ਬਾਬਾ ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਂਅ ਲਛਮਣ ਦਾਸ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਰਾਮਦੇਵ ਭਾਰਦਵਾਜ ਸੀ। ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਜੀ ਅਨੁਸਾਰ ਬਾਬਾ ਬੰਦਾ ਸਿੰਘ ਜੀ ਦੇ ਪਿਤਾ ਰਾਜਪੂਤ ਸਨ ਅਤੇ ਖੇਤੀਬਾੜੀ ਦਾ ਕੰਮ ਕਰਦੇ ਸਨ। ਬਾਬਾ ਬੰਦਾ ਸਿੰਘ ਦਾ ਜਨਮ ਕਤਕ ਸੁਦੀ 13 ਸੰਮਤ 1727 ਨੂੰ ਜੰਮੂ ਕਸ਼ਮੀਰ ਦੇ ਇਲਾਕੇ ਪੁਣਛ ਰਾਜੌਰੀ ਵਿਖੇ ਹੋਇਆ।
ਬਾਬਾ ਬੰਦਾ ਸਿੰਘ ਦਾ ਸਰੀਰ ਬਚਪਨ ਤੋਂ ਹੀ ਕਾਫੀ ਸੁਡੌਲ ਸੀ ਅਤੇ ਤੰਦਰੁਸਤ ਸੀ। ਇਨ੍ਹਾਂ ਨੂੰ ਘੋੜ ਸਵਾਰੀ ਕਰਨ ਦਾ ਕਾਫੀ ਸ਼ੌਕ ਸੀ। ਇਕ ਵਾਰੀ ਉਨ੍ਹਾਂ ਨੇ ਹਿਰਨੀ ਦਾ ਸ਼ਿਕਾਰ ਕੀਤਾ ਅਤੇ ਹਿਰਨੀ ਜ਼ਖ਼ਮੀ ਹੋ ਕੇ ਜ਼ਮੀਨ ’ਤੇ ਡਿੱਗ ਪਈ। ਥੋੜੇ ਚਿਰ ਬਾਅਦ ਹਿਰਨੀ ਦੇ ਢਿੱਡ ’ਚੋਂ ਦੋ ਬੱਚੇ ਨਿਕਲੇ ਅਤੇ ਲਛਮਣ ਦੇਵ ਦੀਆਂ ਅੱਖਾਂ ਦੇ ਸਾਹਮਣੇ ਤੜਫ-ਤੜਫ ਕੇ ਮਰ ਗਏ। ਇਸ ਘਟਨਾ ਨੇ ਲਛਮਣ ਦੇਵ ਦੇ ਮਨ ’ਤੇ ਇੰਨਾਂ ਡੂੰਘਾ ਅਸਰ ਹੋਇਆ ਕਿ ਉਨ੍ਹਾਂ ਨੇ ਦੁਨੀਆਂ ਨੂੰ ਤਿਆਗ ਦੇਣ ਦਾ ਮਨ ਬਣਾ ਲਿਆ। ਉਨ੍ਹਾਂ ਦੀ ਮੁਲਾਕਾਤ ਇਕ ਵੈਰਾਗੀ ਸਾਧੂ ਜਾਨਕੀ ਪ੍ਰਸਾਦ ਨਾਲ ਹੋਈ। ਜਾਨਕੀ ਪ੍ਰਸਾਦ ਨੇ ਲਛਮਣ ਦੇਵ ਨੂੰ ਧੀਰਜ ਦਿੱਤਾ ਅਤੇ ਆਪਣਾ ਚੇਲਾ ਬਣਾ ਲਿਆ। ਉਨ੍ਹਾਂ ਬਾਬਾ ਜੀ ਦਾ ਨਾਂ ਮਾਧੋਦਾਸ ਵੈਰਾਗੀ ਰੱਖ ਦਿੱਤਾ। ਹੁਣ ਮਾਧੋਦਾਸ ਵੈਰਾਗੀ ਹੋਰਨਾਂ ਸਾਧੂ ਸੰਤਾਂ ਦੇ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਤੀਰਥਾਂ ਦੀ ਯਾਤਰਾ ਕਰਨ ਲੱਗ ਪਿਆ।
ਇਕ ਵਾਰ ਸਾਧੂਆਂ ਦੀ ਇਹ ਮੰਡਲੀ ਕਸੂਰ ਵਿਖੇ ਜਾ ਪਹੁੰਚੀ। ਉਥੇ ਮਾਧੋ ਦਾਸ ਦਾ ਮੇਲ ਰਾਮਦਾਸ ਵੈਰਾਗੀ ਦੇ ਨਾਲ ਹੋਇਆ ਅਤੇ ਇਹ ਰਾਮਦਾਸ ਵੈਰਾਗੀ ਦੇ ਨਾਲ ਰਲ ਗਏ। ਮਹਾਰਾਸ਼ਟਰ ਵਿਚ ਮਾਧੋਦਾਸ ਵੈਰਾਗੀ ਦੀ ਮੁਲਾਕਾਤ ਇਕ ਔਘੜ ਨਾਥ ਜੋਗੀ ਨਾਲ ਹੋਈ। ਮਾਧੋਦਾਸ ਇਸ ਜੋਗੀ ਦਾ ਚੇਲਾ ਬਣ ਕੇ ਉਸਦੀ ਸੇਵਾ ਕਰਨ ਲੱਗ ਪਿਆ। ਸੰਮਤ 1748 ਨੂੰ ਜਦੋਂ ਔਘੜ ਨਾਥ ਨੇ ਆਪਣਾ ਸਰੀਰ ਤਿਆਗਿਆ ਤਾਂ ਉਸਨੇ ਮਾਧੋਦਾਸ ਵੈਰਾਗੀ ਨੂੰ ਆਪਣਾ ਵਾਰਿਸ ਥਾਪ ਦਿੱਤਾ ਅਤੇ ਯੋਗ ਵਿਦਿਆ ਦਾ ਬਹੁਮੁੱਲਾ ਗ੍ਰੰਥ ਉਸਦੇ ਹਵਾਲੇ ਕਰ ਦਿੱਤਾ। ਮਾਧੋਦਾਸ ਵੈਰਾਗੀ ਨੇ ਪੰਚਵਟੀ ਤੋਂ ਨਾਂਦੇੜ ਵਿਖੇ ਗੋਦਾਵਰੀ ਦੇ ਕਿਨਾਰੇ ਆ ਕੇ ਆਪਣੇ ਪੱਕੇ ਡੇਰੇ ਲਗਾ ਲਏ, ਇਥੇ ਮਾਧੋਦਾਸ ਦੀ ਚਾਰੇ ਪਾਸੇ ਪ੍ਰਸਿੱਧੀ ਹੋ ਗਈ। ਹੌਲੀ-ਹੌਲੀ ਬਾਬਾ ਬੰਦਾ ਸਿੰਘ ਜੀ ਰਿੱਧੀਆਂ ਸਿੱਧੀਆਂ ਦੇ ਮਾਲਕ ਬਣ ਗਏ ਅਤੇ ਬਾਬਾ ਬੰਦਾ ਸਿੰਘ ਜੀ ਹੰਕਾਰ ਵੀ ਆ ਗਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਨਾਂਦੇੜ ਦੀ ਧਰਤੀ ’ਤੇ ਪਹੁੰਚੇ ਤਾਂ ਉਹ ਸਿੱਧੇ ਹੀ ਮਾਧੋਦਾਸ ਵੈਰਾਗੀ ਦੇ ਡੇਰੇ ’ਤੇ ਚਲੇ ਗਏ। ਗੁਰੂ ਜੀ ਉਸਦੇ ਪਲੰਘ ’ਤੇ ਬਿਰਾਜਮਾਨ ਹੋ ਗਏ। ਉਸ ਵੇਲੇ ਮਾਧੋਦਾਸ ਵੈਰਾਗੀ ਕੁਟੀਆ ਵਿਚ ਨਹੀਂ ਸੀ। ਡਾ. ਗੰਡਾ ਸਿੰਘ ਆਪਣੀ ਪੁਸਤਕ ਬੰਦਾ ਸਿੰਘ ਬਹਾਦਰ ਵਿਚ ਇਥੋਂ ਤੱਕ ਵੀ ਲਿਖਦੇ ਹਨ ਕਿ ਗੁਰੂ ਜੀ ਦੇ ਸਾਥੀ ਸਿੰਘਾਂ ਨੇ ਆਪਣੇ ਲੰਗਰ ਲਈ ਮਾਸ ਦੀਆਂ ਦੇਗਾਂ ਚੁੱਲ੍ਹਿਆਂ ’ਤੇ ਚੜ੍ਹਾ ਦਿੱਤੀਆਂ। ਮਾਧੋਦਾਸ ਵੈਰਾਗੀ ਕਿਉਂਕਿ ਵੈਸ਼ਣੂੰ ਸੀ, ਇਸ ਲਈ ਉਸਦੇ ਚੇਲਿਆਂ ਨੇ ਇਸ ਗੱਲ ਦਾ ਬਹੁਤ ਬੁਰਾ ਮਨਾਇਆ। ਉਹ ਗੁਰੂ ਜੀ ਦੀ ਸ਼ਿਕਾਇਤ ਕਰਨ ਲਈ ਦੌੜ ਕੇ ਮਾਧੋਦਾਸ ਵੈਰਾਗੀ ਕੋਲ ਪਹੁੰਚੇ। ਚੇਲਿਆਂ ਦੀ ਗੱਲ ਸੁਣ ਕੇ ਮਾਧੋਦਾਸ ਵੈਰਾਗੀ ਨੂੰ ਬਹੁਤ ਗੁੱਸਾ ਆਇਆ ਤੇ ਉਹ ਤੁਰੰਤ ਆਪਣੇ ਡੇਰੇ ਵੱਲ ਭੱਜਾ ਆਇਆ।
