Sri Guru Angad Dev ji: ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਮਾਰਚ ਮਹੀਨੇ ਦੇ ਛੇਕੜਲੇ ਦਿਨ ਸੰਨ 154 (ਮੁਤਾਬਕ 5 ਵਿਸਾਖ 1561 ਬਿਕਰਮੀ) ਨੂੰ ਮਤੇ ਦੀ ਸਰਾਂ ਜ਼ਿਲਾ ਮੁਕਤਸਰ ਵਿਖੇ ਮਾਤਾ ਦਇਆ ਕੌਰ ਅਤੇ ਪਿਤਾ ਫੇਰੂ ਮਲ ਜੀ ਦੇ ਗ੍ਰਹਿ ਵਿਖੇ ਹੋਇਆ। ਭਾਈ ਲਹਿਣਾ ਜੀ ਉਸ ਵਕਤ ਕਾਫੀ ਛੋਟੀ ਉਮਰ ਦੇ ਸੀ, ਜਦੋਂ ਬਾਬਰ ਦੇ ਹਮਲੇ ਕਾਰਨ ਮੱਤੇ ਦੀ ਸਰਾਂ ਪਿੰਡ ਉੱਜੜ ਗਿਆ ਸੀ, ਜਿਸ ਤੋਂ ਬਾਅਦ ਭਾਈ ਲਹਿਣਾ ਜੀ ਦੇ ਪਿਤਾ ਫੇਰੂਮੱਲ ਜੀ ਪਰਿਵਾਰ ਸਮੇਤ ਪਿੰਡ ਖਡੂਰ ਆ ਗਏ। ਗੁਰੂ ਪਰਿਵਾਰ ਦੀ ਆਮਦ ਅਤੇ ਵਿਸ਼ੇਸ਼ ਦੇਣ ਸਦਕਾ ਖਡੂਰ ਸਾਹਿਬ ਇਕ ਪੂਜਨੀਕ ਸਥਾਨ ਬਣ ਗਿਆ। ਸ੍ਰੀ ਗੁਰੂ ਅੰਗਦ ਦੇਵ ਜੀ ਦਾ ਵਿਆਹ ਖਡੂਰ ਸਾਹਿਬ ਨੇੜਲੇ ਪਿੰਡ ਸੰਘਰ ਦੇ ਵਸਨੀਕ ਭਾਈ ਦੇਵੀ ਚੰਦ ਦੀ ਪੁਤਰੀ ਬੀਬੀ ਖੀਵੀ ਨਾਲ ਹੋਇਆ। ਉਨ੍ਹਾਂ ਦੇ ਘਰ ਦੋ ਪੁਤਰ ਭਾਈ ਦਾਤੂ ਤੇ ਦਾਸੂ ਜੀ ਅਤੇ ਦੋ ਪੁਤਰੀਆਂ ਬੀਬੀ ਅਮਰੋ ਤੇ ਬੀਬੀ ਅਨੌਖੀ ਨੇ ਜਨਮ ਲਿਆ। ਗੁਰੂ ਨਾਨਕ ਪਾਤਸ਼ਾਹ ਦੇ ਅੰਗ ਲਗਣ ਤੋਂ ਪਹਿਲਾਂ ਭਾਈ ਲਹਿਣਾ ਜੀ ਵੈਸ਼ਨੋ ਦੇਵੀ ਦੇ ਭਗਤ ਸਨ।
ਇਸ ਸਿਲਸਿਲੇ ‘ਚ ਖੜ੍ਹੋਤ ਉਸ ਸਮੇਂ ਆਈ ਜਦੋਂ ਭਾਈ ਲਹਿਣਾ ਜੀ ਦਾ ਮਿਲਾਪ ਖਡੂਰ ਸਾਹਿਬ ਦੇ ਰਹਿਣ ਵਾਲੇ ਭਾਈ ਜੋਧ ਸਿੰਘ ਨਾਲ ਹੋ ਗਿਆ। ਭਾਈ ਜੋਧ ਜਿਥੇ ਇਕ ਨੇਕ ਦਿਲ ਇਨਸਾਨ ਸਨ, ਉਥੇ ਹੀ ਉਹ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਪ੍ਰੀਤਵਾਨ ਵੀ ਸਨ। ਆਪਣੀ ਪ੍ਰੀਤ ਦਾ ਸਬੂਤ ਉਹ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਗੁਰੂ ਨਾਨਕ ਦੇਵ ਜੀ ਦੀ ਰਸਭਿੰਨੀ ਬਾਣੀ ਪੜ੍ਹ ਕੇ ਦਿਆ ਕਰਦੇ ਸਨ। ਇਕ ਦਿਨ ਭਾਈ ਲਹਿਣਾ ਜੀ ਦੇ ਕੰਨੀਂ ਇਲਾਹੀ ਬਾਣੀ ਦੀ ਆਵਾਜ਼ ਪੈ ਗਈ, ਜਿਸ ਦੀ ਖਿਚ ਸਦਕਾ ਉਨ੍ਹਾਂ ਦੇ ਕਦਮ ਭਾਈ ਜੋਧ ਸਿੰਘ ਜੀ ਦੇ ਘਰ ਵਲ ਮੁੜ ਗਏ। ਭਾਈ ਜੋਧ ਨੇ ਖਿੜੇ ਮਥੇ ਸਵਾਗਤ ਕਰਦਿਆਂ ਉਨ੍ਹਾਂ ਨੂੰ ਜਲ ਪਾਨ ਵੀ ਕਰਵਾਇਆ। ਜਦੋਂ ਭਾਈ ਲਹਿਣਾ ਜੀ ਨੇ ਭਾਈ ਜੋਧ ਕੋਲੋਂ ਉਸ ਰਸੀਲੀ ਬਾਣੀ ਬਾਬਤ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਬਾਣੀ ਨਿਰੰਕਾਰੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ‘ਚੋਂ ਉਚਾਰਣ ਕੀਤੀ ਹੋਈ ਹੈ, ਜਿਹੜੀ ਮਨੁਖਤਾ ਨੂੰ ਇਕ ਸੁਚਜੀ ਜੀਵਨ ਜਾਂਚ ਬਾਰੇ ਗਿਆਤ ਕਰਵਾਉਂਦੀ ਹੈ। ਭਾਈ ਜੋਧ ਨੇ ਦੱਸਿਆ ਕਿ ਨਾਨਕ ਨਾਮ ਲੇਵਾ ਸੰਗਤ ਇਸ ਬਾਣੀ ਨੂੰ ਜੀਵਨ ਆਧਾਰ ਸਮਝ ਕੇ ਪੜ੍ਹਦੀ ਹੈ। ਹੁਣ ਭਾਈ ਜੋਧ ਦੇ ਘਰ ਜਾ ਕੇ ਬਾਣੀ ਸੁਣਨਾ ਉਨ੍ਹਾਂ ਦਾ ਨਿਤਨੇਮ ਬਣ ਗਿਆ। ਬਾਣੀ ਪੜ੍ਹਦਿਆਂ ਸੁਣਦਿਆਂ ਉਨ੍ਹਾਂ ਨੂੰ ਅਜਿਹਾ ਅਸਰ ਹੋਇਆ ਕਿ ਬਾਣੀਕਾਰ ਦੇ ਦਰਸ਼ਨਾਂ ਦੀ ਤਾਂਘ ਜਾਗ ਪਈ। ਇਸ ਤਾਂਘ ਦੀ ਤੀਬਰਤਾ ਸਦਕਾ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਜਾਣ ਦਾ ਮਨ ਬਣਾ ਲਿਆ।
ਭਾਈ ਲਹਿਣਾ ਜੀ ਉਦੋਂ ਘੋੜੇ ‘ਤੇ ਸਵਾਰ ਸਨ। ਰਸਤੇ ‘ਚ ਉਨ੍ਹਾਂ ਨੂੰ ਇਕ ਬਜ਼ੁਰਗ ਵਿਅਕਤੀ ਮਿਲਿਆ, ਜਿਸ ਨੂੰ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਪੁੱਛਿਆ। ਉਸ ਨੇ ਕਿਹਾ ਚਲੋ ਮੈਂ ਤਹਾਨੂੰ ਲੈ ਚਲਦਾ ਹਾਂ। ਉਹ ਬਜ਼ੁਰਗ ਵਿਅਕਤੀ ਹੋਰ ਕੋਈ ਨਹੀਂ ਸੀ, ਸਗੋਂ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਸਨ, ਜਿੰਨਾਂ ਦਾ ਪਤਾ ਭਾਈ ਲਹਿਣਾ ਜੀ ਪੁੱਛ ਰਹੇ ਸੀ। ਗੁਰੂ ਸਾਹਿਬ ਜੀ ਨੇ ਭਾਈ ਲਹਿਣਾ ਜੀ ਦੇ ਘੋੜੇ ਦੀ ਲਗਾਮ ਫੜ ਲਈ ਤੇ ਚਲਦੇ ਗਏ । ਜਦੋਂ ਸੱਚੇ ਗੁਰੂ ਵੱਲ ਕਦਮ ਵਧਾਇਏ ਤਾਂ ਗੁਰੂ ਆਪ ਚਲਕੇ ਲੈਣ ਲਈ ਆਉਂਦਾ ਹੈ ਪਰ ਭਾਈ ਲਹਿਣਾ ਜੀ ਨੂੰ ਇਹ ਗੱਲ ਨਹੀਂ ਸੀ ਪਤਾ ਕਿ ਜਿਹੜੇ ਬਜ਼ੁਰਗ ਨੇ ਉਨ੍ਹਾਂ ਦੇ ਘੋੜੇ ਦੀ ਲਗਾਮ ਫੜੀ ਹੋਈ ਹੈ, ਉਹ ਸ੍ਰੀ ਗੁਰੂ ਨਾਨਕ ਦੇ ਜੀ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਦੇ ਦਰਬਾਰ ਆਉਣ ‘ਤੇ ਭਾਈ ਲਹਿਣਾ ਜੀ ਦੇ ਘੋੜੇ ਨੂੰ ਕਿੱਲੇ ਨਾਲ ਬੰਨ੍ਹ ਦਿੱਤਾ ‘ਤੇ ਕਿਹਾ ਤੁਹਾਡੀ ਮੰਜ਼ਿਲ ਆ ਗਈ, ਮੈਂ ਚਲਦਾ ਹਾਂ। ਜਦੋਂ ਭਾਈ ਲਹਿਣਾ ਜੀ ਅੰਦਰ ਗਏ ਤਾਂ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਲਈ ਪੰਗਤ ‘ਚ ਬੈਠੀਆਂ ਹੋਈਆਂ ਸਨ ਤੇ ਜਦੋਂ ਭਾਈ ਲਹਿਣਾ ਜੀ ਨੇ ਗੁਰੂ ਸਾਹਿਬ ਵੱਲ ਦੇਖਿਆ ਤਾਂ ਉਹ ਹੈਰਾਨ ਹੋ ਗਏ ਅਤੇ ਚਿੰਤਾ ‘ਚ ਆ ਗਏ। ਉਹ ਸੋਚਣ ਲੱਗੇ ਕਿ ਜਿਹੜੇ ਗੁਰੂ ਨੂੰ ਮੈਂ ਮਿਲਣ ਲਈ ਆਇਆਂ ਹਾਂ ਇਹ ਤਾਂ ਉਹੀ ਹਨ, ਜਿਹੜੇ ਮੈਨੂੰ ਇੱਥੋਂ ਤੱਕ ਆਪ ਲੈ ਕੇ ਆਏ ਸਨ। ਉਨ੍ਹਾਂ ਨੇ ਗੁਰੂ ਜੀ ਅੱਗੇ ਮੱਥਾ ਟੇਕਦੇ ਹੋਏ ਮੁਆਫੀ ਮੰਗੀ, ਗੁਰੂ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ ਤੇ ਨਾਲ ਹੀ ਕਿਹਾ ਤੁਹਾਡਾ ਕੀ ਨਾਂ ਹੈ? ਭਾਈ ਲਹਿਣਾ ਜੀ ਨੇ ਕਿਹਾ ਲਹਿਣਾ। ਗੁਰੂ ਸਾਹਿਬ ਨੇ ਭਾਈ ਲਹਿਣਾ ਦਾ ਨਾਂ ਸੁਣ ਕੇ ਕਿਹਾ ਤੁਸੀਂ ਲਹਿਣਾ ਤੇ ਅਸੀਂ ਦੇਣਾ। ਭਾਈ ਲਹਿਣਾ ਜੀ ਨੇ 1532 ਤੋਂ 1539 ਤੱਕ ਗੁਰੂ ਨਾਨਕ ਦੇਵ ਜੀ ਦੇ ਸ਼ਰਣ ‘ਚ ਰਹਿ ਕੇ ਲੋਕ ਭਲਾਈ ਦੇ ਕੰਮ ਕੀਤੇ ਤੇ ਲੋਕਾਂ ਨੂੰ ਉਸ ਪ੍ਰਮਾਤਮਾ ਨਾਲ ਜੁੜ ਕੇ ਉਸ ਪ੍ਰਮਾਤਮਾ ਦੇ ਹੁਕਮ ‘ਚ ਰਹਿਣ ਦੀ ਪ੍ਰਰਨਾ ਦਿੱਤੀ।
ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥ ਅਤੇ ਵਿਚਾਰਾਂ ‘ਚ ਇਹਨੇ ਕੁ ਸਮਰਪਿਤ ਸਨ ਕਿ ਇਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੀਆਂ ਸਿੱਖ ਸੰਗਤਾਂ ਨੂੰ ਕਹਿ ਦਿੱਤਾ ਕਿ ਮੇਰੇ ਪਿੱਛੇ ਕੋਈ ਨਾ ਆਏ, ਜੋ ਲ਼ੈਣਾ ਚਾਹੁੰਦੇ ਹੋ ਲੈ ਜਾਓ ਪਰ ਮੇਰੇ ਪਿੱਛੇ ਕੋਈ ਨਾ ਆਓ। ਉਸ ਵਕਤ ਗੁਰੂ ਸਾਹਿਬ ਜੀ ਨਾਲ ਭਾਈ ਲਹਿਣਾ ਜੀ ਤੇ ਬਾਬਾ ਬੁੱਢਾ ਜੀ ਸਨ।ਸਾਰੀ ਸੰਗਤ ਗੁਰੁ ਨਾਨਕ ਦੇਵ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ, ਦੌਲਤ, ਸ਼ੋਹਰਤਾਂ ਲੈ ਕੇ ਆਪਣੇ-ਆਪਣੇ ਘਰਾਂ ਨੂੰ ਜਾਈ ਜਾ ਰਹੀ ਸੀ ਪਰ ਬਾਬਾ ਬੁੱਢਾ ਜੀ ਤੇ ਭਾਈ ਲਹਿਣਾ ਜੀ ਨਹੀਂ ਜਾ ਰਹੇ ਸੀ। ਗੁਰੂ ਸਾਹਿਬ ਨੇ ਪੁੱਛਿਆ ਕਿ ਤੁਸੀਂ ਕਿਉਂ ਨਹੀਂ ਜਾ ਰਹੇ, ਲੈ ਜਾਵੋਂ ਜੋ ਲੈ ਕੇ ਜਾਣਾ ਪਰ ਬਾਬਾ ਬੁੱਢਾ ਤੇ ਭਾਈ ਲਹਿਣਾ ਜੀ ਨਹੀਂ ਮੰਨੇ। ਗੁਰੂ ਜੀ ਨੇ ਕਿਹਾ ਕਿ ਜੇਕਰ ਤੁਸੀਂ ਦੋਵੇਂ ਮੇਰੇ ਪਿੱਛੇ ਆਏ ਤਾਂ ਤਹਾਨੂੰ ਮੁਰਦਾ ਖਾਣਾ ਪਵੇਗਾ, ਇਹ ਸੁਣਕੇ ਬਾਬਾ ਬੁੱਢਾ ਜੀ ਨੇ ਕਿਹਾ ਮਾਫੀ ਦਿਓ, ਗੁਰੂ ਜੀ ਮੇਰੇ ਕੋਲੋਂ ਇਹ ਹੁਕਮ ਨਹੀਂ ਮੰਨਿਆ ਜਾਣਾ ਤੇ ਉਹ ਦਰਖ਼ਤ ਪਿੱਛੇ ਜਾ ਕੇ ਲੁੱਕ ਗਏ।ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਕਿਹਾ ਤੁਸੀਂ ਕਿਉਂ ਨਹੀਂ ਗਏ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਗੁਰੂ ਜੀ ਮੇਰਾ ਕੋਈ ਥਾਂ ਨਹੀਂ ਤੁਸੀਂ ਦੱਸੋ ਮੁਰਦਾ ਸਿਰ ਤੋਂ ਖਾਣਾ ਸ਼ੁਰੂ ਕਰਾਂ ਜਾਂ ਪੈਰਾ ਤੋਂ। ਇਹ ਸੁਣਕੇ ਗੁਰੂ ਜੀ ਮੁਸਕਰਾਏ ਤੇ ਕਿਹਾ ਤੇਰੀ ਮਰਜੀ ਜਿਦਰੋ-ਮਰਜੀ ਸ਼ੁਰੂ ਕਰ ਲੈ ਤੇ ਜਦੋਂ ਮੁਰਦੇ ਤੋਂ ਕੱਪੜਾ ਚੁੱਕਿਆ ਤਾਂ ਮੁਰਦੇ ਦੀ ਜਗਾ ਤੇ ਗਰਮ-ਗਰਮ ਕੜਾਹ ਪ੍ਰਸ਼ਾਦ ਦੀ ਦੇਗ ਸੀ। ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਉਸ ਵਕਤ ਗੁਰਗੱਦੀ ਸੌਂਪ ਦਿੱਤੀ ਤੇ ਕਿਹਾ ਤੁਸੀਂ ਗੁਰੂ ਦੀ ਰਜ਼ਾ ‘ਚ ਰਹਿਣਾ ਤੇ ਹੁਕਮ ਮੰਨਣਾ, ਦੁੱਨੀਆਂ ਯਾਦ ਰੱਖੇਗੀ ਤੇ ਅੱਜ ਤੋਂ ਤੁਸੀਂ ਗੁਰਗੱਦੀ ‘ਤੇ ਬੈਠੋਗੇ ਅਤੇ ਅਸੀਂ ਤੁਹਾਡੀ ਸੇਵਾ ‘ਚ। ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਮੱਥਾ ਟੇਕਿਆ ਤੇ ਉਨ੍ਹਾਂ ਦਾ ਨਾਂ ਭਾਈ ਲਹਿਣਾ ਤੋਂ ਗੂਰੂ ਅੰਗਦ ਦੇਵ ਜੀ ਰੱਖਿਆ। ਸ੍ਰੀ ਅੰਗਦ ਦੇਵ ਜੀ ਨੇ ਗੁਰਮੁੱਖੀ ਲਿੱਪੀ (35 ਅੱਖਰੀ) ਉਚਾਰੀ ਤੇ ਗੁਰੂ ਨਾਨਕ ਦੇਵ ਜੀ ਦੀ ਚਲਾਈ ਹੋਈ ਲੰਗਰ ਪ੍ਰਥਾ ਨੂੰ ਅੱਗੇ ਤੋਰਿਆ।ਗੁਰੂ ਅੰਗਦ ਦੇਵ ਜੀ ਦੇ 63 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਦਰਜ ਹਨ। ਆਸਾ ਦੀ ਵਾਰ ਦੇ ਪਾਠ ‘ਚ ਗੁਰੂ ਸਾਹਿਬ ਦੇ 33 ਸਲੋਕ ਦਰਜ ਹਨ। ਸ੍ਰੀ ਗੁਰੂ ਅੰਗਦ ਦੇਵ ਜੀ 1552 ਈ. ‘ਚ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਸੌਂਪ ਕੇ ਜੋਤੀ ਜੋਤ ਸਮਾਂ ਗਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h