ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜੀਵਨ ਤੇ ਸ਼ਹਾਦਤ ਦਾ ਵਿਲੱਖਣ ਵਰਤਾਰਾ ਪਿਛਲੀਆਂ ਤਿੰਨ ਸਦੀਆਂ ਦੌਰਾਨ ਹਰ ਦੌਰ ‘ਚ ਸਿੱਖਾਂ ਅੰਦਰ ਨਵੀਂ ਰੂਹ ਫੂਕਣ ਦਾ ਸਬੱਬ ਬਣਦਾ ਆ ਰਿਹਾ ਹੈ । ਹਰ ਸਿੱਖ ਦਿਨ ਵਿਚ ਦੋ ਵੇਲੇ ਅਰਦਾਸ ਕਰਦਾ ਹੋਇਆ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ “ਖੋਪੜੀਆਂ ਲੁਹਾਈਆ, ਚਰਖੜੀਆਂ ‘ਤੇ ਚੜ੍ਹੇ” ਅਤੇ “ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ” ਦੇ ਰੂਪ ਵਿਚ ਯਾਦ ਕਰਦਾ ਹੈ । ਅੱਜ ਤੋਂ ਠੀਕ 300 ਸਾਲ ਪਹਿਲਾਂ ਸੰਨ 1720 ਵਿਚ ਲਾਹੌਰ (ਅੱਜਕੱਲ ਤਰਨਤਾਰਨ) ਜ਼ਿਲੇ ਦੇ ਪਿੰਡ ਪੂਹਲਾ ਵਿਚ ਜਨਮੇ ਭਾਈ ਤਾਰੂ ਸਿੰਘ ਦਾ ਪਰਿਵਾਰ ਸਿੱਖੀ ਲਈ ਜੂਝ ਮਰਨ ਦਾ ਜਜ਼ਬਾ ਰੱਖਦਾ ਸੀ।
ਪੂਲਾ ਨਾਮ ਗ੍ਰਾਮ ਅਹਿ ਨਿਕਟ ਭੜਾਣੈ ਬਹਿ, ਮਾਝੇ ਦੇਸ ਮੈ ਲਖਾਹਿ ਸਭ ਕੋ ਸੁਹਾਵਤੋ।
ਭਗਤ ਕਬੀਰ ਕੈਸੋ ਧੰਨੇ ਨੇ ਸਰਬੇ ਸਰੀਰ, ਤਾਰੂ ਸਿੰਘ ਨਾਮ ਮਮ ਭਗਤੀ ਕਮਾਵਤੋ॥
ਜਤੀ ਸਤੀ ਹਠੀ ਤਪੀ ਸੂਰਬੀਰ ਧੀਰ ਬਰ, ਪਰ ਉਪਕਾਰੀ ਭਾਰੀ ਜਗ ਜਪ ਗਾਵਤੋ।
ਖੇਤੀ ਕਰਾਵਾਣੈ ਕ੍ਰਿਤ ਧਰਮ ਕੀ ਛਕੇ ਛਕਾਵੈ, ਧਰਮ ਕਰਾਵੈ ਆਪ ਕਰਤ ਰਹਾ ਭਤੋ।
ਨਗਰ ਦੀ ਰਵਾਇਤ ਮੂਜਬ ਭਾਈ ਤਾਰੂ ਸਿੰਘ ਜੀ ਦੇ ਪਿਤਾ ਸਰਦਾਰ ਜੋਧ ਸਿੰਘ ਜੀ ਨੇ ਵੀ ਜੰਗ ਵਿਚ ਜੂਝ ਕੇ ਸ਼ਹੀਦੀ ਪ੍ਰਾਪਤ ਕੀਤੀ ਸੀ । ਸੰਨ 1716 ‘ਚ ਬਾਬਾ ਬੰਦਾ ਸਿੰਘ ਬਹਾਦਰ ਦਾ ਸਿੱਖ ਰਾਜ ਖਤਮ ਹੋਣ ਪਿਛੋਂ ਸਿੱਖਾਂ ਖਿਲਾਫ ਹਕੂਮਤੀ ਜਬਰ ਦੀ ਅੱਤ ਹੋ ਗਈ। ਸਿੱਖਾਂ ਦੇ ਪੱਕੇ ਵਸੇਬੇ ਛੰਭਾਂ ’ਤੇ ਜੰਗਲ ਹੋ ਗਏ। ਜਕਰੀਆ ਖਾਂ, ਨਾਜਮ ਲਾਹੌਰ ਨੇ ਸਿੱਖੀ ਦੇ ਮੁਕੰਮਲ ਖਾਤਮੇ ਲਈ ਆਪਣੇ ਮੁਖਬਰ ਕਾਇਮ ਕੀਤੇ, ਜੋ ਸਿੱਖਾਂ ਬਾਰੇ ਪਲ-ਪਲ ਦੀ ਖਬਰ ਸਰਕਾਰ ਨੂੰ ਦਿੰਦੇ ਸਨ। ਪਿਤਾ ਜੀ ਦੀ ਸ਼ਹੀਦੀ ਪਿਛੋਂ ਭਾਈ ਤਾਰੂ ਸਿੰਘ ਜੀ, ਵੱਡੀ ਭੈਣ ਬੀਬੀ ਤਾਰੋ ਤੇ ਮਾਤਾ ਜੀ ਪਿੰਡ ‘ਚ ਹੀ ਆਪਣੀ ਜ਼ਮੀਨ ‘ਚ ਵਾਹੀ ਕਰਕੇ ਆਉਣ ਜਾਣ ਵਾਲਿਆਂ ਦੀ ਪ੍ਰਸ਼ਾਦੇ-ਪਾਣੀ ਨਾਲ ਸੇਵਾ ਕਰਦਿਆਂ ਜੀਵਨ ਨਿਰਬਾਹ ਕਰ ਰਹੇ ਸਨ।
ਰਾਹੇ ਬਗਾਹੇ ਜੰਗਲ ਬੇਲੇ ‘ਚੋਂ ਸਿੰਘ ਆਉਂਦੇ ਤੇ ਭਾਈ ਤਾਰੂ ਸਿੰਘ ਉਨ੍ਹਾਂ ਦੀ ਸੇਵਾ ਕਰਕੇ ਅਤਿ ਪ੍ਰਸੰਨ ਹੁੰਦੇ । ਉਂਝ ਆਪ ਜੀ ਦੇ ਘਰ ਦੇ ਦਰਵਾਜ਼ੇ ਹਰ ਲੋੜਵੰਦ , ਗਰੀਬ ਗੁਰਬੇ ਲਈ ਖੁੱਲ੍ਹੇ ਹੀ ਰਹਿੰਦੇ । ਇਨ੍ਹਾਂ ਦਿਨ੍ਹਾਂ ਵਿਚ ਲਾਹੌਰ ਤੋਂ ਪੱਟੀ ਨੂੰ ਵਾਪਸ ਮੁੜਦਿਆਂ ਰਹੀਮ ਬਖਸ਼ ਮਾਸ਼ੀ ਨਾਂ ਦੇ ਇਕ ਬਜ਼ੁਰਗ ਨੂੰ ਪਿੰਡ ਪੂਹਲੇ ਕੋਲ ਰਾਤ ਪੈ ਗਈ । ਉਹ ਰਾਤ ਕੱਟਣ ਲਈ ਭਾਈ ਤਾਰੂ ਸਿੰਘ ਦੇ ਘਰੇ ਰੁਕਿਆ। ਸਿੰਘ ਨੇ ਮੁਸਲਮਾਨ ਜੋੜੇ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਤੇ ਡੂੰਘੀ ਉਦਾਸੀ ਦਾ ਕਾਰਨ ਪੁੱਛਿਆ? ਰਹੀਮ ਬਖਸ਼ ਨੇ ਦੱਸਿਆ ਕਿ ਪੱਟੀ ਦੇ ਫੌਜਦਾਰ ਨੇ ਉਸ ਦੀ ਧੀ ਸਲਮਾਂ ਨੂੰ ਜਬਰੀ ਅਗਵਾ ਕਰ ਲਿਆ ਹੈ ਤੇ ਨਿਕਾਹ ਕਰਨਾ ਚਾਹੁੰਦਾ ਹੈ ਪਰ ਉਸਦੀ ਧੀ ਉਸ ਅੱਯਾਸ ਨਾਲ ਵਿਆਹ ਕਰਵਾਉਣ ਤੋਂ ਇਨਕਾਰੀ ਹੈ।
ਉਹ ਲਾਹੌਰ ਜਕਰੀਆਂ ਖਾਂ ਕੋਲ ਸ਼ਿਕਾਇਤ ਲੈ ਕੇ ਗਿਆ ਸੀ ਪਰ ਉਥੇ ਵੀ ਸੁਣਵਾਈ ਨਹੀਂ ਹੋਈ। ਹੁਣ ਕਿਸੇ ਦੇ ਦੱਸ ਪਾਉਣ ‘ਤੇ ਉਹ ਸਿੱਖਾਂ ਦੀ ਭਾਲ ਵਿਚ ਹੈ, ਜੋ ਉਸ ਦੀ ਧੀ ਨੂੰ ਜ਼ਾਲਮ ਕੋਲੋਂ ਛੁਡਵਾ ਸਕਣ। ਭਾਈ ਤਾਰੂ ਸਿੰਘ ਨੇ ਬਜ਼ੁਰਗ ਨੂੰ ਹੌਸਲਾ ਰੱਖਣ ਦੀ ਤਾਕੀਦ ਕੀਤੀ। ਉਸੇ ਰਾਤ ਝਿੜੀ ਵਿਚੋਂ 10 ਕੁ ਸਿੰਘ ਨਿਕਲ ਕੇ ਭਾਈ ਤਾਰੂ ਸਿੰਘ ਕੋਲੋਂ ਲੰਗਰ ਛਕਣ ਆ ਗਏ, ਰਹੀਮ ਬਖਸ਼ ਨੇ ਸਾਰੀ ਵਿਥਿਆ ਉਨ੍ਹਾਂ ਨੂੰ ਦੱਸੀ। ਉਸੇ ਰਾਤ ਪੱਟੀ ਦੇ ਫੌਜਦਾਰ ਨੂੰ ਸੁੱਤਿਆਂ ਦਬੋਚਣ ਦਾ ਫੈਸਲਾ ਹੋਇਆ। ਸਿੰਘਾਂ ਨੇ ਰਾਤ ਪੱਟੀ ‘ਤੇ ਹੱਲਾ ਬੋਲ ਕੇ ਸਲਮਾਂ ਨੂੰ ਆਜ਼ਾਦ ਕਰਵਾ ਕੇ ਰਹੀਮ ਬਖਸ਼ ਦੇ ਸਪੁਰਦ ਕੀਤਾ।