ਮਾਧੋਦਾਸ ਦੀਆਂ ਰਿੱਧੀਆਂ-ਸਿੱਧੀਆਂ ਤੇ ਤੰਤਰ ਮੰਤਰ ਦਾ ਗੁਰੂ ਜੀ ’ਤੇ ਕੋਈ ਅਸਰ ਨਾ ਹੋਇਆ। ਗੁਰੂ ਜੀ ਅਡੋਲ ਬੈਠੇ ਰਹੇ। ਗੁਰੂ ਜੀ ਦੇ ਦਰਸ਼ਨ ਕਰਦੇ ਹੀ ਉਸਦੀ ਹਊਮੈ ਮਾਰੀ ਗਈ। ਵੈਰਾਗੀ ਨੂੰ ਆਪਣੀ ਸਾਰੀ ਸੁੱਧ ਬੁੱਧ ਭੁੱਲ ਗਈ। ਗੁਰੂ ਜੀ ਨੇ ਜਦੋਂ ਉਸਨੂੰ ਪੁੱਛਿਆ ਕਿ ਭਾਈ ਤੂੰ ਕੌਣ ਹੈਂ ਤਾਂ ਮਾਧੋਦਾਸ ਦੇ ਮੂੰਹੋਂ ਨਿਕਲਿਆ, ‘‘ਮੈਂ ਤਾਂ ਤੇਰਾ ਬੰਦਾ ਹਾਂ’’। ਫੇਰ ਗੁਰੂ ਜੀ ਨੇ ਉਸਨੂੰ ਕਿਹਾ ਕਿ ਜੇਕਰ ‘‘ਤੂੰ ਮੇਰਾ ਬੰਦਾ ਹੈਂ ਤਾਂ ਬੰਦਿਆਂ ਵਰਗੇ ਕੰਮ ਕਰ’’। ਇਹ ਸੁਣ ਕੇ ਮਾਧੋਦਾਸ ਗੁਰੂ ਜੀ ਦੇ ਚਰਨੀ ਪੈ ਗਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸਨੂੰ ਅੰਮ੍ਰਿਤ ਛਕਾਕੇ ਤਿਆਰ ਬਰ ਤਿਆਰ ਸਿੰਘ ਸਜਾ ਦਿੱਤਾ। ਉਨ੍ਹਾਂ ਦਾ ਨਾਂ ਅੰਮ੍ਰਿਤ ਛਕਾਉਣ ਤੋਂ ਬਾਅਦ ਗੁਰਬਖਸ਼ ਸਿੰਘ ਰੱਖਿਆ ਗਿਆ ਪਰ ਪੰਥ ਵਿਚ ਉਨ੍ਹਾਂ ਦਾ ਨਾਂਅ ਬਾਬਾ ਬੰਦਾ ਸਿੰਘ ਬਹਾਦਰ ਪ੍ਰਸਿੱਧ ਹੋਇਆ। ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਬੰਦਾ ਬਣਾਕੇ ਪੰਜ ਸਿੰਘ ਬਾਬਾ ਵਿਨੋਦ ਸਿੰਘ, ਬਾਬਾ ਕਾਹਨ ਸਿੰਘ, ਬਾਬਾ ਬਾਜ ਸਿੰਘ, ਬਾਬਾ ਦਇਆ ਸਿੰਘ ਤੇ ਬਾਬਾ ਰਣ ਸਿੰਘ ਉਸਦੀ ਸਹਾਇਤਾ ਲਈ ਨਾਲ ਤੋਰੇ ਅਤੇ ਪੰਜ ਤੀਰ ਆਪਣੇ ਭੱਥੇ ਵਿਚੋਂ ਕੱਢ ਕੇ ਉਸਨੂੰ ਬਖਸ਼ੇ। ਇਸ ਤੋਂ ਇਲਾਵਾ 20 ਹੋਰ ਸੂਰਵੀਰ ਗੁਰੂ ਜੀ ਨੇ ਬਾਬਾ ਜੀ ਦੀ ਸਹਾਇਤਾ ਲਈ ਪੰਜਾਬ ਵੱਲ ਨਾਲ ਘੱਲੇ। ਇਸ ਤੋਂ ਇਲਾਵਾ ਇਕ ਨਿਸ਼ਾਨ ਸਾਹਿਬ ਅਤੇ ਨਗਾਰੇ ਦੀ ਬਖਸ਼ਿਸ਼ ਵੀ ਕੀਤੀ। ਨਾਲ ਹੀ ਉਸਨੂੰ ਹੁਕਮ ਕੀਤਾ ਗਿਆ ਕਿ ਪ੍ਰਭੁਤਾ ਪ੍ਰਾਪਤ ਹੋ ਜਾਣ ਪਰ ਉਹ ਆਪੇ ਨੂੰ ਨਾ ਭੁੱਲੇ, ਜਤ-ਸਤ ਕਾਇਮ ਰੱਖੇ ਅਤੇ ਗੁਰੂ ਰੂਪ ਖਾਲਸੇ ਦੀ ਖੁਸ਼ੀ ਵਿਚ ਆਪਣੀ ਖੁਸ਼ੀ ਸਮਝੇ, ਇਸੇ ਵਿਚ ਹੀ ਉਸਦੀ ਸਫਲਤਾ ਦਾ ਭੇਦ ਲੁਕਿਆ ਪਿਆ ਹੈ।
