ਨੇ ਚਮਕੌਰ ਦੀ ਜੰਗ ਅੰਦਰ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਆਪਣੇ ਹੱਥੀਂ ਤਿਆਰ ਕਰ ਸ਼ਹਾਦਤਾਂ ਲਈ ਤੋਰਿਆ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਪਿਛੋਂ ਵੀ ਆਪ ਨੇ ਪਰਮਾਤਮਾ ਦਾ ਸ਼ੁਕਰ ਅਦਾ ਕੀਤਾ।