ਜਕਰੀਆ ਖਾਂ ਇਸ ਘਟਨਾ ਬਾਰੇ ਜਾਣ ਕੇ ਬਹੁਤ ਕ੍ਰੋਧਿਤ ਹੋਇਆ ਤੇ ਆਪਣੇ ਪਾਲੇ ਹੋਏ ਮੁਖਬਰਾਂ ਨੂੰ ਇਸ ਵਕੂਏ ‘ਚ ਸ਼ਾਮਲ ਸਿੱਖਾਂ ਬਾਰੇ ਸੂਹ ਦੇਣ ਲਈ ਕਿਹਾ। ਸਰਕਾਰ ਦੇ ਪਰਲੇ ਦਰਜੇ ਦੇ ਵਫਾਦਾਰ ਚੌਧਰੀਆਂ ਅਤੇ ਮੁਖਬਰਾਂ ਵਿਚੋਂ ਸਭ ਤੋਂ ਨਿਰਦਈ ਜੰਡਿਆਲੇ ਦਾ ਹਰਭਗਤ ਨਿਰੰਜਨੀਆਂ ਸੀ। ਭਾਵੇਂ ਪਿੰਡ ਪੂਹਲਾ ਇਸਦੀ ਚੌਧਰ ਥੱਲੇ ਨਹੀਂ ਸੀ ਪਰ ਉਹ ਭਾਈ ਤਾਰੂ ਸਿੰਘ ਦੀ ਵਡਿਆਈ ਜਾਣ ਕੇ ਉਸ ਤੋਂ ਖਾਰ ਖਾਂਦਾ ਸੀ। ਹਰਭਗਤ ਨਿਰੰਜਨੀਏ ਨੇ ਭਾਈ ਤਾਰੂ ਸਿੰਘ ਦੀ ਮੁਖਬਰੀ ਜਕਰੀਆ ਖਾਂ ਕੋਲ ਜਾ ਕੀਤੀ। ਲਾਹੌਰ ਤੋਂ ਚੜ੍ਹੀਆਂ ਫੌਜਾਂ ਨੇ ਭਾਈ ਤਾਰੂ ਸਿੰਘ ਤੇ ਭੈਣ ਬੀਬੀ ਤਾਰੋ ਨੂੰ ਗ੍ਰਿਫਤਾਰ ਕਰ ਲਿਆ।
ਪਿੰਡ ਵਾਸੀਆਂ ਨੇ ਭੈਣ ਤਾਰੋ ਨੂੰ ਹਰਜਾਨਾ ਭਰ ਕੇ ਛੁਡਵਾ ਲਿਆ ਪਰ ਭਾਈ ਸਾਹਿਬ ਨੂੰ ਜਕਰੀਆ ਖਾਂ ਕੋਲ ਪੇਸ਼ ਕੀਤਾ ਗਿਆ। ਜਕਰੀਆ ਖਾਂ ਨੇ ਭਾਈ ਤਾਰੂ ਸਿੰਘ ਨੂੰ ਸਿਰ ਦੇ ਵਾਲ ਕਟਾ ਕੇ ਮੁਸਲਮਾਨ ਬਣ ਜਾਣ ਬਖਸ਼ਾਉਣ ਦੀ ਤਜਵੀਜ਼ ਦਿੱਤੀ ਪਰ ਭਾਈ ਤਾਰੂ ਸਿੰਘ ਨੇ ਪੁੱਛਿਆ ਕਿ ਕੀ ਮੁਸਲਮਾਨ ਬਣਨ ਨਾਲ ਮੌਤ ਨਹੀਂ ਆਵੇਗੀ? ਭਾਈ ਤਾਰੂ ਸਿੰਘ ਨੇ ਕੇਸਾਂ ਸੰਗ ਦੁਨੀਆ ਤੋਂ ਰੁਖਸਤ ਹੋਣ ਦੀ ਗੱਲ ਕਹੀ। ਤੈਸ਼ ਵਿਚ ਆ ਕੇ ਜਕਰੀਆ ਖਾਂ ਨੇ ਕਿਹਾ ਕਿ “ਮੈਂ ਤੇਰੇ ਕੇਸ ਜੁੱਤੀਆਂ ਮਾਰ-ਮਾਰ ਕੇ ਉਖਾੜ ਦਿਆਂਗਾ।
ਪੰਥ ਪ੍ਰਕਾਸ਼ ਦਾ ਕਰਤਾ ਲਿਖਦਾ ਹੈ :