ਦਿੱਲੀ ਦੇ ਨੇੜੇ ਪਿੰਡਾਂ ਸਿਹਰੀ ਤੇ ਖੰਡਾ ਵਿਖੇ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਸ਼ਕਤੀ ਇਕੱਤਰ ਕੀਤੀ ਤੇ ਸਭ ਤੋਂ ਪਹਿਲਾਂ ਸੋਨੀਪਤ ’ਤੇ ਹਮਲਾ ਕਰਕੇ ਜਿੱਤ ਹਾਸਲ ਕਰ ਲਈ। ਫੇਰ ਕੈਥਲ, ਸਮਾਣਾ, ਸਢੌਰਾ, ਬਨੂੜ ਆਦਿ ’ਤੇ ਹਮਲੇ ਕੀਤੇ ਅਤੇ ਜਿੱਤਾਂ ਹਾਸਲ ਕਰਕੇ ਆਪਣੀ ਤਾਕਤ ਵਿਚ ਕਈ ਗੁਣਾ ਵਾਧਾ ਕਰ ਲਿਆ। ਬਨੂੜ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੇ ਸੂਬੇਦਾਰ ਵਜੀਰ ਖ਼ਾਨ ਨੂੰ ਹਮਲੇ ਲਈ ਲਲਕਾਰਿਆ ਤੇ ਉਸਨੇ ਵੀ ਕਹਿ ਦਿੱਤਾ ਕਿ ਚੱਪੜਚਿੜੀ ਦੇ ਮੈਦਾਨ ਵਿਚ ਟੱਕਰਾਂਗੇ। ਚੱਪੜਚਿੜੀ ਵਿਚ ਜ਼ਿਆਦਾ ਆਬਾਦੀ ਮੁਸਲਮਾਨ ਫਿਰਕੇ ਦੀ ਸੀ, ਜਿਨ੍ਹਾਂ ਵਿਚੋਂ ਬਹੁਤੇ ਮੁਗਲ ਸੈਨਿਕਾਂ ਦੇ ਸਮਰਥਕ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੀ ਗਿਣਤੀ ਕੁੱਝ ਕੁ ਹਜ਼ਾਰ ਦੱਸੀ ਜਾਂਦੀ ਹੈ, ਜਦਕਿ ਮੁਗਲ ਸੈਨਾ ਦੀ ਗਿਣਤੀ ਖਾਫੀ ਖਾਨ ਅਨੁਸਾਰ 15 ਹਜ਼ਾਰ, ਮੁਹੰਮਦ ਹਾਰੀਸੀ ਅਨੁਸਾਰ 12 ਹਜ਼ਾਰ ਅਤੇ ਕਈ ਅਜੋਕੇ ਇਤਿਹਾਸਕਾਰਾਂ ਅਨੁਸਾਰ 60 ਕੁ ਹਜ਼ਾਰ ਦੇ ਕਰੀਬ ਸੀ। ਬਹੁਤ ਗਹਿ ਗੱਚ ਲੜਾਈ ਹੋਈ ਤੇ ਜਿੱਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਹੋਈ।