ਜਿਮ ਜਿਮ ਸਿੰਘਨ ਤੁਰਕ ਸਤਾਵੈ। ਤਿਮ ਤਿਮ ਮੁਖ ਸਿੰਘ ਲਾਲੀ ਆਵੈ।
ਭਾਈ ਤਾਰੂ ਸਿੰਘ ਨੇ ਵਚਨ ਕੀਤਾ ਕਿ ਅਸੀਂ ਤੈਨੂੰ ਜੁੱਤੀ ਦੇ ਅੱਗੇ ਲਾ ਕੇ ਲੈ ਕੇ ਜਾਵਾਂਗੇ। ਕ੍ਰੋਧ ‘ਚ ਅੰਨ੍ਹੇ ਹੋਏ ਜਕਰੀਆ ਖਾਨ ਨੇ ਨਾਈ ਮੰਗਵਾਇਆ ਤੇ ਭਾਈ ਤਾਰੂ ਸਿੰਘ ਦੇ ਕੇਸ ਕਤਲ ਦਾ ਹੁਕਮ ਦਿੱਤਾ। ਰਵਾਇਤ ਮੁਤਾਬਕ ਭਾਈ ਤਾਰੂ ਸਿੰਘ ਜੀ ਦੇ ਕੇਸ ਲੋਹੇ ਦੀਆਂ ਤਾਰਾਂ ਬਣ ਗਏ ਤੇ ਨਾਈ ਵਲੋਂ ਕੋਸ਼ਿਸ ਕਰਨ ‘ਤੇ ਵੀ ਨਾ ਕੱਟੇ ਗਏ। ਇਸ ਪਿਛੋਂ ਖਾਨ ਨੇ ਰੰਬੀ ਨਾਲ ਖੋਪੜੀ ਲਾਹੁਣ ਦਾ ਹੁਕਮ ਦਿੱਤਾ। ਅਜੋਕੇ ਇਤਿਹਾਸਕਾਰਾਂ ਦਾ ਮਤ ਹੈ ਕਿ ਭਾਈ ਤਾਰੂ ਸਿੰਘ ਨੇ ਜਕਰੀਆ ਨੂੰ ਲਲਕਾਰ ਕੇ ਆਖਿਆ ਕਿ ਮੇਰੀ ਖੋਪੜੀ ਲਾਹ ਦੇ ਪਰ ਕੇਸ ਨਾ ਕੱਟੀਂ। ਜਕਰੀਆ ਖਾਂ ਨੂੰ ਯਕੀਨ ਸੀ ਕਿ ਰੰਬੀ ਨਾਲ ਖੋਪੜੀ ਲਾਹੁਣ ‘ਤੇ ਭਾਈ ਤਾਰੂ ਸਿੰਘ ਤੜਫੇਗਾ ਤੇ ਜਾਨ ਬਖਸ਼ੀ ਲਈ ਗਿੜਗੜਾਏਗਾ ਪਰ ਭਾਈ ਜੀ ਨੇ ਕਿਹਾ ਮੈਂ ਕੋਈ ਭੇਡ ਬੱਕਰੀ ਨਹੀਂ, ਗੁਰੂ ਦਾ ਸਿੱਖ ਹਾਂ। ਆਪ ਜੀ ਚੌਕੜਾ ਲਾ ਕਰ ਬੈਠ ਗਏ ਤੇ ਜਲਾਦ ਨੇ ਰੰਬੀ ਨਾਲ ਖੋਪਰ ਲਾਹੁਣਾ ਸ਼ੂਰੂ ਕੀਤਾ।
ਪੰਥ ਪਰਕਾਸ਼ ‘ਚ ਦਰਜ ਹੈ :
ਤਬ ਸਿੰਘ ਜੀ ਬਹੁ ਭਲੀ ਮਨਾਈ
ਸਾਥ ਕੇਸਨ ਕੇ ਖੋਪਰੀ ਜਾਈ
ਤੋ ਭੀ ਹਮਰੋ ਬਚਨ ਰਹਾਈ
ਸਿੱਖੀ ਕੀ ਗੁਰ ਪੈਜ ਰਖਾਈ ।।