ਬਾਬਾ ਬੰਦਾ ਸਿੰਘ ਬਹਾਦਰ ਸਢੌਰੇ ਦੇ ਨੇੜੇ ਮੁਖਲਸਗੜ੍ਹ ਦੇ ਕਿਲ੍ਹੇ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਇਸ ਦਾ ਨਾਂਅ ਲੋਹਗੜ੍ਹ ਰੱਖਿਆ। ਫਿਰ ਬਾਬਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ’ਤੇ ਉਸ ਸਮੇਂ ਦੇ ਰਿਵਾਜ ਅਨੁਸਾਰ ਖਾਲਸਾ ਰਾਜ ਦੀ ਵੱਖਰੀ ਹੋਂਦ ਦਰਸਾਉਣ ਲਈ ਇਕ ਸਿੱਕਾ ਜਾਰੀ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ’ਤੇ ਜਿੱਤ ਹਾਸਲ ਕਰਨ ਵਾਲੇ ਦਿਨ ਤੋਂ ਆਪਣਾ ਵੱਖਰਾ ਪ੍ਰਸ਼ਾਸਨੀ ਸਾਲ ਸ਼ੁਰੂ ਕੀਤਾ। ਬਾਬਾ ਜੀ ਨੇ ਜ਼ਿਮੀਂਦਾਰੀ ਪ੍ਰਥਾ ਨੂੰ ਖ਼ਤਮ ਕਰ ਦਿੱਤਾ ਅਤੇ ਜ਼ਮੀਨ ਵਾਹੁਣ ਵਾਲੇ ਮੁਜਾਰਿਆਂ ਨੂੰ ਜ਼ਮੀਨ ਦੀ ਮਾਲਕੀ ਦੇ ਦਿੱਤੀ।
7 ਦਸੰਬਰ 1715 ਈਸਵੀ ਨੂੰ ਅਬਦੁਸਮਦ ਖ਼ਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਸਾਥੀਆਂ ਨੂੰ ਗੁਰਦਾਸ ਨੰਗਦ ਦੀ ਇਕ ਗੜ੍ਹੀ ਵਿਚ ਘੇਰਾ ਪਾ ਲਿਆ। ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਦਿੱਲੀ ਲਈ ਰਵਾਨਾ ਕੀਤਾ ਗਿਆ। 5 ਮਾਰਚ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਫੜੇ ਗਏ ਸਿੰਘਾਂ ਨੂੰ ਰੋਜ਼ਾਨਾ 100-100 ਕਰਕੇ ਕਤਲ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਇਹ ਇਕ ਕਿਸਮ ਦਾ ਹੱਤਿਆਕਾਂਡ ਸੀ। ਇਸ ਨੂੰ ਦਿੱਲੀ ਦੇ ਤ੍ਰਿਪੋਲੀਆ ਦਰਵਾਜੇ ਵੱਲ ਦੇ ਥਾਣੇ ਦੇ ਸਾਹਮਣੇ ਥਾਣੇਦਾਰ ਸਰਬਰਾਹ ਖ਼ਾਨ ਦੀ ਦੇਖਰੇਖ ਹੇਠ ਸ਼ੁਰੂ ਕੀਤਾ ਗਿਆ। ਸਾਰਿਆਂ ਨੂੰ ਕਤਲ ਕਰਨ ਤੋਂ ਬਾਅਦ ਬਾਦਸ਼ਾਹ ਦੇ ਹੁਕਮ ’ਤੇ ਬਾਬਾ ਜੀ ਦੇ ਬੇਟੇ ਭਾਈ ਅਜੈ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ ਵਿਚ ਬਿਠਾ ਦਿੱਤਾ। ਜੱਲਾਦ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਵਿਚ ਖੰਜਰ ਫੜਾ ਕੇ ਕਿਹਾ ਕਿ ਉਹ ਆਪਣੇ ਪੁੱਤਰ ਦਾ ਕਤਲ ਕਰ ਦੇਣ।
ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਜੱਲਾਦ ਨੇ ਬਾਬਾ ਜੀ ਦੀ ਗੋਦ ਵਿਚ ਬੈਠੇ ਉਨ੍ਹਾਂ ਦੇ ਸਪੁੱਤਰ ਨੂੰ ਕਤਲ ਕਰ ਦਿੱਤਾ। ਉਸ ਤੋਂ ਬਾਅਦ ਜੱਲਾਦ ਨੇ ਬੱਚੇ ਦੇ ਛੋਟੇ ਛੋਟੇ ਟੁਕੜੇ ਕਰਕੇ ਤੜਫ ਰਹੇ ਬੱਚੇ ਦੀ ਛਾਤੀ ਚੀਰ ਦਿੱਤੀ ਤੇ ਉਸਦਾ ਤੜਫਦਾ ਹੋਇਆ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿਚ ਤੁੰਨ ਦਿੱਤਾ ਗਿਆ। ਬੰਦਾ ਸਿੰਘ ਬਹਾਦਰ ਜੀ ਨੂੰ ਵੀ ਬੇਅੰਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਸਭ ਤੋਂ ਪਹਿਲਾਂ ਜੱਲਾਦ ਨੇ ਛੁਰੇ ਨਾਲ ਬਾ ਬੰਦਾ ਜੀ ਦੀ ਸੱਜੀ ਅੱਖ ਕੱਢ ਦਿੱਤੀ। ਫੇਰ ਖੱਬੀ ਅੱਖ ਕੱਢ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਦੋਵੇਂ ਅੱਖਾਂ ਕੱਢਣ ਤੋਂ ਬਾਅਦ ਉਨ੍ਹਾਂ ਦੇ ਇਕ ਇਕ ਕਰਕੇ ਦੋਵੇਂ ਹੱਥ ਗੰਡਾਸੇ ਨਾਲ ਕੱਟ ਦਿੱਤੇ ਗਏ। ਫਿਰ ਉਨ੍ਹਾਂ ਦੀਆਂ ਲੱਤਾਂ ਨੂੰ ਲੱਕੜ ’ਤੇ ਰੱਖ ਕੇ ਪੈਰ ਵੀ ਕੱਟ ਦਿੱਤੇ ਗਏ। ਫੇਰ ਲੋਹੇ ਦੇ ਜੰਬੂਰਾਂ ਨੂੰ ਅੱਗ ਨਾਲ ਲਾਲ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਰੀਰ ਦਾ ਮਾਸ ਨੋਚਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਸਾਰੇ ਸਰੀਰ ਦੇ ਬੰਦ ਬੰਦ ਕੱਟਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਸੀਸ ਵੀ ਧੜ ਤੋਂ ਵੱਖ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੇ ਇਨਕਲਾਬ ਲਿਆ ਦਿੱਤਾ, ਜੋ ਕਿ ਬਾਅਦ ਵਿਚ ਭਾਂਬੜ ਬਣ ਕੇ ਮਚਿਆ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖ ਰਾਜ ਬਹੁਤ ਵਧਿਆ ਫੁੱਲਿਆ।